ਪੰਜਾਬ ਲਈ ਮਾਣਮੱਤੇ ਪਲ: ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 6 ਕੈਡਿਟ ਐੱਨ.ਡੀ.ਏ. ਅਤੇ 2 ਕੈਡਿਟ ਟੈਕਨੀਕਲ ਐਂਟਰੀ ਸਕੀਮ ਤੋਂ ਹੋਏ ਪਾਸ ਆਊਟ

ਪੰਜਾਬ ਲਈ ਬੇਹੱਦ ਮਾਣ ਵਾਲੀ ਗੱਲ ਹੈ ਕਿ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਐੱਸ.ਏ.ਐੱਸ. ਨਗਰ ਦੇ ਛੇ ਕੈਡਿਟ ਵੱਕਾਰੀ ਨੈਸ਼ਨਲ ਡਿਫੈਂਸ ਅਕੈਡਮੀ (ਐੱਨ.ਡੀ.ਏ.), ਖੜਕਵਾਸਲਾ ਦੇ 151ਵੇਂ ਕੋਰਸ ਦੀ ਪਾਸਿੰਗ ਆਊਟ ਪਰੇਡ ਤੋਂ ਗ੍ਰੈਜੂਏਟ ਹੋਏ ਹਨ। ਇਸ ਪਰੇਡ ਦਾ ਨਿਰੀਖਣ ਭਾਰਤ ਦੇ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਵੱਲੋਂ ਕੀਤਾ ਗਿਆ। ਇਸ ਤੋਂ ਇਲਾਵਾ ਸੰਸਥਾ ਦੇ ਦੋ ਹੋਰ ਕੈਡਿਟ ਟੈਕਨੀਕਲ ਐਂਟਰੀ ਸਕੀਮ (ਟੀ.ਈ.ਐੱਸ.) ਦੇ ਕੈਡਿਟ ਟ੍ਰੇਨਿੰਗ ਵਿੰਗਜ਼ (ਸੀ.ਟੀ.ਡਬਲਿਊਜ਼.) ਤੋਂ ਗ੍ਰੈਜੂਏਟ ਹੋਏ ਹਨ, ਜਿਸ ਨਾਲ ਇੱਕੋ ਦਿਨ ਵਿੱਚ ਪੰਜਾਬ ਦੇ ਅੱਠ ਨੌਜਵਾਨ ਪਾਸ ਆਊਟ ਹੋ ਕੇ ਜਲਦ ਅਫ਼ਸਰ ਬਣਨ ਜਾ ਰਹੇ ਹਨ।

ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਵਿਖੇ ਦੋ ਸਾਲਾਂ ਦੀ ਸਖ਼ਤ ਟ੍ਰੇਨਿੰਗ ਅਤੇ ਐੱਨ.ਡੀ.ਏ. ਵਿੱਚ ਤਿੰਨ ਸਾਲਾਂ ਦੀ ਸਿਖਲਾਈ ਉਪਰੰਤ ਇਹ ਛੇ ਕੈਡਿਟ—ਜਿਨ੍ਹਾਂ ਵਿੱਚ ਮੁਹਾਲੀ ਤੋਂ ਸਿਮਰਤਪਾਲ ਸਿੰਘ ਸੰਧੂ, ਮੋਕਸ਼ ਸੈਣੀ ਅਤੇ ਲਕਸ਼ੈ ਸ਼ਰਮਾ, ਬਠਿੰਡਾ ਤੋਂ ਅਸ਼ਮਿਤ, ਗੁਰਦਾਸਪੁਰ ਤੋਂ ਤੇਜਿੰਦਰਪਾਲ ਸਿੰਘ ਅਤੇ ਪਠਾਨਕੋਟ ਤੋਂ ਵਿਸ਼ਵਾਸ ਮਿੱਤਲ ਸ਼ਾਮਲ ਹਨ—ਹੁਣ ਵੱਖ-ਵੱਖ ਸਰਵਿਸ ਟ੍ਰੇਨਿੰਗ ਅਕੈਡਮੀਆਂ ਵਿੱਚ ਜਾਣਗੇ ਅਤੇ ਇੱਕ ਸਾਲ ਬਾਅਦ ਬਤੌਰ ਅਫ਼ਸਰ ਕਮਿਸ਼ਨ ਹਾਸਲ ਕਰਨਗੇ।

