ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਨੂੰ ਮਾਣ-ਸਨਮਾਨ ਦੇਣ ਅਤੇ ਉਨ੍ਹਾਂ ਦੀ ਭਲਾਈ ਹਿੱਤ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਹੀ ਪੰਜਾਬ ਸਰਕਾਰ ਵੱਲੋਂ ‘ਸਾਡੇ ਬਜ਼ੁਰਗ, ਸਾਡਾ ਮਾਣ’ ਮੁਹਿੰਮ ਸ਼ੁਰੂ ਕੀਤੀ ਗਈ ਹੈ ਤੇ ਅੱਜ ਫਾਜ਼ਿਲਕਾ ਦੇ ਐਮ. ਆਰ. ਕਾਲਜ ਵਿਖ਼ੇ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਅਤੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਫਾਜ਼ਿਲਕਾ ਵੱਲੋਂ ਬਜ਼ੁਰਗਾਂ ਦੇ ਸਨਮਾਨ ਲਈ ਇੱਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਐੱਸ.ਡੀ.ਐੱਮ. ਫਾਜ਼ਿਲਕਾ ਜੁਗਰਾਜ ਸਿੰਘ ਕਾਹਲੋ ਅਤੇ ਵਿਧਾਇਕ ਨਰਿੰਦਰਪਾਲ ਸਿੰਘ ਦੀ ਧਰਮਪਤਨੀ ਅਤੇ ਖੁਸ਼ੀ ਫਾਊਂਡੇਸ਼ਨ ਦੀ ਚੇਅਰਪਰਸ਼ਨ ਮੈਡਮ ਖੁਸ਼ਬੂ ਸਾਵਨਸੁੱਖਾ ਸਵਨਾ ਨੇ ਸ਼ਿਰਕਤ ਕੀਤੀ।
ਇਸ ਮੌਕੇ ਬੋਲਦਿਆਂ ਐੱਸ.ਡੀ.ਐੱਮ ਜੁਗਰਾਜ ਸਿੰਘ ਨੇ ਕਿਹਾ ਕਿ ਬਜ਼ੁਰਗਾਂ ਅਤੇ ਨੌਜਵਾਨਾਂ ਦਾ ਆਪਸੀ ਤਾਲਮੇਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਾਨੂੰ ਆਪਣੇ ਬਜ਼ੁਰਗਾਂ ਤੋਂ ਸਾਡੀ ਪੀੜ੍ਹੀ ਅਤੇ ਹੋਰ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ ਉਸੇ ਤਰ੍ਹਾਂ ਹੀ ਅੱਜ ਦੇ ਆਧੁਨਿਕ ਯੁੱਗ ਬਾਰੇ ਸਾਡੇ ਬਜ਼ੁਰਗਾਂ ਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ ਸੋ ਇਸ ਲਈ ਦੋਵਾਂ ਦੀ ਆਪਸੀ ਸਾਂਝ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਡੇ ਬਜ਼ੁਰਗਾਂ ਨੇ ਹੀ ਸਾਡੇ ਪਰਿਵਾਰਾਂ ਨੂੰ ਬੰਨ੍ਹ ਕੇ ਰੱਖਿਆ ਹੋਇਆ ਸੀ। ਅਜੌਕੇ ਸਮੇਂ ਵਿੱਚ ਜਿਹੜੇ ਆਪਣੇ ਬਜ਼ੁਰਗਾਂ ਦਾ ਮਾਨ ਸਤਿਕਾਰ ਨਹੀਂ ਕਰਦੇ, ਉਨ੍ਹਾਂ ਦੇ ਪਰਿਵਾਰ ਬਿਖਰ ਰਹੇ ਹਨ। ਇਸ ਲਈ ਸਾਨੂੰ ਬਜ਼ੁਰਗਾਂ ਦੀ ਸਾਂਭ-ਸੰਭਾਲ ਅਤੇ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗ ਘਰਾਂ ਦੇ ਜਿੰਦਰੇ ਹੁੰਦੇ ਹਨ ਤੇ ਉਨ੍ਹਾਂ ਦੇ ਰਹਿੰਦੇ ਘਰ ਵਿੱਚ ਕਿਸੇ ਨੂੰ ਕੋਈ ਫਿਕਰ ਨਹੀਂ ਹੁੰਦਾ। ਸੋ ਬਜ਼ੁਰਗਾਂ ਦੀ ਭਲਾਈ ਵਿੱਚ ਹੀ ਸਾਡੇ ਸਮਾਜ ਦੀ ਭਲਾਈ ਹੈ।
ਵਿਧਾਇਕ ਸਵਨਾ ਦੀ ਧਰਮਪਤਨੀ ਮੈਡਮ ਖੁਸ਼ਬੂ ਸਾਵਨਸੁੱਖਾ ਸਵਨਾ ਨੇ ਕਿਹਾ ਕਿ ਬਜ਼ੁਰਗਾਂ ਦੀ ਭਲਾਈ ਲਈ ਸ਼ੁਰੂ ’’ਸਾਡੇ ਬਜ਼ੁਰਗ ਸਾਡਾ ਮਾਣ” ਮੁਹਿੰਮ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਮੁੱਢਲੇ ਸੰਸਕਾਰ ਆਪਣੇ ਮਾਤਾ ਪਿਤਾ ਤੋਂ ਪ੍ਰਾਪਤ ਹੁੰਦੇ ਹਨ ਤੇ ਉਦੋਂ ਬੱਚਿਆਂ ਨੂੰ ਬਜ਼ੁਰਗਾਂ ਦਾ ਸਤਿਕਾਰ ਕਰਨਾ ਸਿਖਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗ ਸਾਡੀ ਸੱਭਿਅਤਾ ਦੇ ਚਾਨਣ ਮੁਨਾਰੇ ਹਨ, ਜਿਨ੍ਹਾਂ ਤੋਂ ਸੇਧ ਲੈ ਕੇ ਅਗਲੀ ਪੀੜ੍ਹੀ ਨੇ ਮੰਜ਼ਿਲਾਂ ਤੈਅ ਕਰਨੀਆਂ ਹਨ। ਜਿਹੜੀ ਪੀੜ੍ਹੀ ਆਪਣੇ ਬਜੁਰਗਾਂ ਦਾ ਸਨਮਾਨ ਨਹੀਂ ਕਰਦੀ ਅਤੇ ਉਨ੍ਹਾਂ ਤੋਂ ਸੇਧ ਨਹੀਂ ਲੈਂਦੀ ਉਹ ਆਪਣੇ ਰਾਹ ਤੋਂ ਭਟਕ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅੱਜ ਜੇਕਰ ਅਸੀਂ ਆਪਣੇ ਬਜ਼ੁਰਗਾਂ ਦਾ ਸਨਮਾਨ ਕਰਾਂਗੇ ਤਾਂ ਸਾਡੇ ਬੱਚੇ ਸਾਡਾ ਸਨਮਾਨ ਕਰਨਗੇ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਅਫਸਰ ਨਵੀਨ ਗਡਵਾਲ ਨੇ ਕਿਹਾ ਕਿ ਇਹ ਪਹਿਲਕਦਮੀ ਪੰਜਾਬ ਦੀ ਬਜ਼ੁਰਗ ਆਬਾਦੀ ਦਾ ਸਨਮਾਨ ਅਤੇ ਸਹਾਇਤਾ ਕਰਨ ਪ੍ਰਤੀ ਸੂਬਾ ਸਰਕਾਰ ਦੀ ਲੋਕ-ਪੱਖੀ ਪਹੁੰਚ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ‘ਸਾਡੇ ਬਜ਼ੁਰਗ, ਸਾਡਾ ਮਾਣ’ ਹਨ ਤੇ ਇਨ੍ਹਾਂ ਦੀ ਭਲਾਈ ਹਿੱਤ ਤੇ ਸੰਭਾਲ ਕਰਨ ਲਈ ਹਰ ਸੰਭਵ ਯਤਨ ਕਰਨ ਲਈ ਅਸੀਂ ਵਚਨਬੱਧ ਹਾਂ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਸ਼ੁਰੂ ਕਰਨ ਦਾ ਮਕਸਦ ਹੈ ਕਿ ਅਸੀਂ ਬਜੁਰਗਾਂ ਨੂੰ ਉਚਿਤ ਮਾਨ ਸਨਮਾਨ ਦੇਣ ਦੇ ਨਾਲ-ਨਾਲ, ਸਿਹਤ ਅਤੇ ਹੋਰ ਸਮਾਜਿਕ ਸੁਰੱਖਿਆ ਸੇਵਾਵਾਂ ਪਹਿਲ ਦੇ ਆਧਾਰ ਤੇ ਉਪਲਬਧ ਕਰਵਾਈਏ।
ਪ੍ਰੋਗਰਾਮ ਦੌਰਾਨ ਅਬੋਹਰ ਤੋਂ ਝੂੰਮਰ ਦੇ ਬਾਦਸ਼ਾਹ ਬਾਬਾ ਤੋਖਰ ਦੀ ਪੀੜ੍ਹੀ ਵੱਲੋਂ ਝੂੰਮਰ ਦੀ ਸ਼ਾਨਦਾਰੀ ਪੇਸ਼ਕਾਰੀ ਨੇ ਬਜ਼ੁਰਗਾਂ ਤੇ ਵਿਦਿਆਰਥੀਆਂ ਦਾ ਮਨ ਮੋਹਿਆ। ਇਸ ਤੋਂ ਪਹਿਲਾ ਝੂੰਮਰ ਦੇ ਬਾਬਾ ਜਸਵੰਤ ਸਿੰਘ ਬਜ਼ੁਰਗਾਂ ਦੇ ਸਨਮਾਨ ਨੂੰ ਸਮਰਪਿਤ ਗੀਤ ਰਾਹੀਂ ਬਜ਼ੁਰਗਾਂ ਨੂੰ ਭਾਵੁਕ ਕੀਤਾ। ਇਸ ਦੌਰਾਨ ਕਾਲਜ ਦੇ ਵਿਦਿਆਰਥੀਆਂ ਵੱਲੋਂ ਮਮਿੱਕਰੀ, ਨਾਟਕ, ਲੋਕ ਗੀਤ ਅਤੇ ਕਵਿਤਾ ਆਦਿ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਕੀਤੀਆਂ ਗਈਆਂ। ਇਸ ਤੋਂ ਬਾਅਦ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਫਾਜ਼ਿਲਕਾ ਵੱਲੋਂ ਬਜ਼ੁਰਗਾਂ ਦਾ ਸਨਮਾਨ ਕੀਤਾ ਗਿਆ ਅਤੇ ਵਿਦਿਆਰਥੀਆਂ ਵੱਲੋਂ ਕੀਤੀਆਂ ਗਤੀਵਿਧੀਆਂ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਚੇਅਰਮੈਨ ਟ੍ਰੇਡ ਵਿੰਗ ਲਵਿਸ ਚਾਵਲਾ, ਪ੍ਰੋਫੈਸਰ ਗੁਰਮੰਦਿਰ ਕੌਰ, ਪ੍ਰੋਫੈਸਰ ਰੇਨੂੰ ਬਾਲਾ, ਇੰਚਾਰਜ ਯੂਥ ਫੈਸਟੀਵਲ ਤੇ ਸਭਿਆਚਾਰਕ ਗਤੀਵਿਧੀਆਂ ਕਮੇਟੀ, ਡਿਪਟੀ ਲੀਡ ਬੈਂਕ ਮੈਨੇਜਰ ਅਜੇ ਅਗਰਵਾਲ, ਰਿਟਾ.ਜ਼ਿਲ੍ਹਾ ਭਾਸ਼ਾ ਅਫਸਰ ਭੁਪਿੰਦਰ ਉਤਰੇਜਾ ਅਤੇ ਹੋਰ ਕਾਲਜ ਦਾ ਸਟਾਫ ਤੇ ਪਤਵੰਤੇ ਸੱਜਣ ਮੌਜੂਦ ਸਨ।