ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਪੰਜਾਬ ਵਿਧਾਨ ਸਭਾ ਵਿੱਚ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਅਧੀਨ ਆਉਂਦੇ ਪਿੰਡਾਂ, ਖੇਤੀਬਾੜੀ ਜ਼ਮੀਨ ਅਤੇ ਉਥੋਂ ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦਿੰਦਿਆਂ ਸੂਬਾ ਸਰਕਾਰ ਵੱਲੋਂ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਕਮਜ਼ੋਰ ਹਿੱਸਿਆਂ ‘ਤੇ ਹੜ੍ਹ ਸੁਰੱਖਿਆ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਿਆਪਕ ਕਦਮ ਚੁੱਕੇ ਗਏ ਹਨ।
ਵਿਧਾਨ ਸਭਾ ਵਿੱਚ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਅੰਮ੍ਰਿਤਸਰ ਰੋਡ ‘ਤੇ ਬਿਆਸ ਪੁਲ ਤੋਂ ਲੈ ਕੇ ਹਰੀਕੇ ਪੱਤਣ ਤੱਕ ਦਰਿਆ ਬਿਆਸ ਦੇ ਨਾਲ ਲਗਦੀਆਂ ਕਮਜ਼ੋਰ ਥਾਵਾਂ ਬਾਰੇ ਅਤੇ ਵਿਧਾਇਕ ਰਜਨੀਸ਼ ਕੁਮਾਰ ਦਹੀਆ ਵੱਲੋਂ ਸਬ-ਤਹਿਸੀਲ ਮਮਦੋਟ ਖੇਤਰ ਵਿੱਚ ਸਤਲੁਜ ਦਰਿਆ ਦੇ ਨਾਲ ਲਗਦੇ ਹੜ੍ਹ ਸੁਰੱਖਿਆ ਢਾਂਚਿਆਂ ਬਾਰੇ ਉਠਾਏ ਗਏ ਧਿਆਨ ਦਿਵਾਊ ਨੋਟਿਸਾਂ ਦਾ ਜਵਾਬ ਦਿੰਦਿਆਂ ਜਲ ਸਰੋਤ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਕਮਜ਼ੋਰ ਥਾਵਾਂ ਦੀ ਪਛਾਣ ਕਰਨ, ਤਰਜੀਹ ਦੇਣ ਅਤੇ ਇਨ੍ਹਾਂ ਦੀ ਮਜ਼ਬੂਤੀ ਲਈ ਇੱਕ ਯੋਜਨਾਬੱਧ ਅਤੇ ਤਕਨੀਕੀ ਪਹੁੰਚ ਅਪਣਾਈ ਗਈ ਹੈ।
ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਧਿਆਨ ਦਵਾਊ ਨੋਟਿਸ ਦਾ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਅੰਮ੍ਰਿਤਸਰ ਰੋਡ ‘ਤੇ ਬਿਆਸ ਪੁਲ ਤੋਂ ਲੈ ਕੇ ਹਰੀਕੇ ਪੱਤਣ ਤੱਕ ਬਿਆਸ ਦਰਿਆ ਦੇ ਨਾਲ ਹੜ੍ਹ ਸੁਰੱਖਿਆ ਪ੍ਰਣਾਲੀ ਦੀ ਵਿਆਪਕ ਸਮੀਖਿਆ ਕੀਤੀ ਗਈ ਤਾਂ ਜੋ ਸੰਵੇਦਨਸ਼ੀਲ ਸਥਾਨਾਂ ਦੀ ਪਛਾਣ ਕੀਤੀ ਜਾ ਸਕੇ। ਸਬੰਧਤ ਡਰੇਨੇਜ ਡਿਵੀਜ਼ਨਾਂ ਵੱਲੋਂ ਵਿਸਤ੍ਰਿਤ ਸਰਵੇਖਣ ਕੀਤੇ ਗਏ, ਜਿਸ ਉਪਰੰਤ ਸੁਪਰਡੈਂਟਿੰਗ ਇੰਜੀਨੀਅਰਾਂ ਦੀ ਇੱਕ ਕਮੇਟੀ ਵੱਲੋਂ ਫੀਲਡ ਨਿਰੀਖਣ ਕੀਤੇ ਗਏ ਅਤੇ ਕਮਜ਼ੋਰ ਥਾਵਾਂ ਦੀ ਪਛਾਣ ਕੀਤੀ ਗਈ ਅਤੇ ਢੁਕਵੇਂ ਤਕਨੀਕੀ ਉਪਾਵਾਂ ਦੀ ਸਿਫ਼ਾਰਸ਼ ਕੀਤੀ ਗਈ। ਇਸ ਤੋਂ ਬਾਅਦ ਮੁੱਖ ਇੰਜੀਨੀਅਰਾਂ ਦੀ ਉੱਚ-ਪੱਧਰੀ ਕਮੇਟੀ ਨੇ ਪਛਾਣੇ ਗਏ ਸਥਾਨਾਂ ਦਾ ਨਿਰੀਖਣ ਕੀਤਾ, ਉਨ੍ਹਾਂ ਦੀਆਂ ਤਰਜੀਹਾਂ ਨੂੰ ਅੰਤਿਮ ਰੂਪ ਦਿੱਤਾ ਅਤੇ ਢੁਕਵੇਂ ਹੜ੍ਹ ਸੁਰੱਖਿਆ ਕਾਰਜਾਂ ਦੀ ਸਿਫ਼ਾਰਸ਼ ਕੀਤੀ।
ਜਲ ਸਰੋਤ ਮੰਤਰੀ ਨੇ ਦੱਸਿਆ ਕਿ ਬਿਆਸ ਦਰਿਆ ਦੇ ਨਾਲ-ਨਾਲ ਕਈ ਕਮਜ਼ੋਰ ਥਾਵਾਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਵਿੱਚ ਪਿੰਡ ਅੰਮ੍ਰਿਤਪੁਰ; ਭਰੋਆਣਾ, ਸ਼ੇਖ ਮਾਂਗਾ ਅਤੇ ਸਰੂਪਵਾਲ; ਭਾਗੋਬੁੱਢਾ, ਆਲੂਵਾਲ ਅਤੇ ਲੋਧੀਵਾਲ; ਯੂਸਫ਼ਪੁਰ ਦਰਵਾਲ, ਤਕੀਆ, ਗਿੱਦੜਪਿੰਡੀ ਅਤੇ ਭਰੋਆਣਾ; ਬਾਊਪੁਰ ਆਈਲੈਂਡ, ਆਹਲੀ ਖੁਰਦ ਅਤੇ ਆਹਲੀ ਕਲਾਂ; ਚੂਹੜਪੁਰ, ਸ਼ੇਰਪੁਰ ਡੋਗਰਾ ਅਤੇ ਖਿਜ਼ਰਪੁਰ; ਮਨਸੂਰਵਾਲ, ਬੁਤਾਲਾ ਅਤੇ ਢਿੱਲਵਾਂ; ਗੋਇੰਦਵਾਲ; ਵੈਰੋਵਾਲ ਅਤੇ ਹੰਸਾਵਾਲਾ; ਦਰਿਆ ਬਿਆਸ ਦੇ ਦੋਵੇਂ ਕਿਨਾਰਿਆਂ ‘ਤੇ ਪਿੰਡ ਘੜਕਾ ਅਤੇ ਬਿਆਸ ਦਰਿਆ ਦੇ ਸੱਜੇ ਕਿਨਾਰੇ ‘ਤੇ ਪਿੰਡ ਮਰੜ ਸ਼ਾਮਲ ਹਨ।
ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਪਛਾਣੀਆਂ ਗਈਆਂ ਸੰਵੇਦਨਸ਼ੀਲ ਥਾਵਾਂ ‘ਤੇ ਰਾਜ ਦੇ ਫੰਡਾਂ ਰਾਹੀਂ 32.09 ਕਰੋੜ ਰੁਪਏ ਦੇ ਹੜ੍ਹ ਸੁਰੱਖਿਆ ਕਾਰਜ ਮੁਕੰਮਲ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 12 ਕੰਮ ਪਹਿਲਾਂ ਹੀ ਮੁਕੰਮਲ ਹੋ ਚੁੱਕੇ ਹਨ ਅਤੇ ਇੱਕ ਕੰਮ ਪ੍ਰਗਤੀ ਅਧੀਨ ਹੈ।
ਉਨ੍ਹਾਂ ਦੱਸਿਆ ਕਿ ਮੁਕੰਮਲ ਕੀਤੇ ਗਏ ਕੰਮਾਂ ਵਿੱਚ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਅੰਮ੍ਰਿਤਪੁਰ ਰਾਜੇਵਾਲ ਵਿਖੇ ਬਿਆਸ ਦਰਿਆ ਦੇ ਖੱਬੇ ਪਾਸੇ ਸ. ਆਤਮਾ ਸਿੰਘ ਐਡਵਾਂਸ ਬੰਨ ਨੰ. 1 ਦੇ ਆਰ.ਡੀ. 45,250 ਦੇ ਡਾਊਨਸਟ੍ਰੀਮ ਵਿੱਚ ਸਟੱਡਸ, ਰਿਵੇਟਮੈਂਟ ਅਤੇ ਸਪਰਸ ਦੇ ਨਿਰਮਾਣ ਰਾਹੀਂ ਦਰਿਆ ਦੇ ਕਟਾਅ ਨੂੰ ਰੋਕਣ ਦੇ ਉਪਾਅ ਸ਼ਾਮਲ ਹਨ। ਇਸ ਦੇ ਨਾਲ ਹੀ ਆਰ.ਡੀ. 117,000 ਅਤੇ ਆਰ.ਡੀ. 152,000 ਦੇ ਵਿਚਕਾਰ ਬਿਆਸ ਦੇ ਨਾਲ ਹੜ੍ਹ ਦੇ ਜੋਖਮ ਨੂੰ ਘਟਾਉਣ ਦੇ ਕਾਰਜ ਅਤੇ ਪੱਛਮੀ ਵੇਈਂ ਦੇ ਦੋਵੇਂ ਪਾਸੇ ਹੜ੍ਹ ਸੁਰੱਖਿਆ ਕਾਰਜ ਵੀ ਮੁਕੰਮਲ ਹੋ ਗਏ ਹਨ।
ਇਸੇ ਤਰ੍ਹਾਂ ਕਪੂਰਥਲਾ ਅਤੇ ਜਲੰਧਰ ਜ਼ਿਲ੍ਹਿਆਂ ਵਿੱਚ ਗਿੱਦੜਪਿੰਡੀ ਐਕਸਟੈਂਸ਼ਨ ਰਿਵਰ ਐਜ ਖੇਤਰ ਵਿੱਚ ਸਤਲੁਜ ਦੇ ਨਾਲ ਹੜ੍ਹ ਦੇ ਜੋਖਮ ਨੂੰ ਘਟਾਉਣ ਦੇ ਕਾਰਜ ਮੁਕੰਮਲ ਹੋ ਗਏ ਹਨ। ਸਾਲ 2025 ਦੇ ਹੜ੍ਹਾਂ ਦੌਰਾਨ ਨੁਕਸਾਨੇ ਗਏ ਐਡਵਾਂਸ ਬੰਨ੍ਹ ਨੰਬਰ 2 ਅਤੇ ਸੁੱਜੋ ਕਾਲੀਆ ਐਡਵਾਂਸ ਬੰਨ੍ਹ ਦੀ ਮੁਰੰਮਤ ਅਤੇ ਮਜ਼ਬੂਤੀ ਸਬੰਧੀ ਕਾਰਜ ਵੀ ਮੁਕੰਮਲ ਹੋ ਗਏ ਹਨ।
ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਢਿੱਲਵਾਂ ਦੇ ਅੱਪਸਟ੍ਰੀਮ ਵਿਚਕਾਰ ਹੜ੍ਹ ਸੁਰੱਖਿਆ ਢਾਂਚੇ ਦੀ ਮਜ਼ਬੂਤੀ, ਗੋਇੰਦਵਾਲ ਬੰਨ੍ਹ, ਵੈਰੋਵਾਲ ਬੰਨ੍ਹ ਅਤੇ ਗਾਈਡ ਬੰਨ੍ਹ ਨੂੰ ਉੱਚਾ ਅਤੇ ਮਜ਼ਬੂਤ ਕਰਨ ਅਤੇ ਬਿਆਸ ਦਰਿਆ ਦੇ ਦੋਵੇਂ ਕਿਨਾਰਿਆਂ ‘ਤੇ ਪਿੰਡ ਘੜਕਾ ਵਿਖੇ ਰਿਵੇਟਮੈਂਟ ਪ੍ਰਦਾਨ ਕਰਨ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਬਿਆਸ ਦਰਿਆ ਦੇ ਸੱਜੇ ਕੰਢੇ ਪਿੰਡ ਮਰੜ ਵਿਖੇ 360 ਫੁੱਟ ਹਿੱਸੇ ਦੀ ਰਿਵੇਟਮੈਂਟ ਦਾ ਕੰਮ ਇਸ ਵੇਲੇ ਪ੍ਰਗਤੀ ਅਧੀਨ ਹੈ।
ਉਨ੍ਹਾਂ ਦੱਸਿਆ ਕਿ ਰਾਜ ਦੇ ਫੰਡਾਂ ਰਾਹੀਂ ਕੀਤੇ ਜਾਣ ਵਾਲੇ ਕੰਮਾਂ ਤੋਂ ਇਲਾਵਾ ਵਿਭਾਗ ਨੇ ਆਹਲੀ ਕਲਾਂ, ਆਹਲੀ ਖੁਰਦ, ਸਫ਼ਦਰਪੁਰ-ਖਿਜ਼ਰਪੁਰ ਅਤੇ ਘੜਕਾ ਨੇੜੇ ਮਗਨਰੇਗਾ ਤਹਿਤ 11.98 ਕਰੋੜ ਰੁਪਏ ਦੇ ਹੜ੍ਹ ਸੁਰੱਖਿਆ ਅਤੇ ਦਰਿਆਵਾਂ ਦੇ ਕੰਢਿਆਂ ਨੂੰ ਖੁਰਨ ਤੋਂ ਬਚਾਅ ਸਬੰਧੀ ਕਾਰਜ ਵੀ ਕੀਤੇ ਹਨ। ਉਨ੍ਹਾਂ ਕਿਹਾ ਕਿ ਇਹ ਕਾਰਜ ਪਿੰਡਾਂ ਅਤੇ ਵਾਹੀਯੋਗ ਜ਼ਮੀਨਾਂ ਨੂੰ ਹੜ੍ਹਾਂ ਅਤੇ ਗਾਰ ਤੋਂ ਬਚਾਉਣ ਦੇ ਉਦੇਸ਼ ਨਾਲ ਕੀਤੇ ਗਏ ਹਨ। ਕੈਬਨਿਟ ਮੰਤਰੀ ਨੇ ਸਦਨ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਪਿਛਲੇ ਪੰਜ ਹੜ੍ਹ ਸੀਜ਼ਨਾਂ ਦੌਰਾਨ ਬਿਆਸ ਦੇ ਇਸ ਹਿੱਸੇ ਵਿੱਚ ਕਿਸੇ ਵੀ ਹੜ੍ਹ ਸੁਰੱਖਿਆ ਬੰਨ੍ਹ ਵਿੱਚ ਕੋਈ ਪਾੜ ਨਹੀਂ ਪਿਆ ਹੈ।
