ਸਵੈ-ਗਣਨਾ ਵਿੱਚ ਕੁੱਲ 8239 ਐਂਟਰੀਆਂ ਨਾਲ ਫਾਜਿਲਕਾ ਨੇ ਪੰਜਾਬ ਵਿੱਚ ਪ੍ਰਾਪਤ ਕੀਤਾ ਦੂਜਾ ਸਥਾਨ

ਡਿਜੀਟਲ ਜਨਗਣਨਾ-2027 ਦੇ ਤਹਿਤ 14 ਮਈ ਤੱਕ ਹੋਈ ਸਵੈ-ਗਣਨਾ ਵਿੱਚ ਫਾਜਿਲਕਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ। ਸਵੈ-ਗਣਨਾ ਵਿੱਚ ਫਾਜਿਲਕਾ ਦੀ ਹੱਦ ਅੰਦਰ  ਕੁੱਲ 8239 ਲੋਕਾਂ ਨੇ ਉਨ੍ਹਾਂ ਨਾਲ ਸਬੰਧਤ ਜਾਣਕਾਰੀ ਅਤੇ 33 ਸਵਾਲਾਂ ਦੇ ਜਵਾਬ ਦੀਆਂ ਐਂਟਰੀਆਂ ਨਾਲ ਫਾਜਿਲਕਾ ਜਿਲ੍ਹੇ ਨੂੰ ਪੰਜਾਬ ਵਿੱਚੋਂ ਦੂਜਾ ਸਥਾਨ ਹਾਸਲ ਕਰਵਾਇਆ ਹੈ। ਜ਼ਿਲ੍ਹਾ ਲੁਧਿਆਣਾ ਪਹਿਲੇ ਤੇ ਸਾਹਿਬਜਾਦਾ ਅਜੀਤ ਸਿੰਘ ਨਗਰ ਤੀਜੇ ਸਥਾਨ ਤੇ ਰਿਹਾ ਹੈ। ਡਿਪਟੀ ਕਮਿਸ਼ਨਰ ਫਾਜਿਲਕਾ-ਕਮ-ਪ੍ਰਿੰਸੀਪਲ ਜਨਗਣਨਾ ਅਧਿਕਾਰੀ ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ ਨੇ ਇਸ ਪ੍ਰਾਪਤੀ ਲਈ ਸ਼ਹਿਰ ਵਾਸੀਆਂ ਨੂੰ ਵਧਾਈ ਦੇਣ ਦੇ ਨਾਲ ਨਾਲ ਉਨ੍ਹਾਂ ਦਾ ਧੰਨਵਾਦ ਵੀ ਕੀਤਾ।

ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਫਾਜ਼ਿਲਕਾ ਵੱਲੋ ਦਫ਼ਤਰ ਵਿਖੇ ਜਨਗਣਨਾ ਚਾਰਜ ਅਧਿਕਾਰੀਆਂ ਨਾਲ ਇੱਕ ਸਮੀਖਿਆ ਮੀਟਿੰਗ ਕੀਤੀ। ਡਿਜੀਟਲ ਜਨਗਣਨਾ-2027 (ਘਰ ਸੂਚੀਕਰਨ ਅਤੇ ਰਿਹਾਇਸ਼ੀ ਜਨਗਣਨਾ) ਦੇ ਪਹਿਲੇ ਪੜਾਅ ਤਹਿਤ ਚੱਲ ਰਹੇ ਫੀਲਡ ਸਰਵੇਖਣ ਨੂੰ ਤੇਜ਼ ਅਤੇ ਸੁਚਾਰੂ ਬਣਾਉਣ ਲਈ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਗਏ। ਘਰ-ਘਰ ਸਰਵੇਖਣ ਦਾ ਕੰਮ 15 ਮਈ ਨੂੰ ਸ਼ੁਰੂ ਹੋਇਆ ਸੀ ਅਤੇ ਇਹ 13 ਜੂਨ ਤੱਕ ਜਾਰੀ ਰਹੇਗਾ। ਅਧਿਕਾਰੀਆਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਗਿਣਤੀਕਾਰਾਂ ਨਾਲ ਸਹਿਯੋਗ ਕਰਨ ਅਤੇ ਉਨ੍ਹਾਂ ਨੂੰ ਸਹੀ ਜਾਣਕਾਰੀ ਪ੍ਰਦਾਨ ਕਰਨ ਕਿਉਂਕਿ ਇਹ ਡੈਟਾ ਸਰਕਾਰ ਨੂੰ ਵਸਨੀਕਾਂ ਲਈ ਨੀਤੀਆਂ ਅਤੇ ਭਲਾਈ ਯੋਜਨਾਵਾਂ ਬਣਾਉਣ ਵਿੱਚ ਮਦਦ ਕਰੇਗਾ। ਗਿਣਤੀਕਾਰ ਫੀਲਡ ਸਰਵੇਖਣ ਦੌਰਾਨ ਰਾਜ ਸਰਕਾਰ ਦੁਆਰਾ ਸੂਚੀਬੱਧ 33 ਸਵਾਲ ਪੁੱਛਣਗੇ। ਜੇਕਰ ਨਿਵਾਸੀਆਂ ਨੇ ਸਵੈ-ਗਣਨਾ ਰਾਹੀਂ ਆਪਣੇ ਰਿਹਾਇਸ਼ੀ ਵੇਰਵੇ ਜਮ੍ਹਾਂ ਕਰਵਾਏ ਹਨ, ਤਾਂ ਉਨ੍ਹਾਂ ਨੂੰ ਸਿਰਫ਼ ਫੀਲਡ ਸਰਵੇਖਣ ਦੌਰਾਨ ਆਪਣੀ ਜਾਇਦਾਦ ਦਾ ਦੌਰਾ ਕਰਨ ਵੇਲੇ ਗਿਣਤੀਕਾਰ ਨਾਲ ਐਸਈ-ਆਈਡੀ ਸਾਂਝਾ ਕਰਨਾ ਪਵੇਗਾ। ਗਿਣਤੀਕਾਰਾਂ ਦੁਆਰਾ ਕੋਈ ਦਸਤਾਵੇਜ਼ ਜਾਂ ਓਟੀਪੀ ਨਹੀਂ ਮੰਗਿਆ ਜਾਵੇਗਾ।

Leave a Reply

Your email address will not be published. Required fields are marked *