-“ਮੇਰੀ ਪੰਜਾਬੀ—ਮੇਰਾ ਮਾਣ” ਮੁਹਿੰਮ ਦੀ ਵੀ ਹੋਵੇਗੀ ਸ਼ੁਰੂਆਤ
ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਵਿਸ਼ਵ ਪੰਜਾਬੀ ਦਿਵਸ ਇਸ ਵਰ੍ਹੇ 23 ਸਤੰਬਰ 2026 ਨੂੰ ਪੰਜਾਬ ਕਲਾ ਪਰਿਸ਼ਦ, ਸੈਕਟਰ 16—ਬੀ, ਚੰਡੀਗੜ੍ਹ ਵਿਖੇ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਵਿਸ਼ੇਸ਼ ਸਮਾਗਮ ਦੁਪਹਿਰ 3:00 ਵਜੇ ਤੋਂ ਸ਼ਾਮ 6:00 ਵਜੇ ਤੱਕ ਹੋਵੇਗਾ। ਪੰਜਾਬ ਕਲਾ ਪਰਿਸ਼ਦ ਇਸ ਸਮਾਗਮ ਦੀ ਸਹਿਯੋਗੀ ਸੰਸਥਾ ਰਹੇਗੀ। ਸਮਾਗਮ ਵਿੱਚ ਪੰਜਾਬ ਭਰ ਤੋਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਪਿਆਰ ਕਰਨ ਵਾਲੀਆਂ ਸ਼ਖ਼ਸੀਅਤਾਂ ਅਤੇ ਪੰਜਾਬੀ ਹਿਤੈਸ਼ੀ ਸ਼ਿਰਕਤ ਕਰਨਗੇ।
ਫਾਊਂਡੇਸ਼ਨ ਦੇ ਫਾਊਂਡਰ ਅਤੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਦੱਸਿਆ ਕਿ 23 ਸਤੰਬਰ ਨੂੰ ਵਿਸ਼ਵ ਪੰਜਾਬੀ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ 2025 ਵਿੱਚ ਲਿਆ ਗਿਆ ਸੀ। ਇਸ ਉਪਰਾਲੇ ਦਾ ਪਹਿਲਾ ਸਮਾਗਮ 23 ਸਤੰਬਰ 2025 ਨੂੰ ਪਟਿਆਲਾ ਦੇ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ਕਰਵਾਇਆ ਗਿਆ ਸੀ, ਜਿਸ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਪ੍ਰੇਮੀਆਂ, ਵਿਦਵਾਨਾਂ ਅਤੇ ਸਿੱਖਿਆ ਖੇਤਰ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਭਾਗ ਲਿਆ। ਫਾਊਂਡੇਸ਼ਨ ਵੱਲੋਂ ਇਸ ਦਿਨ ਨੂੰ ਵਿਸ਼ਵ ਭਰ ਵਿੱਚ ਪੰਜਾਬੀ ਭਾਸ਼ਾ ਦੇ ਪ੍ਰਚਾਰ—ਪ੍ਰਸਾਰ ਅਤੇ ਪੰਜਾਬੀ ਨਾਲ ਜੁੜਨ ਦੇ ਦਿਹਾੜੇ ਵਜੋਂ ਮਨਾਉਣ ਦੀ ਅਪੀਲ ਕੀਤੀ ਗਈ ਹੈ।
ਡਾ. ਧੂਰੀ ਨੇ ਕਿਹਾ ਕਿ 23 ਸਤੰਬਰ ਦੀ ਚੋਣ ਬਾਬਾ ਫ਼ਰੀਦ ਜੀ ਦੇ ਆਗਮਨ ਦਿਵਸ ਨਾਲ ਜੋੜ ਕੇ ਕੀਤੀ ਗਈ ਹੈ। ਇਸ ਲਈ ਇਹ ਦਿਨ ਪੰਜਾਬੀ ਭਾਸ਼ਾ ਦੀ ਲੰਮੀ ਸਾਹਿਤਕ ਅਤੇ ਸੱਭਿਆਚਾਰਕ ਪਰੰਪਰਾ ਨੂੰ ਯਾਦ ਕਰਨ ਅਤੇ ਅੱਗੇ ਵਧਾਉਣ ਦਾ ਮੌਕਾ ਹੈ।