ਵਿਧਾਇਕ ਰਜਨੀਸ਼ ਕੁਮਾਰ ਦਹੀਆ ਵੱਲੋਂ ਲਿਆਂਦੇ ਧਿਆਨ ਦਿਵਾਊ ਨੋਟਿਸ ਦਾ ਜਵਾਬ ਦਿੰਦਿਆਂ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਸਬ-ਤਹਿਸੀਲ ਮਮਦੋਟ ਅਧੀਨ ਪੈਂਦੇ ਪਿੰਡ ਦੋਨਾ ਤੇਲੂ ਮੱਲ, ਕਾਲੂ ਅਰਾਈਆਂ ਹਿਠਾੜ, ਫੱਤੇਵਾਲਾ ਹਿਠਾੜ, ਰੁਹੇਲਾ ਹਾਜ਼ੀ, ਗੰਧੂ ਕਿਲਚਾ ਹਿਠਾੜ ਅਤੇ ਨਿਹਾਲਾ ਕਿਲਚਾ ਸਤਲੁਜ ਦਰਿਆ ਦੇ ਖੱਬੇ ਕੰਢੇ ‘ਤੇ ਸਥਿਤ ਹਨ। ਗੰਧੂ ਕਿਲਚਾ ਹਿਠਾੜ ਅਤੇ ਦੋਨਾ ਤੇਲੂ ਮੱਲ ਦਰਿਆ ਦੇ ਕੰਢੇ ਸਥਿਤ ਹਨ, ਜਦੋਂ ਕਿ ਬਾਕੀ ਪਿੰਡ ਦਰਿਆ ਤੋਂ ਕੁਝ ਦੂਰੀ ‘ਤੇ ਸਥਿਤ ਹਨ।
ਸਟੱਡ ਨੰਬਰ 512 ਤੋਂ 520 ਦੇ ਹਵਾਲੇ ਨੂੰ ਸਪੱਸ਼ਟ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਵਿਭਾਗ ਵੱਲੋਂ ਹੜ੍ਹ ਸੁਰੱਖਿਆ ਢਾਂਚੇ ਨੂੰ ਇਸ ਤਰੀਕੇ ਨਾਲ ਵੱਖਰੀ ਨੰਬਰਿੰਗ ਨਹੀਂ ਦਿੱਤੀ ਜਾਂਦੀ। ਹੜ੍ਹ ਸੁਰੱਖਿਆ ਕਾਰਜਾਂ ਦੀ ਪਛਾਣ ਅਤੇ ਨਿਗਰਾਨੀ ਹੜ੍ਹ ਸੁਰੱਖਿਆ ਬੰਨ੍ਹ ਦੇ ਆਰ.ਡੀ. ਸਿਸਟਮ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਸਬ-ਤਹਿਸੀਲ ਮਮਦੋਟ ਵਿੱਚ ਜਿਨ੍ਹਾਂ ਢਾਂਚਿਆਂ ਦਾ ਜ਼ਿਕਰ ਕੀਤਾ ਗਿਆ ਹੈ, ਉਹ ਸਾਲ 1995 ਦੇ ਆਸ-ਪਾਸ ਪਿੰਡ ਦੋਨਾ ਤੇਲੂ ਮੱਲ ਵਿਖੇ ਆਰ.ਡੀ. 12,410 ਅਤੇ ਆਰ.ਡੀ. 