ਜ਼ਿਲ੍ਹਾ ਚੋਣ ਅਫ਼ਸਰ, ਫਾਜ਼ਿਲਕਾ ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ ਦੀ ਅਗਵਾਈ ਹੇਠ ਵਿਧਾਨ ਸਭਾ ਚੋਣਾਂ-2027 ਦੀਆਂ ਤਿਆਰੀਆਂ ਅਤੇ ਪੋਲਿੰਗ ਸਟੇਸ਼ਨਾਂ ਦੀ ਰੈਸਨੇਲਾਈਜੇਸ਼ਨ ਸਬੰਧੀ ਰਾਜਨੀਤਿਕ ਪਾਰਟੀਆਂ ਦੇ ਜ਼ਿਲ੍ਹਾ ਪ੍ਰਧਾਨ ਸਕੱਤਰਾਂ ਤੇ ਵੱਖ-ਵੱਖ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿੱਚ ਚੋਣਾਂ ਨੂੰ ਸੁਤੰਤਰ, ਨਿਰਪੱਖ, ਸ਼ਾਂਤੀਪੂਰਨ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਵਿਚਾਰ ਚਰਚਾ ਕੀਤੀ ਗਈ ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਐਸ.ਆਈ.ਆਰ-2026 ਦੇ ਦੂਸਰੇ ਪੜਾਅ ਦੇ ਸਫਲਤਾਪੂਰਵਕ ਮੁਕੰਮਲ ਹੋਣ ਉਪਰੰਤ ਮਿਤੀ 12 ਅਕਤੂਬਰ 2026 ਨੂੰ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਕੀਤੀ ਜਾ ਚੁੱਕੀ ਹੈ। ਅੰਤਿਮ ਵੋਟਰ ਸੂਚੀ ਮੁਤਾਬਿਕ ਜਿਲ੍ਹਾ ਫਾਜ਼ਿਲਕਾ ਵਿੱਚ ਵੋਟਰਾਂ ਦੀ ਗਿਣਤੀ ਕੁੱਲ 7,43,863 ਹੈ ਜੋ ਕਿ ਵਿਧਾਨ ਸਭਾ ਹਲਕਾ 79- ਜਲਾਲਾਬਾਦ ਵਿੱਚ ਮਰਦ 1,07,462, ਔਰਤਾਂ 1,03722 ਅਤੇ ਥਰਡ ਯੈਂਡਰ 5 ਹਨ। ਹਲਕਾ 80-ਫਾਜਿਲਕਾ ਵਿੱਚ ਮਰਦ 91,107, ਔਰਤ 88,200 ਤੇ 3 ਥਰਡ ਯੈਂਡਰ ਹਨ। ਹਲਕਾ 81-ਅਬੋਹਰ ਵਿੱਚ ਮਰਦ 86,491, ਅਤੇ 80,920 ਔਰਤ ਤੇ 2 ਥਰਡ ਯੈਂਡਰ ਹਨ। ਇਸੇ ਤਰ੍ਹਾਂ ਹਲਕਾ 82-ਬੱਲੂਆਣਾ ਵਿੱਚ ਮਰਦ 96,523, ਔਰਤ 89,427 ਅਤੇ 1 ਥਰਡ ਯੈਂਡਰ ਹਨ।
