ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੇ ਇੱਕ ਹਫ਼ਤੇ ਦੇ ਅੰਦਰ ਇੱਕ ਹੋਰ ਕਾਰਵਾਈ ਵਿੱਚ, ਕਾਊਂਟਰ ਇੰਟੈਲੀਜੈਂਸ (ਸੀਆਈ) ਅੰਮ੍ਰਿਤਸਰ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 20 ਕਿਲੋ ਹੈਰੋਇਨ ਬਰਾਮਦ ਕਰਕੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇੱਕ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ, ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਬੁੱਧਵਾਰ ਨੂੰ ਇੱਥੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅੰਮ੍ਰਿਤਸਰ ਦੇ ਬਾਬਾ ਜੀਵਨ ਸਿੰਘ ਕਲੋਨੀ ਦੇ ਰਹਿਣ ਵਾਲੇ ਰੋਹਨ, ਅੰਮ੍ਰਿਤਸਰ ਦੇ ਪ੍ਰਤਾਪ ਬਾਜ਼ਾਰ ਦੇ ਰਹਿਣ ਵਾਲੇ ਦੀਪਕ ਬਖਸ਼ੀ, ਅੰਮ੍ਰਿਤਸਰ ਦੇ ਗੋਲਡਨ ਐਵੇਨਿਊ ਦੇ ਰਹਿਣ ਵਾਲੇ ਰਿਸ਼ਭ ਕੁਮਾਰ ਅਤੇ ਅੰਮ੍ਰਿਤਸਰ ਦੇ ਨਿਊ ਰਣਜੀਤ ਪੁਰਾ ਦੇ ਰਹਿਣ ਵਾਲੇ ਈਸ਼ਾਨ ਬੇਦੀ ਵਜੋਂ ਹੋਈ ਹੈ। ਹੈਰੋਇਨ ਦੀ ਵੱਡੀ ਖੇਪ ਜ਼ਬਤ ਕਰਨ ਤੋਂ ਇਲਾਵਾ, ਪੁਲਿਸ ਟੀਮਾਂ ਨੇ ਉਨ੍ਹਾਂ ਦੇ ਦੋ ਮੋਟਰਸਾਈਕਲਾਂ – ਕਾਲੇ ਰੰਗ ਦੇ ਸਪਲੈਂਡਰ (PB02-BT-3925) ਅਤੇ ਲਾਲ ਰੰਗ ਦੇ ਪੈਸ਼ਨ ਪ੍ਰੋ (PB02-CL-4487) – ਨੂੰ ਵੀ ਜ਼ਬਤ ਕਰ ਲਿਆ ਹੈ ਜੋ ਖੇਪ ਦੀ ਢੋਆ-ਢੁਆਈ ਲਈ ਵਰਤੇ ਜਾ ਰਹੇ ਸਨ।
ਇਸ ਤਾਜ਼ਾ ਜ਼ਬਤੀ ਦੇ ਨਾਲ, ਸੀਆਈ ਅੰਮ੍ਰਿਤਸਰ ਨੇ ਸਿਰਫ਼ ਇੱਕ ਹਫ਼ਤੇ ਵਿੱਚ ਹੈਰੋਇਨ ਦੀ ਕੁੱਲ ਬਰਾਮਦਗੀ ਨੂੰ ਸਫਲਤਾਪੂਰਵਕ 74 ਕਿਲੋਗ੍ਰਾਮ ਤੱਕ ਪਹੁੰਚਾ ਦਿੱਤਾ ਹੈ, ਜਿਸ ਤੋਂ ਪਹਿਲਾਂ 27 ਕਿਲੋ, 10 ਕਿਲੋ ਅਤੇ 17 ਕਿਲੋ ਹੈਰੋਇਨ ਦੀਆਂ ਖੇਪਾਂ ਬਰਾਮਦ ਕੀਤੀਆਂ ਗਈਆਂ ਸਨ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਮਾਡਿਊਲ ਦੁਬਈ ਸਥਿਤ ਇੱਕ ਨਸ਼ਾ ਤਸਕਰ ਵੱਲੋਂ ਆਪਣੇ ਪੰਜਾਬ ਸਥਿਤ ਸਾਥੀਆਂ ਅਤੇ ਵਿਦੇਸ਼ੀ ਤਸਕਰਾਂ ਨਾਲ ਤਾਲਮੇਲ ਕਰਕੇ ਚਲਾਇਆ ਜਾ ਰਿਹਾ ਸੀ।

