ਐਸ.ਡੀ.ਐਮ. ਚਰਨਜੋਤ ਸਿੰਘ ਵਾਲੀਆ ਨੇ ਪ੍ਰਸ਼ਾਸਕ ਵਜੋਂ ਸੰਭਾਲਿਆ ਨਗਰ ਕੌਂਸਲ ਗੋਬਿੰਦਗੜ੍ਹ ਦਾ ਅਹੁਦਾ

ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ, ਐਸ.ਡੀ.ਐਮ. ਅਮਲੋਹ ਸ੍ਰ. ਚਰਨਜੋਤ ਸਿੰਘ ਵਾਲੀਆ ਨੇ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਪ੍ਰਸ਼ਾਸਕ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸੰਭਾਲਣ ਉਪਰੰਤ ਉਨ੍ਹਾਂ ਨੇ ਨਗਰ ਕੌਂਸਲ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸ਼ਹਿਰ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਵਾਲੀਆ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਅਤੇ ਲੰਬਿਤ ਪਏ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਨਾ ਉਨ੍ਹਾਂ ਦੀ ਮੁੱਖ ਤਰਜੀਹ ਹੋਵੇਗੀ। ਉਨ੍ਹਾਂ ਕਿਹਾ ਕਿ ਸਫਾਈ ਵਿਵਸਥਾ, ਪੀਣ ਵਾਲੇ ਸਾਫ ਪਾਣੀ ਦੀ ਸਪਲਾਈ ਅਤੇ ਸਟ੍ਰੀਟ ਲਾਈਟਾਂ ਵਰਗੇ ਅਹਿਮ ਮੁੱਦਿਆਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਕਿ ਲੋਕਾਂ ਦੇ ਕੰਮਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਦੇਰੀ ਜਾਂ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਇਸ ਮੌਕੇ ਯੂਨੀਅਨ ਪ੍ਰਧਾਨ ਬਿਕਾਂਤ ਵੀਰਮੀ ਨੇ ਭਰੋਸਾ ਦਿਵਾਇਆ ਕਿ ਸਮੂਹ ਕਰਮਚਾਰੀ ਸ਼ਹਿਰ ਦੀ ਬਿਹਤਰੀ ਲਈ ਪ੍ਰਸ਼ਾਸਨ ਦਾ ਪੂਰਨ ਸਹਿਯੋਗ ਕਰਨਗੇ। ਜ਼ਿਕਰਯੋਗ ਹੈ ਕਿ ਚਰਨਜੋਤ ਸਿੰਘ ਵਾਲੀਆ ਇਸ ਤੋਂ ਪਹਿਲਾਂ ਵੀ ਵੱਖ-ਵੱਖ ਪ੍ਰਸ਼ਾਸਕੀ ਅਹੁਦਿਆਂ ‘ਤੇ ਰਹਿ ਕੇ ਸ਼ਲਾਘਾਯੋਗ ਸੇਵਾਵਾਂ ਨਿਭਾ ਚੁੱਕੇ ਹਨ। ਉਹਨਾਂ ਦੇ ਨਗਰ ਕੌਂਸਲ ਦਫ਼ਤਰ ਪਹੁੰਚਣ ‘ਤੇ ਸਮੂਹ ਸਟਾਫ਼ ਅਤੇ ਨਗਰ ਕੌਂਸਲ ਯੂਨੀਅਨ ਆਗੂਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।

ਇਸ ਮੌਕੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਸ਼੍ਰੀ ਚੇਤਨ ਸ਼ਰਮਾ, ਐਸ.ਈ ਗੁਰਪ੍ਰਤਾਪ ਸਿੰਘ, ਜੇ.ਈ. ਗੌਰਵ ਧੀਰ , ਸੁਪਰਡੈਂਟ ਕਿਰਨਦੀਪ ਸਿੰਘ, ਅਤੇ ਸੁਪਰਡੈਂਟ ਬਲਵਿੰਦਰ ਸਿੰਘ, ਸੁਪਰਡੈਂਟ ਸੈਨੀਟੇਸ਼ਨ ਸੰਦੀਪ ਕੁਮਾਰ, ਪਵਿੱਤਰ ਮੋਹਨ, ਅਸ਼ਵਨੀ ਕੁਮਾਰ, ਦੀਪਕ ਕੁਮਾਰ,ਅਮਰਿੰਦਰ ਸਿੰਘ ਕੰਗ, ਹਰਸ਼ਿਤ ਵਧਾਵਨ, ਰਾਕੇਸ਼ ਕੁਮਾਰ,ਇਕਬਾਲ ਸਿੰਘ, ਬਲਕਾਰ ਸਿੰਘ, ਕਮਲ ਕੁਮਾਰ ,ਸੰਦੀਪ ਕੁਮਾਰ ਹਰਜੀਤ ਸਿੰਘ, ਬਿੱਟੂ ਹਾਜਰ ਸਨ।

Leave a Reply

Your email address will not be published. Required fields are marked *