ਇਸ ਤੋਂ ਇਲਾਵਾ ਅੰਤਿਮ ਵੋਟਰ ਸੂਚੀ ਮੁਤਾਬਿਕ ਜ਼ਿਲ੍ਹਾ ਫਾਜ਼ਿਲਕਾ ਵਿੱਚ ਸਰਵਿਸ ਵੋਟਰਾਂ ਦੀ ਗਿਣਤੀ 2443 ਹੈ ਜੋ ਕਿ ਵਿਧਾਨ ਸਭਾ ਹਲਕਾ 79- ਜਲਾਲਾਬਾਦ ਵਿੱਚ ਮਰਦ 848 ਅਤੇ ਔਰਤਾਂ 27 ਹਨ। ਹਲਕਾ 80-ਫਾਜ਼ਿਲਕਾ ਵਿੱਚ ਮਰਦ 586 ਤੇ ਔਰਤ 28 ਹਨ। ਹਲਕਾ 81-ਅਬੋਹਰ ਵਿੱਚ ਮਰਦ 332 ਅਤੇ 20 ਔਰਤਾਂ ਹਨ। ਇਸੇ ਤਰ੍ਹਾਂ ਹਲਕਾ 82-ਬੱਲੂਆਣਾ ਵਿੱਚ ਮਰਦ 541 ਤੇ ਔਰਤ ਦੀ ਗਿਣਤੀ 61 ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ਵਿੱਚ ਪਹਿਲਾ ਪੋਲਿੰਗ ਸਟੇਸ਼ਨਾਂ ਦੀ ਗਿਣਤੀ 898 ਸੀ ਤੇ ਰੈਸਨੇਲਾਈਜੇਸ਼ਨ ਤੋਂ ਬਾਅਦ 1 ਪੋਲਿੰਗ ਸਟੇਸ਼ਨ ਵਧਾਇਆ ਗਿਆ ਹੈ ਸੋ ਹੁਣ ਪੋਲਿੰਗ ਸਟੇਸ਼ਨ ਦੀ ਗਿਣਤੀ 899 ਹੋ ਗਈ ਤੇ ਇਹ ਪੋਲਿੰਗ ਸਟੇਸ਼ਨ ਦੇ ਵਿਧਾਨ ਸਭਾ ਚੋਣ ਹਲਕਾ 80-ਫਾਜਿਲਕਾ ਦਾ ਸੈਦੋ ਕੇ ਉਤਾੜ ਉਰਫ ਚਾਂਦ ਮਾਰੀ ਬਣਾਇਆ ਗਿਆ ਹੈ।
ਉਨ੍ਹਾਂ ਪੁਲਿਸ ਅਤੇ ਚੋਣ ਅਧਿਕਾਰੀਆਂ ਵੱਲੋਂ ਪੋਲਿੰਗ ਸਟੇਸ਼ਨਾਂ ਦੀ ਸੁਰੱਖਿਆ, ਫਸਟ ਲੈਵਲ ਚੈਕਿੰਗ ਦੌਰਾਨ ਸੁਰੱਖਿਆ ਪ੍ਰਬੰਧਾਂ, ਸੈਕਟਰ ਅਫ਼ਸਰਾਂ ਅਤੇ ਪੁਲਿਸ ਸੈਕਟਰ ਅਫ਼ਸਰਾਂ ਵਿਚਕਾਰ ਤਾਲਮੇਲ ਅਤੇ ਚੋਣਾਂ ਦੌਰਾਨ ਗੈਰ-ਕਾਨੂੰਨੀ ਨਕਦੀ, ਸ਼ਰਾਬ, ਨਸ਼ੀਲੇ ਪਦਾਰਥਾਂ ਅਤੇ ਹੋਰ ਗੈਰ-ਕਾਨੂੰਨੀ ਵਸਤਾਂ ਦੀ ਆਵਾਜਾਈ ’ਤੇ ਨਿਗਰਾਨੀ ਸਬੰਧੀ ਵੀ ਵਿਚਾਰ ਕੀਤਾ। ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਤੋਂ ਚੋਣ ਖ਼ਰਚਿਆਂ ਪ੍ਰਤੀ ਸੰਵੇਦਨਸ਼ੀਲ ਖੇਤਰਾਂ ਸਬੰਧੀ ਰਿਪੋਰਟਾਂ ਪ੍ਰਾਪਤ ਕੀਤੀਆਂ ਜਾਣ ਅਤੇ ਬਕਾਇਆ ਰਿਪੋਰਟਾਂ ਸਮੇਂ ਸਿਰ ਭੇਜੀਆਂ ਜਾਣ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨ.) ਡਾ. ਮਨਦੀਪ ਕੌਰ, ਐੱਸ.ਡੀ.ਐੱਮ. ਜੁਗਰਾਜ ਸਿੰਘ ਅਤੇ ਅੰਡਰ ਟ੍ਰੇਨਿੰਗ ਅਫਸਰ ਸੁਬਰਤ ਸਿੰਘ ਸਮੇਤ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨ ਸਕੱਤਰਾਂ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।