ਵੜਿੰਗ ਦਾ ਬਿੱਟੂ ਨੂੰ ਸਵਾਲ: ਜੇਕਰ ਤੁਸੀਂ ਮਾਨ ਨੂੰ ਆਈਐਸਆਈ ਏਜੰਟ ਜਾਣਦੇ ਹੋ, ਤਾਂ ਕਾਰਵਾਈ ਕਿਉਂ ਨਹੀਂ ਕਰਦੇ?

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਪੁੱਛਿਆ ਹੈ ਕਿ ਜੇਕਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਚਮੁੱਚ ਆਈਐਸਆਈ ਦੇ ਏਜੰਟ ਹਨ, ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ।

ਵੜਿੰਗ ਨੇ ਬਿੱਟੂ ਵੱਲੋਂ ਮਾਨ ਨੂੰ ਆਈਐਸਆਈ ਏਜੰਟ ਦੱਸਣ ਵਾਲੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦਿਆਂ, ਕਿਹਾ ਕਿ ਉਹ (ਬਿੱਟੂ) ਖੁਦ ਕੇਂਦਰ ਸਰਕਾਰ ਦਾ ਹਿੱਸਾ ਹਨ। ਉਨ੍ਹਾਂ ਨੇ ਪੁੱਛਿਆ ਕਿ ਜੇਕਰ ਤੁਹਾਡੇ ਕੋਲ ਮਾਨ ਦੇ ਆਈਐਸਆਈ ਏਜੰਟ ਹੋਣ ਬਾਰੇ ਕੋਈ ਜਾਣਕਾਰੀ ਹੈ, ਤਾਂ ਤੁਸੀਂ ਕੇਂਦਰੀ ਗ੍ਰਹਿ ਮੰਤਰੀ ਨੂੰ ਜਾਂਚ ਬਿਠਾਉਣ ਲਈ ਕਿਉਂ ਨਹੀਂ ਕਹਿੰਦੇ? ਨਹੀਂ ਤਾਂ, ਪੰਜਾਬ ਦੇ ਮੁੱਖ ਮੰਤਰੀ ਨਾਲ ਇਹ ਦੋਸਤਾਨਾ ਮੈਚ ਖੇਡਣੇ ਬੰਦ ਕਰੋ।

ਉਨ੍ਹਾਂ ਨੇ ਦੁਹਰਾਇਆ ਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਵਿਚਕਾਰ ਕੋਈ ਗੁਪਤ ਸਮਝੌਤਾ ਹੈ ਅਤੇ ਦੋਵੇਂ ਪਾਰਟੀਆਂ ਇੱਕ ਦੂਜੇ ‘ਤੇ “ਫ੍ਰੈਂਡਲੀ ਫਾਇਰ” ਕਰ ਰਹੀਆਂ ਹਨ ਲ, ਤਾਂ ਜੋ ਚਰਚਾ ਵਿੱਚ ਬਣੀਆਂ ਰਹਿਣ ਅਤੇ ਉਹਨਾਂ ਗੰਭੀਰ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਇਆ ਜਾ ਸਕੇ, ਜਿਨ੍ਹਾਂ ਲਈ ਦੋਵੇਂ ਸਰਕਾਰਾਂ ਜ਼ਿੰਮੇਵਾਰ ਹਨ।

ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਮਾਨ ਨੇ ਪੰਜਾਬ ਵਿੱਚ ਹੋਏ ਬੰਬ ਧਮਾਕਿਆਂ ਵਿੱਚ ਭਾਜਪਾ ਦੀ ਸ਼ਮੂਲੀਅਤ ਦੇ ਦੋਸ਼ ਲਗਾਏ ਸਨ ਅਤੇ ਹੁਣ ਬਿੱਟੂ ਮਾਨ ਨੂੰ ਆਈਐਸਆਈ ਏਜੰਟ ਦੱਸ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਉਸ ਵੇਲੇ ਵੀ ਕਾਂਗਰਸ ਨੇ ਮਾਨ ਨੂੰ ਪੁੱਛਿਆ ਸੀ ਕਿ ਜੇਕਰ ਉਨ੍ਹਾਂ ਕੋਲ ਸੂਬੇ ਵਿੱਚ ਬੰਬ ਧਮਾਕਿਆਂ ਵਿੱਚ ਭਾਜਪਾ ਦੀ ਭੂਮਿਕਾ ਬਾਰੇ ਜਾਣਕਾਰੀ ਸੀ, ਤਾਂ ਕਾਰਵਾਈ ਕਿਉਂ ਨਹੀਂ ਕੀਤੀ ਗਈ, ਪਰ ਕੁਝ ਵੀ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਵਿੱਚ ਇਹ ਧਾਰਨਾ ਹੋਰ ਮਜ਼ਬੂਤ ਹੋਈ ਹੈ ਕਿ ਆਪ ਅਤੇ ਭਾਜਪਾ ਦੇ ਆਗੂ ਆਪਸ ਵਿੱਚ ਦੋਸਤਾਨਾ ਮੈਚ ਖੇਡ ਰਹੇ ਹਨ।

ਵੜਿੰਗ ਨੇ ਕਿਹਾ ਕਿ ਪਹਿਲਾਂ ਮਾਨ ਵੱਲੋਂ ਭਾਜਪਾ ‘ਤੇ ਬੰਬ ਧਮਾਕਿਆਂ ਵਿੱਚ ਸ਼ਮੂਲੀਅਤ ਦੇ ਦੋਸ਼ ਲਗਾਉਣਾ ਅਤੇ ਹੁਣ ਬਿੱਟੂ ਵੱਲੋਂ ਮਾਨ ਨੂੰ ਆਈਐਸਆਈ ਏਜੰਟ ਕਹਿਣਾ, ਇਹ ਸਾਰਾ ਕੁਝ ਸੋਚੀ-ਸਮਝੀ ਰਣਨੀਤੀ ਤਹਿਤ ਲੋਕਾਂ ਦਾ ਧਿਆਨ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਨਾਕਾਮੀਆਂ ਤੋਂ ਹਟਾਉਣ ਲਈ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੀ ਅਗਵਾਈ ਕ੍ਰਮਵਾਰ ਭਾਜਪਾ ਅਤੇ ਆਮ ਆਦਮੀ ਪਾਰਟੀ ਕਰ ਰਹੀਆਂ ਹਨ।

ਉਨ੍ਹਾਂ ਨੇ ਟਿੱਪਣੀ ਕੀਤੀ ਕਿ ਦੋਵੇਂ ਪਾਰਟੀਆਂ ਇੱਕ ਦੂਜੇ ਦੀਆਂ ਨਾਕਾਮੀਆਂ ‘ਤੇ ਲੋਕਾਂ ਦੀ ਜਾਂਚ ਅਤੇ ਆਲੋਚਨਾ ਤੋਂ ਬੱਚਣ ਲਈ ਆਪਸੀ ਤੌਰ ‘ਤੇ ਇੱਕ ਦੂਜੇ ਨੂੰ ਕਵਰ ਦੇਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਜਦਕਿ ਆਪ ਅਤੇ ਭਾਜਪਾ ਦੇ ਆਗੂ ਬਿਨਾਂ ਕਿਸੇ ਅਗਲੀ ਕਾਰਵਾਈ ਦੇ ਇੱਕ ਦੂਜੇ ‘ਤੇ ਗੰਭੀਰ ਦੋਸ਼ ਲਗਾ ਰਹੇ ਹਨ।

Leave a Reply

Your email address will not be published. Required fields are marked *