ਚੌਥਾ ਐਡੂਪਨਿਓਰ ਗੈਂਗਟੋਕ ਸੁਮਿਟ ਸਫਲਤਾਪੂਰਵਕ ਸੰਪੰਨ

ਆਪਣਾ ਪੰਜਾਬ ਫਾਊਂਡੇਸ਼ਨ ਅਤੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ (ਫੈਪ) ਵੱਲੋਂ ਹਰ ਸਾਲ ਦੇਸ਼ ਅਤੇ ਵਿਦੇਸ਼ ਵਿੱਚ ਕਰਵਾਏ ਜਾਂਦੇ ਐਡੂਪਨਿਓਰ ਸੁਮਿਟਾਂ ਦੀ ਲੜੀ ਤਹਿਤ ਇਸ ਸਾਲ ਚੌਥਾ ਐਡੂਪਨਿਓਰ ਸੁਮਿਟ ਸਿੱਕਿਮ ਦੀ ਰਾਜਧਾਨੀ ਗੈਂਗਟੋਕ ਵਿਖੇ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਸੰਮੇਲਨ ਵਿੱਚ ਪੰਜਾਬ ਤੋਂ ਲਗਭਗ ਡੈਲੀਗੇਟਸ ਦੇ ਵਫ਼ਦ ਨੇ ਭਾਗ ਲਿਆ।

ਆਪਣਾ ਪੰਜਾਬ ਫਾਊਂਡੇਸ਼ਨ ਦੇ ਡਾਇਰੈਕਟਰ ਸ. ਭੁਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਡੂਪਨਿਓਰ ਸੁਮਿਟ ਦੀ ਸ਼ੁਰੂਆਤ 2023 ਵਿੱਚ ਦੁਬਈ ਤੋਂ ਹੋਈ ਸੀ, ਜਿਸ ਤੋਂ ਬਾਅਦ 2024 ਵਿੱਚ ਵਿਅਤਨਾਮ ਅਤੇ 2025 ਵਿੱਚ ਮਲੇਸ਼ੀਆ ਵਿੱਚ ਇਹ ਸੰਮੇਲਨ ਆਯੋਜਿਤ ਕੀਤਾ ਗਿਆ। ਇਸ ਲੜੀ ਦਾ ਚੌਥਾ ਸੰਮੇਲਨ ਇਸ ਸਾਲ 8 ਜੂਨ ਨੂੰ ਗੈਂਗਟੋਕ ਵਿੱਚ ਕਰਵਾਇਆ ਗਿਆ।

ਸੰਮੇਲਨ ਵਿੱਚ ਸਿੱਕਿਮ ਦੇ ਪ੍ਰਸਿੱਧ ਸਿੱਖਿਆ ਪ੍ਰੇਮੀ ਅਤੇ ਵਿਧਾਇਕ ਸ਼੍ਰੀ ਡਿਲੇ ਨਾਮਗਿਆਲ ਬਾਰਫੰਗਪਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਸ਼੍ਰੀ ਸੋਨੀ ਵਿਰਦੀ, ਚੇਅਰਮੈਨ ਮਾਊਂਟ ਜ਼ਿਉਨ ਗWੱਪ ਆਫ ਸਕੂਲਜ਼, ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ।

ਫਾਊਂਡੇਸ਼ਨ ਦੇ ਬੁਲਾਰੇ ਸ. ਕਵਲਜੀਤ ਸਿੰਘ ਢੀਂਡਸਾ ਨੇ ਦੱਸਿਆ ਕਿ ਫੈਪ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਆਯੋਜਿਤ ਇਹ ਸੰਮੇਲਨ ਬਹੁਤ ਹੀ ਸਫਲ ਅਤੇ ਸਾਰਥਕ ਰਿਹਾ। ਸੰਮੇਲਨ ਦੌਰਾਨ ਮਾਤ—ਭਾਸ਼ਾ ਵਿੱਚ ਸਿੱਖਿਆ, ਸੱਭਿਆਚਾਰਕ ਵਿਰਾਸਤ ਦੇ ਸੰਰੱਖਣ ਅਤੇ ਨਵੀਂ ਸਿੱਖਿਆ ਨੀਤੀ ਦੇ ਪ੍ਰਸੰਗ ਵਿੱਚ ਭਾਸ਼ਾਵਾਂ ਦੀ ਭੂਮਿਕਾ ਉੱਤੇ ਵਿਸਤਰਿਤ ਵਿਚਾਰ—ਵਟਾਂਦਰਾ ਕੀਤਾ ਗਿਆ।

