ਫਾਜ਼ਿਲਕਾ : ਬਾਲ ਵਿਆਹ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ

ਡਿਪਟੀ ਕਮਿਸ਼ਨਰ ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਫਾਜ਼ਿਲਕਾ ਵੱਲੋਂ ਅਬੋਹਰ ਦੇ ਪਿੰਡ ਨਿਹਾਲ ਖੇੜਾ ਵਿਖੇ ਬਾਲ ਵਿਆਹ ਸਬੰਧੀ ਜਾਗਰੂਕਤਾ ਦਿਹਾੜਾ ਮਨਾਇਆ ਗਿਆ। ਇਸ ਤੋਂ ਇਲਾਵਾ ਫਾਜ਼ਿਲਕਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਫਾਜ਼ਿਲਕਾ, ਅਬੋਹਰ ਅਤੇ ਸ਼ਮਸ਼ਾਬਾਦ, ਨਿਹਾਲ ਖੇੜਾ, ਕਾਵਾਂ ਵਾਲੀ, ਨਵਾਂ ਸਲੇਮ ਸ਼ਾਹ, ਗੰਜੂ ਹਸਤਾ, ਟਾਹਲੀ ਵਾਲਾ ਅਤੇ ਮਹਾਤਮ ਨਗਰ ਫਾਜ਼ਿਲਕਾ ਵਿਖੇ ਵੀ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ।

ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰੀਤੂ ਬਾਲਾ ਵੱਲੋਂ ਸਕੂਲ ਦੇ ਬੱਚਿਆਂ ਨੂੰ ਬਾਲ ਵਿਆਹ ਬਾਰੇ ਜਾਣੂ ਕਰਵਾਉਂਦਿਆਂ ਦੱਸਿਆ ਕਿ ਲੜਕੀ ਦੇ ਵਿਆਹ ਕਰਨ ਦੀ ਉਮਰ 18 ਸਾਲ ਅਤੇ ਲੜਕੇ ਦੇ ਵਿਆਹ ਕਰਨ ਦੀ ਉਮਰ 21 ਸਾਲ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਉਮਰ ਤੋਂ ਘੱਟ ਉਮਰ ਵਿੱਚ ਬਾਲ ਵਿਆਹ ਕਰਨ ਅਤੇ ਕਰਵਾਉਣ ਵਾਲਿਆਂ ਨੂੰ 02 ਸਾਲ ਦੀ ਸਜ਼ਾ ਅਤੇ 01 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।ਉਨ੍ਹਾਂ ਦੱਸਿਆ ਕਿ ਲੜਕੀਆਂ ਨੂੰ ਆਪਣੇ ਸੁਪਨੇ ਪੂਰੇ ਕਰਨ ਦਾ ਅਤੇ ਪੜ੍ਹਨ ਦਾ ਪੂਰਾ ਹੱਕ ਹੈ ਅਤੇ ਜੇਕਰ ਉਨ੍ਹਾਂ ਨੂੰ ਕਿਤੇ ਵੀ ਬਾਲ ਵਿਆਹ ਬਾਰੇ ਪਤਾ ਚੱਲਦਾ ਹੈ ਜਾਂ ਫਿਰ ਕੋਈ ਬੱਚਾ ਕਿਸੇ ਮੁਸੀਬਤ ਵਿੱਚ ਲੱਗਦਾ ਹੈ ਤਾਂ ਇਸ ਸਬੰਧੀ ਸੂਚਨਾ ਚਾਈਲਡ ਹੈਲਪ ਲਾਈਨ 1098, ਪੁਲਿਸ ਹੈਲਪ ਲਾਈਨ 112, ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਫਾਜ਼ਿਲਕਾ, ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਅਤੇ ਉਪ-ਮੰਡਲ ਮੈਜਿਸਟ੍ਰੇਟ ਨੂੰ ਦਿੱਤੀ ਜਾਵੇ।
ਨਾਲ ਹੀ ਮਿਸ਼ਨ ਵਾਤਸਲਿਆ ਸਕੀਮ ਬਾਰੇ ਜਾਣੂ ਕਰਵਾਉਂਦਿਆਂ ਦੱਸਿਆ ਗਿਆ ਕਿ ਜੇਕਰ ਕਿਸੇ ਵੀ ਬੱਚੇ ਦੇ ਮਾਤਾ-ਪਿਤਾ ਦੀ ਮੌਤ ਹੋ ਗਈ ਹੈ ਅਤੇ ਉਸ ਦੇ ਦਾਦਾ-ਦਾਦੀ ਉਸ ਨੂੰ ਪੜ੍ਹਾਉਣ ਵਿੱਚ ਅਸਮਰੱਥ ਹਨ, ਉਨ੍ਹਾਂ ਲਈ ਜ਼ਿਲ੍ਹਾ ਫਾਜ਼ਿਲਕਾ ਦੇ ਸ਼ਹਿਰ ਅਬੋਹਰ ਵਿੱਚ ਲੜਕੇ/ਲੜਕੀਆਂ ਲਈ ਹੋਮ ਬਣੇ ਹੋਏ ਹਨ, ਜਿਨ੍ਹਾਂ ਵਿੱਚ ਬੱਚੇ ਬਿਲਕੁੱਲ ਮੁਫ਼ਤ ਪੜ੍ਹ ਅਤੇ ਲਿਖ ਸਕਦੇ ਹਨ ਅਤੇ ਬੱਚਿਆਂ ਦੀ ਹੋਮ ਵਿੱਚ ਚੰਗੀ ਦੇਖ-ਭਾਲ ਵੀ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੀ ਪੜ੍ਹਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ।
ਬੱਚਿਆਂ ਦੇ ਉੱਜਵਲ ਭਵਿੱਖ ਲਈ ਬਾਲ ਸੁਰੱਖਿਆ ਦਫ਼ਤਰ, ਫਾਜ਼ਿਲਕਾ ਵੱਲੋਂ ਵੱਖ-ਵੱਖ ਹੋਰ ਵੀ ਸਕੀਮਾਂ ਬਾਰੇ ਦੱਸਿਆ ਗਿਆ ਕਿ ਜੇਕਰ ਮਾਂ-ਪਿਉ ਬੱਚਿਆਂ ਤੋਂ ਜ਼ਬਰਦਸਤੀ ਬਾਲ ਮਜ਼ਦੂਰੀ ਕਰਵਾਉਂਦੇ ਹਨ ਜਾਂ ਫਿਰ ਜ਼ਬਰਦਸਤੀ ਭੀਖ ਮੰਗਵਾਉਂਦੇ ਹਨ ਤਾਂ ਉਨ੍ਹਾਂ ਮਾਪਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਰਣਵੀਰ ਕੌਰ (CPO NIC), ਕੌਸ਼ਲ (CPO IC), ਬਾਲ ਸੁਰੱਖਿਆ ਅਫ਼ਸਰ, ਰੁਪਿੰਦਰ ਸਿੰਘ ਆਊਟਰੀਚ ਵਰਕਰ, ਸਾਰਿਕਾ ਰਾਣੀ ਆਊਟਰੀਚ ਵਰਕਰ, ਭੁਪਿੰਦਰਦੀਪ ਸਿੰਘ ਕਾਊਂਸਲਰ ਅਤੇ ਜਸਵਿੰਦਰ ਕੌਰ ਸੋਸ਼ਲ ਵਰਕਰ ਅਤੇ ਸਮੂਹ ਸਕੂਲ ਸਟਾਫ਼ ਸ਼ਾਮਲ ਸਨ।

Leave a Reply

Your email address will not be published. Required fields are marked *