16,500 ਦੇ ਵਿਚਕਾਰ ਹੜ੍ਹ ਸੁਰੱਖਿਆ ਬੰਨ੍ਹ ਦੇ ਨਾਲ ਬਣਾਏ ਗਏ ਸਨ। ਪਿਛਲੇ ਹੜ੍ਹਾਂ ਦੇ ਸੀਜ਼ਨ ਦੌਰਾਨ ਪਾਣੀ ਦੇ ਉੱਚੇ ਪੱਧਰ ਅਤੇ ਡੁੱਬਣ ਕਾਰਨ ਬਰਮ ਦੇ ਨਾਲ ਦੋ ਸਪੱਰਜ਼ ਅਤੇ ਅੱਠ ਸਟੱਡਜ਼ ਨੁਕਸਾਨੇ ਗਏ ਸਨ। ਹਾਲਾਂਕਿ ਹੜ੍ਹ ਸੁਰੱਖਿਆ ਬੰਨ੍ਹ ਪੂਰੀ ਤਰ੍ਹਾਂ ਸੁਰੱਖਿਅਤ ਰਿਹਾ ਅਤੇ ਇਸ ਨੂੰ ਕੋਈ ਨੁਕਸਾਨ ਨਹੀਂ ਹੋਇਆ।
ਜਲ ਸਰੋਤ ਮੰਤਰੀ ਨੇ ਕਿਹਾ ਕਿ ਨੁਕਸਾਨੇ ਗਏ ਢਾਂਚੇ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਫੀਲਡ ਇੰਸਪੈਕਸ਼ਨ ਰਾਹੀਂ ਪਹਿਲਾਂ ਹੀ ਲਿਆ ਜਾ ਚੁੱਕਾ ਹੈ। ਫੀਲਡ ਪੱਧਰੀ ਕਮੇਟੀ ਵੱਲੋਂ ਕੀਤੀਆਂ ਸਿਫ਼ਾਰਸ਼ਾਂ ਦੇ ਆਧਾਰ ‘ਤੇ ਨੁਕਸਾਨੇ ਗਏ ਢਾਂਚੇ ਦੀ ਮੁਰੰਮਤ ਅਤੇ ਪੁਨਰ-ਨਿਰਮਾਣ ਦੀ ਤਜਵੀਜ਼ ਫਲੱਡ ਮੈਨੇਜਮੈਂਟ ਪ੍ਰੋਗਰਾਮ ਵਿੱਚ ਸ਼ਾਮਲ ਕੀਤੀ ਗਈ ਹੈ ਅਤੇ ਵਿਸਥਾਰਤ ਪ੍ਰਾਜੈਕਟ ਰਿਪੋਰਟ (ਡੀ.ਪੀ.ਆਰ) ਪ੍ਰਵਾਨਗੀ ਲਈ ਭਾਰਤ ਸਰਕਾਰ ਨੂੰ ਭੇਜ ਦਿੱਤੀ ਗਈ ਹੈ।
ਸ੍ਰੀ ਗੋਇਲ ਨੇ ਕਿਹਾ ਕਿ ਮਮਦੋਟ ਖੇਤਰ ਵਿੱਚ ਹੜ੍ਹ ਸੁਰੱਖਿਆ ਪ੍ਰਣਾਲੀ ਦੀ ਸੰਵੇਦਨਸ਼ੀਲਤਾ ਨੂੰ ਮੁੱਖ ਰੱਖਦਿਆਂ ਜਲ ਸਰੋਤ ਵਿਭਾਗ ਵੱਲੋਂ ਸਾਲ 2026-27 ਦੇ ਹੜ੍ਹ ਤਿਆਰੀ ਪ੍ਰੋਗਰਾਮ ਤਹਿਤ ਸੰਵੇਦਨਸ਼ੀਲ ਥਾਵਾਂ ਦੀ ਵਿਆਪਕ ਸਮੀਖਿਆ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ। ਸੁਪਰਡੈਂਟ ਇੰਜੀਨੀਅਰਾਂ ਦੀ ਇੱਕ ਕਮੇਟੀ ਨੇ ਸੰਵੇਦਨਸ਼ੀਲ ਥਾਵਾਂ ਦਾ ਨਿਰੀਖਣ ਕੀਤਾ ਅਤੇ ਢੁਕਵੇਂ ਤਕਨੀਕੀ ਉਪਾਵਾਂ ਦੀ ਸਿਫ਼ਾਰਸ਼ ਕੀਤੀ ਹੈ। ਇਸ ਤੋਂ ਬਾਅਦ ਚੀਫ਼ ਇੰਜੀਨੀਅਰਾਂ ਦੀ ਉੱਚ ਪੱਧਰੀ ਕਮੇਟੀ ਨੇ ਪ੍ਰਸਤਾਵਾਂ ਦੀ ਜਾਂਚ ਕੀਤੀ, ਕੰਮਾਂ ਨੂੰ ਤਰਜੀਹ ਦਿੱਤੀ ਅਤੇ ਹੜ੍ਹ ਸੁਰੱਖਿਆ ਪ੍ਰੋਗਰਾਮ ਨੂੰ ਅੰਤਿਮ ਰੂਪ ਦਿੱਤਾ।
