ਵਿਜੀਲੈਂਸ ਬਿਊਰੋ ਨੇ ਇੰਸਪੈਕਟਰ ਅਤੇ ਪੀਐਚਜੀ ਨੂੰ 50,000/- ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ

ਪੰਜਾਬ ਵਿਜੀਲੈਂਸ ਬਿਊਰੋ (VB) ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ, ਪੰਜਾਬ ਵਿਜੀਲੈਂਸ ਬਿਊਰੋ (VB) ਨੇ ਜ਼ਿਲ੍ਹਾ ਮੋਗਾ ਦੇ ਪੁਲਿਸ ਸਟੇਸ਼ਨ ਕੋਟ ਈਸੇ ਖਾਂ ਵਿਖੇ ਸਟੇਸ਼ਨ ਹਾਊਸ ਅਫਸਰ (SHO) ਇੰਸਪੈਕਟਰ ਸੁਨੀਤਾ ਬਾਵਾ ਅਤੇ ਪੰਜਾਬ ਹੋਮ ਗਾਰਡ (PHG) ਗੁਰਅਵਤਾਰ ਸਿੰਘ ਨੂੰ 50,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ।

ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ, ਰਾਜ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਦੋਸ਼ੀ ਨੂੰ ਪਿੰਡ ਨੂਰਪੁਰ ਹਕੀਮਾ ਜ਼ਿਲ੍ਹਾ ਮੋਗਾ ਦੇ ਇੱਕ ਨਿਵਾਸੀ ਦੁਆਰਾ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਦੋਸ਼ੀ ਪੀਐਚਜੀ ਗੁਰਅਵਤਾਰ ਸਿੰਘ ਨੇ 1,00,000 ਰੁਪਏ ਦੀ ਰਿਸ਼ਵਤ ਮੰਗੀ ਸੀ, ਜਿਸ ਨੂੰ ਨਾ ਕਰਨ ਦੀ ਸੂਰਤ ਵਿੱਚ ਸ਼ਿਕਾਇਤਕਰਤਾ ਨੂੰ ਕੋਟ ਈਸੇ ਖਾਂ ਪੁਲਿਸ ਸਟੇਸ਼ਨ ਵਿੱਚ ਪਹਿਲਾਂ ਹੀ ਦਰਜ ਇੱਕ ਕੇਸ ਵਿੱਚ ਫਸਾਇਆ ਜਾਵੇਗਾ ਅਤੇ ਉਸ ਤੋਂ ਬਾਅਦ ਦੋਸ਼ੀ ਪੀਐਚਜੀ 80000 ਰੁਪਏ ਰਿਸ਼ਵਤ ਵਜੋਂ ਲੈਣ ਲਈ ਸਹਿਮਤ ਹੋ ਗਿਆ। ਦੋਸ਼ੀ ਪੀਐਚਜੀ ਗੁਰਅਵਤਾਰ ਸਿੰਘ ਪਹਿਲਾਂ ਹੀ ਸ਼ਿਕਾਇਤਕਰਤਾ ਤੋਂ 20,000 ਰੁਪਏ ਰਿਸ਼ਵਤ ਵਜੋਂ ਲੈ ਚੁੱਕਾ ਸੀ ਅਤੇ 60,000 ਰੁਪਏ ਹੋਰ ਮੰਗ ਰਿਹਾ ਸੀ। ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ 50,000 ਰੁਪਏ ਦੀ ਰਿਸ਼ਵਤ ਦੀ ਕਿਸ਼ਤ ਖਾਸ ਤੌਰ ‘ਤੇ ਐਸਐਚਓ ਸੁਨੀਤਾ ਬਾਵਾ ਲਈ ਸੀ।

ਗੈਰ-ਕਾਨੂੰਨੀ ਰਿਸ਼ਵਤ ਦੇਣ ਤੋਂ ਇਨਕਾਰ ਕਰਦੇ ਹੋਏ, ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਰੇਂਜ ਫਿਰੋਜ਼ਪੁਰ ਨਾਲ ਸੰਪਰਕ ਕੀਤਾ। ਉਸਦੀ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ, ਵਿਜੀਲੈਂਸ ਬਿਊਰੋ ਦੀ ਟੀਮ ਨੇ ਇੱਕ ਜਾਲ ਵਿਛਾਇਆ ਜਿਸ ਦੌਰਾਨ ਦੋਸ਼ੀ ਇੰਸਪੈਕਟਰ ਸੁਨੀਤਾ ਬਾਵਾ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਦੋਸ਼ੀ ਪੀਐਚਜੀ ਗੁਰਅਵਤਾਰ ਸਿੰਘ ਤੋਂ 50,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ।

ਇਸ ਸਬੰਧ ਵਿੱਚ, ਦੋਸ਼ੀ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਫਿਰੋਜ਼ਪੁਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Leave a Reply

Your email address will not be published. Required fields are marked *