ਇਸੇ ਦੌਰਾਨ ਮਿਲਟਰੀ ਕਾਲਜ ਆਫ਼ ਇਲੈਕਟ੍ਰੀਕਲ ਐਂਡ ਮਕੈਨੀਕਲ ਇੰਜੀਨੀਅਰਿੰਗ (ਐੱਮ.ਸੀ.ਈ.ਐੱਮ.ਈ.), ਸਿਕੰਦਰਾਬਾਦ ਤੋਂ ਸਕਸ਼ਮ ਮਲਿਕ ਅਤੇ ਕਾਲਜ ਆਫ਼ ਮਿਲਟਰੀ ਇੰਜੀਨੀਅਰਿੰਗ (ਸੀ.ਐੱਮ.ਈ.) ਤੋਂ ਮਹਿਤਾਬ ਸਿੰਘ ਸਿੱਧੂ ਟੈਕਨੀਕਲ ਐਂਟਰੀ ਸਕੀਮ ਤਹਿਤ ਆਪਣੇ-ਆਪਣੇ ਕੈਡਿਟ ਟ੍ਰੇਨਿੰਗ ਵਿੰਗਜ਼ ਤੋਂ ਗ੍ਰੈਜੂਏਟ ਹੋਏ ਹਨ। ਇਹ ਦੋਵੇਂ ਕੈਡਿਟ ਹੁਣ ਇੰਡੀਅਨ ਮਿਲਟਰੀ ਅਕੈਡਮੀ (ਆਈ.ਐੱਮ.ਏ.) ਵਿੱਚ ਜਾਣਗੇ ਅਤੇ ਇੱਕ ਸਾਲ ਦੀ ਸਿਖਲਾਈ ਤੋਂ ਬਾਅਦ ਅਫ਼ਸਰ ਵਜੋਂ ਕਮਿਸ਼ਨ ਹਾਸਲ ਕਰਨਗੇ।

ਕੈਡਿਟਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ‘ਤੇ ਵਧਾਈ ਦਿੰਦਿਆਂ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਦੀ ਸਫ਼ਲਤਾ ਸਮੁੱਚੇ ਸੂਬੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕੈਡਿਟਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਇਸੇ ਅਨੁਸ਼ਾਸਨ, ਲਗਨ ਅਤੇ ਸਖ਼ਤ ਮਿਹਨਤ ਨਾਲ ਅੱਗੇ ਵਧਦਿਆਂ ਹਥਿਆਰਬੰਦ ਸੈਨਾਵਾਂ ਵਿੱਚ ਵੀ ਆਫ਼ਿਸਰਜ਼ ਵਜੋਂ ਪੰਜਾਬ ਤੇ ਦੇਸ਼ ਦਾ ਨਾਂ ਰੌਸ਼ਨ ਕਰਨ। ਕੈਬਨਿਟ ਮੰਤਰੀ ਨੇ ਮਹਾਰਾਜਾ ਰਣਜੀਤ ਸਿੰਘ ਏ.ਐੱਫ.ਪੀ.ਆਈ. ਵੱਲੋਂ ਲਗਾਤਾਰ ਦਿੱਤੇ ਜਾ ਰਹੇ ਸ਼ਾਨਦਾਰ ਨਤੀਜਿਆਂ ‘ਤੇ ਪੂਰੀ ਸੰਤੁਸ਼ਟੀ ਜ਼ਾਹਰ ਕੀਤੀ।

ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ (ਸੇਵਾਮੁਕਤ) ਅਜੇ ਐੱਚ. ਚੌਹਾਨ, ਵੀ.ਐੱਸ.ਐੱਮ., ਨੇ ਵੀ ਕੈਡਿਟਾਂ ਨੂੰ ਸਫ਼ਲਤਾਪੂਰਵਕ ਗ੍ਰੈਜੂਏਟ ਹੋਣ ‘ਤੇ ਵਧਾਈ ਦਿੱਤੀ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਹਥਿਆਰਬੰਦ ਸੈਨਾਵਾਂ ਵਿੱਚ ਅਫ਼ਸਰ ਬਣਨ ਦੇ ਯੋਗ ਬਣਾਉਣ ਵਿੱਚ ਸੰਸਥਾ ਦੇ ਅਨਮੋਲ ਯੋਗਦਾਨ ਨੂੰ ਉਜਾਗਰ ਕੀਤਾ। ਉਨ੍ਹਾਂ ਦੱਸਿਆ ਕਿ ਸੰਸਥਾ ਦੇ 15 ਹੋਰ ਕੈਡਿਟ ਦਸੰਬਰ 2026 ਵਿੱਚ ਸ਼ੁਰੂ ਹੋਣ ਵਾਲੇ ਕੋਰਸਾਂ ਲਈ ਜੁਆਇਨਿੰਗ ਲੈਟਰਾਂ ਦੀ ਉਡੀਕ ਕਰ ਰਹੇ ਹਨ। ਇਸ ਤੋਂ ਇਲਾਵਾ ਦਸੰਬਰ 2026 ਵਿੱਚ  ਇੰਡੀਅਨ ਮਿਲਟਰੀ ਅਕੈਡਮੀ (ਆਈ.ਐੱਮ.ਏ.) ਅਤੇ ਏਅਰ ਫੋਰਸ ਅਕੈਡਮੀ (ਏ.ਐੱਫ.ਏ.) ਤੋਂ 10 ਹੋਰ ਕੈਡਿਟ ਬਤੌਰ ਅਫ਼ਸਰ ਕਮਿਸ਼ਨ ਹਾਸਲ ਕਰਨਗੇ, ਜਿਸ ਨਾਲ ਸੰਸਥਾ ਦੇ ਸ਼ਾਨਦਾਰ ਰਿਕਾਰਡ ਵਿੱਚ ਇੱਕ ਹੋਰ ਸੁਨਹਿਰੀ ਅਧਿਆਏ ਜੁੜ ਜਾਵੇਗਾ।

Leave a Reply

Your email address will not be published. Required fields are marked *