ਉਨ੍ਹਾਂ ਕਿਹਾ ਕਿ ਸੀਆਈ ਅੰਮ੍ਰਿਤਸਰ ਦੀਆਂ ਟੀਮਾਂ ਨੂੰ ਇੱਕ ਖਾਸ ਜਾਣਕਾਰੀ ਮਿਲੀ ਸੀ ਕਿ ਦੁਬਈ ਸਥਿਤ ਤਸਕਰ ਦੇ ਕਾਰਕੁਨਾਂ ਨੇ ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਪਿੰਡ ਰਾਜਾਤਾਲ, ਜ਼ਿਲ੍ਹਾ ਤਰਨਤਾਰਨ ਤੋਂ ਡਰੋਨ ਰਾਹੀਂ ਭੇਜੀ ਗਈ ਹੈਰੋਇਨ ਦੀ ਇੱਕ ਵੱਡੀ ਖੇਪ ਪ੍ਰਾਪਤ ਕੀਤੀ ਹੈ ਅਤੇ ਉਹ ਅੰਮ੍ਰਿਤਸਰ ਦੇ ਸਤਲਾਣੀ ਸਾਹਿਬ ਗੁਰਦੁਆਰੇ ਦੇ ਦਾਣਾ ਮੰਡੀ ਦੇ ਨੇੜੇ ਦੇ ਖੇਤਰ ਵਿੱਚ ਕਿਸੇ ਹੋਰ ਧਿਰ ਨੂੰ ਖੇਪ ਪਹੁੰਚਾਉਣ ਲਈ ਆ ਰਹੇ ਹਨ। ਉਨ੍ਹਾਂ ਕਿਹਾ ਕਿ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਪੁਲਿਸ ਟੀਮ ਨੇ ਛਾਪਾ ਮਾਰਿਆ ਅਤੇ ਇਲਾਕੇ ਵਿੱਚੋਂ ਰੋਹਨ, ਦੀਪਕ ਬਖਸ਼ੀ, ਰਿਸ਼ਭ ਅਤੇ ਈਸ਼ਾਨ ਬੇਦੀ ਵਜੋਂ ਜਾਣੇ ਜਾਂਦੇ ਚਾਰ ਵਿਅਕਤੀਆਂ ਨੂੰ ਰੋਕਿਆ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 20 ਕਿਲੋ ਹੈਰੋਇਨ ਬਰਾਮਦ ਕੀਤੀ।
ਡੀਜੀਪੀ ਨੇ ਕਿਹਾ ਕਿ ਪੂਰੇ ਨੈੱਟਵਰਕ ਅਤੇ ਇਸਦੇ ਪਿਛਲੇ ਅਤੇ ਅੱਗੇ ਦੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।
ਇਸ ਸਬੰਧ ਵਿੱਚ, ਐਨਡੀਪੀਐਸ ਐਕਟ ਦੀਆਂ ਧਾਰਾਵਾਂ 21, 25 ਅਤੇ 29 ਤਹਿਤ ਪੁਲਿਸ ਸਟੇਸ਼ਨ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਅੰਮ੍ਰਿਤਸਰ ਵਿਖੇ ਇੱਕ ਮਾਮਲਾ ਐਫਆਈਆਰ ਨੰਬਰ 61 ਮਿਤੀ 23-09-2026 ਦਰਜ ਕੀਤਾ ਗਿਆ ਹੈ।
ਡੱਬਾ: ਚੌਥੀ ਵੱਡੀ ਰਿਕਵਰੀ
• 16 ਸਤੰਬਰ, 2026: ਚਾਰ ਨੂੰ 27 ਕਿਲੋਗ੍ਰਾਮ ਹੈਰੋਇਨ ਅਤੇ ਇੱਕ ਆਧੁਨਿਕ ਵਿਦੇਸ਼ੀ .30 ਬੋਰ PX5 ਪਿਸਤੌਲ ਅਤੇ ਤਿੰਨ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ।
* 18 ਸਤੰਬਰ, 2026: 10 ਕਿਲੋ ਹੈਰੋਇਨ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ
* 19 ਸਤੰਬਰ, 2026: 17 ਕਿਲੋ ਹੈਰੋਇਨ ਸਮੇਤ ਤਿੰਨ ਗ੍ਰਿਫ਼ਤਾਰ
* 23 ਸਤੰਬਰ, 2026: 20 ਕਿਲੋ ਹੈਰੋਇਨ ਸਮੇਤ ਚਾਰ ਗ੍ਰਿਫ਼ਤਾਰ