ਫ਼ਾਜ਼ਿਲਕਾ : ਪੇਂਡੂ ਉੱਦਮਸ਼ੀਲਤਾ ਨੂੰ ਉਤਸ਼ਾਹਿਤ ਕਰਨ ਲਈ ਨਾਬਾਰਡ ਵੱਲੋਂ ਫ਼ਾਜ਼ਿਲਕਾ ਵਿਖੇ ਗ੍ਰਾਮ ਯੁਵਾ ਸ਼ਕਤੀ ਮੁਹਿੰਮ ਦਾ ਆਯੋਜਨ

ਨਾਬਾਰਡ ਵੱਲੋਂ ਆਪਣੀ ਦੇਸ਼ਵਿਆਪੀ ਗ੍ਰਾਮ ਯੁਵਾ ਸ਼ਕਤੀ ਮੁਹਿੰਮ (NGYSC) ਤਹਿਤ ਅਭਿਸ਼ੇਕ ਆਈ.ਟੀ.ਆਈ., ਅਬੋਹਰ ਵਿਖੇ ਜ਼ਿਲ੍ਹਾ ਪੱਧਰੀ ਜਾਗਰੂਕਤਾ ਅਤੇ ਲਾਮਬੰਦੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਪੇਂਡੂ ਨੌਜਵਾਨਾਂ ਵਿੱਚ ਉੱਦਮਸ਼ੀਲਤਾ, ਸਵੈ-ਰੁਜ਼ਗਾਰ ਅਤੇ ਟਿਕਾਊ ਆਜੀਵਿਕਾ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਨਾ ਸੀ।

ਇਸ ਮੌਕੇ ਪੰਜਾਬ ਨੈਸ਼ਨਲ ਬੈਂਕ, ਫ਼ਾਜ਼ਿਲਕਾ ਦੇ ਡਿਪਟੀ ਜਨਰਲ ਮੈਨੇਜਰ ਅਤੇ ਸਰਕਲ ਹੈੱਡ ਸ਼੍ਰੀ ਨਵੀਨ ਗੁਪਤਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਵਿੱਚ ਸ਼੍ਰੀ ਪ੍ਰਸ਼ਾਂਤ ਬਲੋਦਾ, ਜ਼ਿਲ੍ਹਾ ਵਿਕਾਸ ਪ੍ਰਬੰਧਕ, ਨਾਬਾਰਡ, ਫ਼ਾਜ਼ਿਲਕਾ; ਸ਼੍ਰੀ ਬਿਸਵਜੀਤ ਮੈਤਰਾ, ਲੀਡ ਜ਼ਿਲ੍ਹਾ ਮੈਨੇਜਰ, ਫ਼ਾਜ਼ਿਲਕਾ; ਸ਼੍ਰੀ ਅਜੇ ਅਗਰਵਾਲ, ਲੀਡ ਜ਼ਿਲ੍ਹਾ ਮੈਨੇਜਰ ਦਫ਼ਤਰ, ਫ਼ਾਜ਼ਿਲਕਾ; ਸ਼੍ਰੀ ਅਰੁਣ ਤਨੇਜਾ, ਇੰਸਪੈਕਟਰ, ਜ਼ਿਲ੍ਹਾ ਉਦਯੋਗ ਕੇਂਦਰ (DIC); ਸ਼੍ਰੀ ਆਕਾਸ਼ ਦੀਪ ਸਿੰਘ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ, ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ (PSRLM); ਪੰਜਾਬ ਨੈਸ਼ਨਲ ਬੈਂਕ ਦੇ ਨੁਮਾਇੰਦੇ ਅਤੇ ਅਭਿਸ਼ੇਕ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਪ੍ਰਬੰਧਕਾਂ ਤੇ ਅਧਿਆਪਕਾਂ ਸਮੇਤ ਤਕਨੀਕੀ ਅਤੇ ਡਿਗਰੀ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੇ ਭਾਗ ਲਿਆ।

ਆਪਣੇ ਉਦਘਾਟਨੀ ਸੰਬੋਧਨ ਦੌਰਾਨ ਨਾਬਾਰਡ ਦੇ ਜ਼ਿਲ੍ਹਾ ਵਿਕਾਸ ਪ੍ਰਬੰਧਕ ਨੇ ਤਕਨੀਕੀ ਹੁਨਰਾਂ ਅਤੇ ਅਕਾਦਮਿਕ ਗਿਆਨ ਨੂੰ ਵਿਹਾਰਕ ਅਤੇ ਲਾਹੇਵੰਦ ਕਾਰੋਬਾਰੀ ਮੌਕਿਆਂ ਵਿੱਚ ਬਦਲਣ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਖੇਤੀਬਾੜੀ ਮਸ਼ੀਨਰੀ ਦੀ ਮੁਰੰਮਤ ਅਤੇ ਸਰਵਿਸਿੰਗ, ਫੂਡ ਪ੍ਰੋਸੈਸਿੰਗ, ਕਿੰਨੂ ਦੇ ਮੁੱਲ ਵਾਧੇ, ਨਵਿਆਉਣਯੋਗ ਊਰਜਾ ਅਤੇ ਡਿਜੀਟਲ ਸੇਵਾਵਾਂ ਵਰਗੇ ਖੇਤਰਾਂ ਵਿੱਚ ਉੱਦਮ ਸਥਾਪਤ ਕਰਨ ਦੀਆਂ ਸੰਭਾਵਨਾਵਾਂ ਬਾਰੇ ਜਾਣਕਾਰੀ ਦਿੱਤੀ।

ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਨੈਸ਼ਨਲ ਬੈਂਕ ਦੇ ਡਿਪਟੀ ਜਨਰਲ ਮੈਨੇਜਰ ਅਤੇ ਸਰਕਲ ਹੈੱਡ ਸ਼੍ਰੀ ਨਵੀਨ ਗੁਪਤਾ ਨੇ ਵਿਦਿਆਰਥੀਆਂ ਨੂੰ ਉੱਦਮਸ਼ੀਲਤਾ ਅਤੇ ਸਵੈ-ਰੁਜ਼ਗਾਰ ਨੂੰ ਕਰੀਅਰ ਦੇ ਇੱਕ ਪ੍ਰਭਾਵਸ਼ਾਲੀ ਵਿਕਲਪ ਵਜੋਂ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਉੱਭਰਦੇ ਉੱਦਮੀਆਂ ਨੂੰ ਸੰਸਥਾਗਤ ਵਿੱਤੀ ਸਹਾਇਤਾ ਪ੍ਰਦਾਨ ਕਰਨ ਵਿੱਚ ਬੈਂਕਾਂ ਦੀ ਭੂਮਿਕਾ ਬਾਰੇ ਦੱਸਿਆ ਅਤੇ ਸਫ਼ਲ ਕਾਰੋਬਾਰ ਸਥਾਪਤ ਕਰਨ ਲਈ ਵਿੱਤੀ ਸਾਖਰਤਾ, ਸੁਚੱਜੀ ਕਾਰੋਬਾਰੀ ਯੋਜਨਾਬੰਦੀ ਅਤੇ ਵਿੱਤੀ ਅਨੁਸ਼ਾਸਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ।

ਲੀਡ ਜ਼ਿਲ੍ਹਾ ਮੈਨੇਜਰ ਦਫ਼ਤਰ, ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ ਅਤੇ ਜ਼ਿਲ੍ਹਾ ਉਦਯੋਗ ਕੇਂਦਰ ਦੇ ਨੁਮਾਇੰਦਿਆਂ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਸਰਕਾਰੀ ਯੋਜਨਾਵਾਂ, ਸੰਸਥਾਗਤ ਕਰਜ਼ਾ ਸਹੂਲਤਾਂ, ਆਜੀਵਿਕਾ ਨੂੰ ਉਤਸ਼ਾਹਿਤ ਕਰਨ ਵਾਲੀਆਂ ਪਹਿਲਕਦਮੀਆਂ ਅਤੇ ਉੱਦਮ ਸਥਾਪਤ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਉਪਲਬਧ ਸਹਾਇਤਾ ਬਾਰੇ ਜਾਗਰੂਕ ਕੀਤਾ।

ਮੁਹਿੰਮ ਤਹਿਤ ਵਿਦਿਆਰਥੀਆਂ ਨੇ ਉੱਦਮ ਸਥਾਪਤ ਕਰਨ ਸਬੰਧੀ ਉਨ੍ਹਾਂ ਦੀ ਤਿਆਰੀ ਅਤੇ ਯੋਗਤਾ ਦੇ ਡਿਜੀਟਲ ਮੁਲਾਂਕਣ ਵਿੱਚ ਵੀ ਭਾਗ ਲਿਆ। ਇਸ ਮੁਲਾਂਕਣ ਅਤੇ ਅਗਲੇ ਪੜਾਅ ਦੀ ਪੜਤਾਲ ਦੇ ਆਧਾਰ ’ਤੇ ਯੋਗ ਉਮੀਦਵਾਰਾਂ ਦੀ ਚੋਣ ਕੀਤੇ ਜਾਣ ਦੀ ਯੋਜਨਾ ਹੈ, ਜਿਨ੍ਹਾਂ ਨੂੰ ਮੁਹਿੰਮ ਦੇ ਅਗਲੇ ਪੜਾਅ ਤਹਿਤ ਸਮਰੱਥਾ ਨਿਰਮਾਣ ਅਤੇ ਮਾਹਿਰਾਂ ਵੱਲੋਂ ਮਾਰਗਦਰਸ਼ਨ ਪ੍ਰਦਾਨ ਕੀਤਾ ਜਾਵੇਗਾ।

Leave a Reply

Your email address will not be published. Required fields are marked *