ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਨੂੰ ਜ਼ਿਲ੍ਹੇ ਦੇ ਵੋਟਰਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਬੀ.ਐਲ.ਓਜ. ਵੱਲੋਂ ਘਰ-ਘਰ ਜਾ ਕੇ ਗਣਨਾ ਫਾਰਮ ਵੰਡਣ ਦਾ 100 ਫੀਸਦੀ ਕੰਮ ਮੁਕੰਮਲ ਹੋ ਗਿਆ ਹੈ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ.ਸੋਨਾ ਥਿੰਦ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 544 ਬੂਥ ਲੈਵਲ ਅਫ਼ਸਰ (ਬੀ.ਐੱਲ.ਓ.) ਪੂਰੀ ਤਨਦੇਹੀ ਅਤੇ ਜ਼ਿੰਮੇਵਾਰੀ ਨਾਲ ਯੋਗ ਵੋਟਰਾਂ ਤੱਕ ਪਹੁੰਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਯੋਗ ਨਾਗਰਿਕ ਦੀ ਵੋਟ ਬਣਨਾ ਅਤੇ ਵੋਟਰ ਸੂਚੀ ਦਾ ਸਹੀ, ਪਾਰਦਰਸ਼ੀ ਅਤੇ ਅੱਪਡੇਟ ਹੋਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।
ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀ ਸਪੈਸ਼ਲ ਇੰਟੈਸਿਵ ਰਵੀਜਨ ਤੋਂ ਪ੍ਰਭਾਵਿਤ ਹੋ ਕਿ ਵਿਧਾਨ ਸਭਾ ਹਲਕਾ ਅਮਲੋਹ ਦੇ ਬੂਥ ਨੰ 74 ਵਿਖੇ ਸ੍ਰੀਮਤੀ ਮੱਕੋ ਉਮਰ 106ਸਾਲ, ਵਿਧਾਨ ਸਭਾ ਹਲਕਾ ਬਸੀ ਪਠਾਣਾ ਵਿਖੇ ਬੂਥ ਨੰ 50 ਤੋਂ ਸ੍ਰੀਮਤੀ ਸੁਰਜੀਤ ਕੌਰ(ਉਮਰ 96 ਸਾਲ) ਅਤੇ ਸ੍ਰੀਮਤੀ ਬਚਨ ਕੌਰ ਉਮਰ 91 ਸਾਲ ਨੇ ਪੂਰੇ ਉਤਸ਼ਾਹ ਨਾਲ ਆਪਣੇ ਫਾਰਮ ਭਰੇ ਹਨ ਤਾਂ ਜੋ ਉਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਸੋਨਾ ਥਿੰਦ ਨੇ ਦੱਸਿਆ ਕਿ ਇਹ ਵਿਸ਼ੇਸ਼ ਮੁਹਿੰਮ 24 ਜੁਲਾਈ 2026 ਤੱਕ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਐਸ.ਆਈ.ਆਰ. ਲੋਕਤੰਤਰ ਨੂੰ ਹੋਰ ਮਜ਼ਬੂਤ ਬਣਾਉਣ ਦਾ ਇੱਕ ਮਹੱਤਵਪੂਰਨ ਮੌਕਾ ਹੈ, ਜਿਸਦੇ ਵਿੱਚ ਹਰੇਕ ਵੋਟਰ ਦਾ ਸਹਿਯੋਗ ਅਤਿ ਜਰੂਰੀ ਹੈ।