ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਸੁਨਹਿਰੀ ਮੌਕੇ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ‘ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ’ ਵੱਲੋਂ 17 ਜੂਨ ਨੂੰ ਸਵੇਰੇ 09 ਵਜੇ ਵਿਸ਼ੇਸ਼ ਰੋਜ਼ਗਾਰ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਦੌਰਾਨ ਆਈ.ਸੀ.ਆਈ.ਬੈਂਕ ਵੱਲੋਂ ਯੋਗ ਉਮੀਦਵਾਰਾਂ ਦੀ ਸਿੱਧੀ ਭਰਤੀ ਕੀਤੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜਗਾਰ ਅਫਸਰ, ਸ੍ਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਭਰਤੀ ਮੁਹਿੰਮ ਵਿੱਚ ਹਿੱਸਾ ਲੈਣ ਲਈ ਉਮੀਦਵਾਰ ਦੀ ਘੱਟੋ-ਘੱਟ ਗ੍ਰੈਜੂਏਸ਼ਨ ਹੋਣੀ ਲਾਜ਼ਮੀ ਹੈ। ਕੈਂਪ ਵਿੱਚ 18 ਤੋਂ 26 ਸਾਲ ਦੀ ਉਮਰ ਦੇ ਨੌਜਵਾਨ ਭਾਗ ਲੈ ਸਕਦੇ ਹਨ। ਚੁਣੇ ਗਏ ਯੋਗ ਉਮੀਦਵਾਰਾਂ ਨੂੰ ਕੰਪਨੀਆਂ ਵੱਲੋਂ ਸਾਲਾਨਾ 4.4 ਲੱਖ ਰੁਪਏ ਤੱਕ ਦਾ ਸ਼ਾਨਦਾਰ ਤਨਖਾਹ ਪੈਕੇਜ ਦਿੱਤਾ ਜਾਵੇਗਾ।
ਜਿਲ੍ਹਾ ਰੋਜ਼ਗਾਰ ਅਫ਼ਸਰ ਨੇ ਅਪੀਲ ਕੀਤੀ ਕਿ ਜ਼ਿਲ੍ਹੇ ਦੇ ਵੱਧ ਤੋਂ ਵੱਧ ਬੇਰੁਜ਼ਗਾਰ ਨੌਜਵਾਨ ਇਸ ਕੈਂਪ ਵਿੱਚ ਪਹੁੰਚ ਕੇ ਇਸ ਸੁਨਹਿਰੀ ਮੌਕੇ ਦਾ ਲਾਹਾ ਲੈਣ। ਇਸ ਕੈਂਪ ਦੌਰਾਨ ਨਵੇਂ ਬੇਰੁਜ਼ਗਾਰ ਨੌਜਵਾਨਾਂ ਦੇ ਨਾਮ ਵੀ ਰੋਜ਼ਗਾਰ ਬਿਊਰੋ ਦੇ ਪੋਰਟਲ 'ਤੇ ਰਜਿਸਟਰ ਕੀਤੇ ਜਾਣਗੇ ਤਾਂ ਜੋ ਭਵਿੱਖ ਵਿੱਚ ਆਉਣ ਵਾਲੀਆਂ ਨੌਕਰੀਆਂ ਬਾਰੇ ਵੀ ਉਹਨਾਂ ਨੂੰ ਸੂਚਿਤ ਕੀਤਾ ਜਾ ਸਕੇ। ਚਾਹਵਾਨ ਉਮੀਦਵਾਰ ਆਪਣੇ ਲੋੜੀਂਦੇ ਦਸਤਾਵੇਜ਼ (ਵਿੱਦਿਅਕ ਸਰਟੀਫਿਕੇਟ,ਆਧਾਰ ਕਾਰਡ ਅਤੇ ਰਿਜ਼ਿਊਮੇ/ਬਾਇਓਡਾਟਾ) ਲੈ ਕੇ ਨਿਯਤ ਸਮੇਂ 'ਤੇ ਪਹੁੰਚਣ। ਇਸ ਭਰਤੀ ਸਬੰਧੀ ਵਧੇਰੇ ਜਾਣਕਾਰੀ ਜਾਂ ਕਿਸੇ ਵੀ ਤਰ੍ਹਾਂ ਦੀ ਪੁੱਛਗਿੱਛ ਲਈ ਮਯੰਕ ਅਗਰਵਾਲ ਨਾਲ ਮੋਬਾਈਲ ਨੰਬਰ 75004-44443 'ਤੇ ਸੰਪਰਕ ਕੀਤਾ ਜਾ ਸਕਦਾ ਹੈ।