ਇਸ ਮੌਕੇ ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ “ਮੇਰੀ ਪੰਜਾਬੀ—ਮੇਰਾ ਮਾਣ” ਨਾਮ ਦੀ ਵਿਸ਼ੇਸ਼ ਮੁਹਿੰਮ ਵੀ ਸ਼ੁਰੂ ਕੀਤੀ ਜਾ ਰਹੀ ਹੈ। ਇਸ ਮੁਹਿੰਮ ਦਾ ਉਦੇਸ਼ ਪੰਜਾਬੀ ਭਾਸ਼ਾ ਪ੍ਰਤੀ ਲੋਕਾਂ ਵਿੱਚ ਮਾਣ, ਪਿਆਰ ਅਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਅਤੇ ਪੰਜਾਬੀ ਨੂੰ ਰੋਜ਼ਾਨਾ ਜੀਵਨ, ਸਿੱਖਿਆ, ਸਾਹਿਤ, ਸਮਾਜਿਕ ਸੰਚਾਰ ਅਤੇ ਡਿਜ਼ੀਟਲ ਯੁੱਗ ਵਿੱਚ ਵੱਧ ਤੋਂ ਵੱਧ ਵਰਤੋਂ ਵਿੱਚ ਲਿਆਉਣਾ ਹੈ।
ਮੁਹਿੰਮ ਤਹਿਤ ਪੰਜਾਬੀ ਵਿੱਚ ਦਸਤਖ਼ਤ ਕਰਨ, ਪੰਜਾਬੀ ਵਿੱਚ ਮੂਲ ਲਿਖਤਾਂ ਸਾਂਝੀਆਂ ਕਰਨ, ਪੰਜਾਬੀ ਪੈਂਤੀ ਆਪਣੇ ਹੱਥੀਂ ਲਿਖਣ, ਮੋਬਾਈਲ ਅਤੇ ਡਿਜ਼ੀਟਲ ਮਾਧਿਅਮਾਂ ਵਿੱਚ ਪੰਜਾਬੀ ਦੀ ਵਰਤੋਂ ਵਧਾਉਣ, ਪੰਜਾਬੀ ਸਾਹਿਤ ਨੂੰ ਡਿਜ਼ੀਟਲ ਰੂਪ ਦੇਣ, ਪੰਜਾਬੀ ਦੀ ਇੱਕ ਕਿਤਾਬ ਖਰੀਦਣ ਜਾਂ ਪੜ੍ਹਨ ਅਤੇ ਬਜ਼ੁਰਗਾਂ ਤੋਂ ਪੰਜਾਬੀ ਲੋਕ—ਵਿਰਾਸਤ ਦੀਆਂ ਕਹਾਣੀਆਂ, ਲੋਕ—ਗੀਤ, ਮੁਹਾਵਰੇ, ਅਖਾਣ ਅਤੇ ਪੁਰਾਣੀਆਂ ਯਾਦਾਂ ਇਕੱਤਰ ਕਰਕੇ ਸੰਭਾਲਣ ਵਰਗੀਆਂ ਗਤੀਵਿਧੀਆਂ ਕਰਵਾਉਣ ਦੀ ਅਪੀਲ ਕੀਤੀ ਗਈ ਹੈ। ਇਸ ਤੋਂ ਇਲਾਵਾ “ਇੱਕ ਮਿੰਟ ਪੰਜਾਬੀ” ਤਹਿਤ ਹਰ ਵਿਅਕਤੀ ਨੂੰ “ਮੇਰੇ ਲਈ ਪੰਜਾਬੀ ਕੀ ਹੈ?” ਵਿਸ਼ੇ ’ਤੇ ਇੱਕ ਮਿੰਟ ਦੀ ਵੀਡੀਓ ਬਣਾਉਣ ਲਈ ਵੀ ਪ੍ਰੇਰਿਤ ਕੀਤਾ ਜਾਵੇਗਾ।
ਫਾਊਂਡੇਸ਼ਨ ਵੱਲੋਂ ਪੰਜਾਬੀ ਨੂੰ ਆਰਟੀਫਿਸ਼ਲ ਇੰਟੈਲੀਜੈਂਸ ਦੇ ਯੁੱਗ ਨਾਲ ਜੋੜਨ ਲਈ “ਅੱਖਰਪੀਡੀਆ” ਦੀ ਸ਼ੁਰੂਆਤ ਵੀ 23 ਸਤੰਬਰ ਨੂੰ ਕੀਤੀ ਜਾ ਰਹੀ ਹੈ। ਇਸ ਉਪਰਾਲੇ ਦਾ ਉਦੇਸ਼ ਪੰਜਾਬੀ ਸਾਹਿਤ, ਸ਼ਬਦ—ਭੰਡਾਰ, ਲੋਕ—ਸਾਹਿਤ, ਰਚਨਾਵਾਂ ਅਤੇ ਹੋਰ ਭਾਸ਼ਾਈ ਸਮੱਗਰੀ ਨੂੰ ਵੱਧ ਤੋਂ ਵੱਧ ਡਿਜ਼ੀਟਲ ਰੂਪ ਵਿੱਚ ਇੰਟਰਨੈੱਟ ’ਤੇ ਉਪਲਬਧ ਕਰਵਾਉਣਾ ਹੈ। ਇਸ ਸਬੰਧੀ ਮੁੱਖ ਸੁਨੇਹਾ ਹੈ—“ਜਿੰਨੀ ਪੰਜਾਬੀ ਇੰਟਰਨੈੱਟ ’ਤੇ, ਉਨੀ ਪੰਜਾਬੀ ਏ.ਆਈ. ਵਿੱਚ।”
“ਮੇਰੀ ਪੰਜਾਬੀ—ਮੇਰਾ ਮਾਣ” ਦੇ ਸੰਦੇਸ਼ ਨਾਲ ਫਾਊਂਡੇਸ਼ਨ ਨੇ ਸੱਦਾ ਦਿੱਤਾ ਕਿ 23 ਸਤੰਬਰ ਨੂੰ ਪੰਜਾਬੀ ਪ੍ਰਤੀ ਪਿਆਰ ਅਤੇ ਮਾਣ ਨੂੰ ਇੱਕ ਦਿਨ ਦੀ ਗਤੀਵਿਧੀ ਤੱਕ ਸੀਮਤ ਨਾ ਰੱਖਿਆ ਜਾਵੇ, ਸਗੋਂ ਇਸ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਇਆ ਜਾਵੇ।