ਕੈਬਨਿਟ ਮੰਤਰੀ ਨੇ ਸਦਨ ਨੂੰ ਅੱਗੇ ਦੱਸਿਆ ਕਿ ਮਮਦੋਟ ਖੇਤਰ ਵਿੱਚ ਹੜ੍ਹ ਸੁਰੱਖਿਆ ਪ੍ਰਣਾਲੀ ਦੀ ਸੰਵੇਦਨਸ਼ੀਲਤਾ ਨੂੰ ਮੁੱਖ ਰੱਖਦਿਆਂ ਵਿਭਾਗ ਨੇ ਪਹਿਲਾਂ ਹੀ ਪਿੰਡ ਗੰਧੂ ਕਿਲਚਾ ਹਿਠਾੜ ਵਿਖੇ ਆਰ.ਡੀ. 10,650 ਅਤੇ ਆਰ.ਡੀ. 11,700 ਦੇ ਵਿਚਕਾਰ ਇੱਕ ਨਵਾਂ ਸਪੱਰ, 700 ਫੁੱਟ ਜਿਓ-ਬੈਗ ਰਿਵੇਟਮੈਂਟ ਅਤੇ ਪੰਜ ਸਟੱਡਜ਼ ਦਾ ਨਿਰਮਾਣ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕਾਰਜਾਂ ‘ਤੇ ਲਗਭਗ 5 ਕਰੋੜ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਉਪਾਵਾਂ ਨਾਲ ਹੜ੍ਹ ਸੁਰੱਖਿਆ ਬੁਨਿਆਦੀ ਢਾਂਚੇ ਨੂੰ ਕਾਫੀ ਮਜ਼ਬੂਤੀ ਮਿਲੀ ਹੈ ਅਤੇ ਭਵਿੱਖ ‘ਚ ਹੜ੍ਹਾਂ ਦੇ ਖ਼ਤਰੇ ਮੌਕੇ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ ਅਤੇ ਵਾਹੀਯੋਗ ਜ਼ਮੀਨ ਦੀ ਸੁਰੱਖਿਆ ਵਿੱਚ ਵਾਧਾ ਹੋਇਆ ਹੈ।
ਜਲ ਸਰੋਤ ਮੰਤਰੀ ਨੇ ਦੁਹਰਾਇਆ ਕਿ ਪੰਜਾਬ ਸਰਕਾਰ ਹੜ੍ਹ ਸੁਰੱਖਿਆ ਬੁਨਿਆਦੀ ਢਾਂਚੇ ਨੂੰ ਤਰਜੀਹ ਦੇ ਆਧਾਰ ‘ਤੇ ਮਜ਼ਬੂਤ ਕਰਨ ਅਤੇ ਸੰਵੇਦਨਸ਼ੀਲ ਥਾਵਾਂ ‘ਤੇ ਸਮੇਂ ਸਿਰ ਰੋਕਥਾਮ ਵਾਲੇ ਕਦਮ ਚੁੱਕਣ ਲਈ ਵਚਨਬੱਧ ਹੈ ਤਾਂ ਜੋ ਵਾਹੀਯੋਗ ਜ਼ਮੀਨ ਨੂੰ ਹੜ੍ਹਾਂ ਅਤੇ ਗਾਰ ਤੋਂ ਬਚਾਉਣ ਤੋਂ ਇਲਾਵਾ ਲੋਕਾਂ ਦੇ ਜਾਨ-ਮਾਲ ਦੀ ਰਾਖੀ ਕੀਤੀ ਜਾ ਸਕੇ।