ਪੈਨਲ ਚਰਚਾ ਦੇ ਪਹਿਲੇ ਸੈਸ਼ਨ ਵਿੱਚ ਸ. ਭੁਪਿੰਦਰ ਸਿੰਘ, ਸ. ਕਵਲਜੀਤ ਸਿੰਘ ਢੀਂਡਸਾ, ਸ. ਸੁਖਜਿੰਦਰ ਸਿੰਘ ਅਤੇ ਮੈਡਮ ਗੁਰਵਿੰਦਰ ਕੌਰ ਨੇ ਆਪਣੇ ਵਿਚਾਰ ਸਾਂਝੇ ਕੀਤੇ। ਦੂਜੇ ਸੈਸ਼ਨ ਵਿੱਚ ਡਾ. ਹਰਵਿੰਦਰ ਸਿੰਘ ਧਾਲੀਵਾਲ, ਸ. ਸਿਮਰਨਦੀਪ ਸਿੰਘ ਧਾਲੀਵਾਲ, ਮੈਡਮ ਰਵਿੰਦਰ ਕੌਰ ਅਤੇ ਮੈਡਮ ਸ਼ੀਰੂ ਬੇਦੀ ਨੇ ਸਿੱਖਿਆ ਦੇ ਮੌਜੂਦਾ ਚੁਣੌਤੀਆਂ ਅਤੇ ਮਾਤ—ਭਾਸ਼ਾ ਦੀ ਮਹੱਤਤਾ ਬਾਰੇ ਵਿਚਾਰ ਪ੍ਰਗਟ ਕੀਤੇ।

ਸੰਮੇਲਨ ਦੀ ਸ਼ੁਰੂਆਤ ਦੌਰਾਨ ਸ. ਭੁਪਿੰਦਰ ਸਿੰਘ ਦੇਵੀਗੜ ਨੇ ਸਾਰੇ ਡੈਲੀਗੇਟਾਂ ਦਾ ਸਵਾਗਤ ਕੀਤਾ ਅਤੇ ਆਪਣਾ ਪੰਜਾਬ ਫਾਊਂਡੇਸ਼ਨ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।

ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਡਾ. ਜਗਜੀਤ ਸਿੰਘ ਧੂਰੀ ਨੇ ਕਿਹਾ ਕਿ ਸਿੱਕਿਮ ਤੋਂ ਸਿੱਖਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਇੱਥੋਂ ਦੇ ਲੋਕਾਂ ਨੇ ਪੰਜ ਦਫ਼ਤਰੀ ਭਾਸ਼ਾਵਾਂ ਵਿਚਕਾਰ ਸੰਤੁਲਨ ਬਣਾਈ ਰੱਖਿਆ ਹੈ। ਉਹਨਾਂ ਕਿਹਾ ਕਿ ਸਿੱਕਿਮ ਭਾਰਤ ਦਾ ਇਕਲੌਤਾ ਰਾਜ ਹੈ, ਜਿੱਥੇ ਪੰਜ ਭਾਸ਼ਾਵਾਂ ਨੂੰ ਦਫ਼ਤਰੀ ਭਾਸ਼ਾਵਾਂ ਦਾ ਦਰਜਾ ਪ੍ਰਾਪਤ ਹੈ। ਉਹਨਾਂ ਕਿਹਾ ਕਿ ਭਾਸ਼ਾਈ ਵਿਭਿੰਨਤਾ ਅਤੇ ਸੱਭਿਆਚਾਰਕ ਸਮਰਸਤਾ ਦੇ ਬਾਵਜੂਦ ਇਹ ਛੋਟਾ ਜਿਹਾ ਰਾਜ ਵਿਕਾਸ ਦੇ ਨਵੇਂ ਮਾਪਦੰਡ ਸਥਾਪਿਤ ਕਰ ਰਿਹਾ ਹੈ।

