ਸੜ੍ਹਕੀ ਹਾਦਸੇ ਰੋਕਣ ਲਈ ਜ਼ਿਲ੍ਹੇ ਵਿੱਚ ਵੱਧ ਤੋਂ ਵੱਧ ਬਲੈਕ ਸਪਾਟ ਦੀ ਪਹਿਚਾਣ ਕੀਤੀ ਜਾਵੇ ਅਤੇ ਬਾਕੀ ਦੇ ਬਲੈਕ ਸਪਾਟ ਤੁਰੰਤ ਠੀਕ ਕੀਤੇ ਜਾਣ ਤਾਂ ਜੋ ਸੜ੍ਹਕ ਦੁਰਘਟਨਾਵਾਂ ਵਿੱਚ ਅਜਾਈਂ ਜਾਂਦੀਆਂ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕੇ। ਇਹ ਆਦੇਸ਼ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਜਾ ਸਿਆਲ ਗਰੇਵਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਬੰਧਤ ਅਧਿਕਾਰੀਆਂ ਨੂੰ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਇਹ ਆਦੇਸ਼ ਵੀ ਕੀਤੇ ਕਿ ਜ਼ਿਲ੍ਹੇ ਵਿੱਚ ਪੈਂਦੇ ਸਮੂਹ ਸਕੂਲਾਂ ਅੱਗੇ ਰੰਬਲ ਸਟਰਿੱਪ ਤੇ ਲੋੜੀਂਦੇ ਬੋਰਡ ਵੀ ਲਗਵਾਏ ਜਾਣ ਤਾਂ ਜੋ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਸੜ੍ਹਕ ਦੁਰਘਟਨਾਵਾਂ ਤੋਂ ਬਚਾਇਆ ਜਾ ਸਕੇ।
ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਨੂੰ ਕਿਹਾ ਕਿ ਸੇਫ ਸਕੂਲ ਵਾਹਨ ਪਾਲਿਸੀ ਅਧੀਨ ਜਿਹੜੀਆਂ ਸਕੂਲੀ ਬੱਸਾਂ ਦੇ ਚਲਾਨ ਕੀਤੇ ਗਏ ਹਨ ਉਨ੍ਹਾਂ ਸਕੂਲਾਂ ਤੋਂ ਕੀਤੀ ਗਈ ਕਾਰਵਾਈ ਬਾਰੇ ਰਿਪੋਰਟ ਹਾਸਲ ਕੀਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਸਮੂਹ ਐਸ.ਡੀ.ਐਮਜ਼ ਨੂੰ ਕਿਹਾ ਕਿ ਜ਼ਿਲ੍ਹੇ ਵਿੱਚ ਪੈਂਦੇ ਸਕੂਲਾਂ ਦੇ ਅੱਗੇ ਸੜ੍ਹਕ ਦੁਰਘਟਨਾਵਾਂ ਰੋਕਣ ਲਈ ਲੋੜੀਂਦੇ ਬੋਰਡ ਤੇ ਰੰਬਲ ਸਟਰਿੱਪ ਹੋਣ ਸਬੰਧੀ ਨਿੱਜੀ ਤੌਰ ਤੇ ਜਾਇਜ਼ਾ ਲਿਆ ਜਾਵੇ। ਉਨ੍ਹਾਂ ਨੈਸ਼ਨਲ ਹਾਈ ਵੇਅ ਅਥਾਰਟੀ ਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਬਲੈਕ ਸਪਾਟ ਬੰਦ ਕਰਨ ਸਬੰਧੀ ਕੀਤੀ ਗਈ ਕਾਰਵਾਈ ਬਾਰੇ ਵਿਸਥਾਰਤ ਰਿਪੋਰਟ ਭੇਜੀ ਜਾਵੇ।
ਮੀਟਿੰਗ ਵਿੱਚ ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਕਰੁਣ ਗੁਪਤਾ, ਐਸ.ਡੀ.ਐਮ. ਖਮਾਣੋਂ ਅਰਵਿੰਦ ਗੁਪਤਾ, ਐਸ.ਡੀ.ਐਮ. ਬਸੀ ਪਠਾਣਾ ਦੀਪਜੌਤ ਕੌਰ,ਸਹਾਇਕ ਕਮਿਸ਼ਨਰ ਸੂਬਾ ਸਿੰਘ, ਰਿਜਨਲ ਟਰਾਂਸਪੋਰਟ ਅਥਾਰਟੀ ਨਮਨ ਮੜਕਨ, ਡੀ.ਐਸ.ਪੀ. ਇੰਦਰਪ੍ਰੀਤ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।