ਡਾ. ਧੂਰੀ ਨੇ ਸਿੱਕਿਮ ਦੇ ਲੋਕਾਂ ਦੀ ਵਾਤਾਵਰਣ ਪ੍ਰਤੀ ਜਾਗਰੂਕਤਾ ਦੀ ਵੀ ਭਰਪੂਰ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਇੱਥੋਂ ਦੇ ਲੋਕ ਕੁਦਰਤ ਨੂੰ ਆਪਣਾ ਸਭ ਤੋਂ ਵੱਡਾ ਧਰੋਹਰ ਮੰਨਦੇ ਹਨ ਅਤੇ ਪੂਰੇ ਰਾਜ ਵਿੱਚ ਸਫ਼ਾਈ ਅਤੇ ਵਾਤਾਵਰਣ ਸੰਭਾਲ ਪ੍ਰਤੀ ਵਿਸ਼ੇਸ਼ ਚੇਤਨਾ ਵੇਖਣ ਨੂੰ ਮਿਲਦੀ ਹੈ।

ਮੁੱਖ ਮਹਿਮਾਨ ਸ਼੍ਰੀ ਡਿਲੇ ਨਾਮਗਿਆਲ ਬਾਰਫੰਗਪਾ ਨੇ ਪੰਜਾਬ ਤੋਂ ਆਏ ਡੈਲੀਗੇਟਾਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਰਾਜਾਂ ਦਰਮਿਆਨ ਸਹਿਯੋਗ ਅਤੇ ਅਨੁਭਵਾਂ ਦਾ ਆਦਾਨ—ਪ੍ਰਦਾਨ ਸਮੇਂ ਦੀ ਲੋੜ ਹੈ। ਉਹਨਾਂ ਪੰਜਾਬ ਦੇ ਸਿੱਖਿਆਵਿਦਾਂ ਨੂੰ ਭਵਿੱਖ ਵਿੱਚ ਸਿੱਕਿਮ ਦੇ ਸਿੱਖਿਆ ਮੰਤਰੀ ਅਤੇ ਸਿੱਖਿਆ ਸੰਸਥਾਵਾਂ ਨਾਲ ਵਿਸਤਰਿਤ ਵਿਚਾਰ—ਵਟਾਂਦਰੇ ਲਈ ਦੁਬਾਰਾ ਆਉਣ ਦਾ ਸੱਦਾ ਵੀ ਦਿੱਤਾ।

ਸੰਮੇਲਨ ਦੇ ਅੰਤ ਵਿੱਚ ਸਾਰੇ ਡੈਲੀਗੇਟਾਂ ਨੇ ਇਹ ਸੰਕਲਪ ਲਿਆ ਕਿ ਉਹ ਵਿਦਿਆਰਥੀਆਂ ਨੂੰ ਆਪਣੀ ਮਾਤ—ਭਾਸ਼ਾ ਨਾਲ ਜੋੜਨ ਲਈ ਵਿਸ਼ੇਸ਼ ਯਤਨ ਕਰਨਗੇ ਅਤੇ ਆਪਣੀਆਂ ਸਿੱਖਿਆ ਸੰਸਥਾਵਾਂ ਵਿੱਚ ਅੰਗਰੇਜ਼ੀ ਦੇ ਨਾਲ—ਨਾਲ ਪੰਜਾਬੀ ਭਾਸ਼ਾ ਵਿੱਚ ਵੀ ਸਾਈਨ ਬੋਰਡ ਅਤੇ ਹੋਰ ਜਾਣਕਾਰੀ ਪ੍ਰਦਰਸ਼ਿਤ ਕਰਨ ਨੂੰ ਉਤਸ਼ਾਹਿਤ ਕਰਨਗੇ।

ਅੰਤ ਵਿੱਚ ਫੈਪ ਦੇ ਮੀਤ ਪ੍ਰਧਾਨ ਸ. ਸੁਖਜਿੰਦਰ ਸਿੰਘ ਨੇ ਸਾਰੇ ਮਹਿਮਾਨਾਂ, ਵਕਤਾਵਾਂ ਅਤੇ ਡੈਲੀਗੇਟਾਂ ਦਾ ਧੰਨਵਾਦ ਕਰਦਿਆਂ ਸੰਮੇਲਨ ਦੀ ਸਫਲਤਾ ਵਿੱਚ ਯੋਗਦਾਨ ਪਾਉਣ ਵਾਲਿਆਂ ਦਾ ਆਭਾਰ ਪ੍ਰਗਟ ਕੀਤਾ।

Leave a Reply

Your email address will not be published. Required fields are marked *