ਵਾਤਾਵਰਨ ਦੀ ਸੰਭਾਲ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਰਿਆ-ਭਰਿਆ ਪੰਜਾਬ ਦੇਣ ਦੇ ਮਕਸਦ ਨਾਲ ਵੀਰਵਾਰ ਨੂੰ ਡਿਪਟੀ ਕਮਿਸ਼ਨਰ ਫਾਜ਼ਿਲਕਾ ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਨੇ ਫਾਜ਼ਿਲਕਾ ਤੋਂ ਅਬੋਹਰ ਰੋਡ ਦੇ ਡਿਵਾਈਡਰ ਵਿੱਚ ਬੂਟੇ ਲਗਾ ਕੇ ਜ਼ਿਲ੍ਹਾ ਪੱਧਰੀ ਰੁੱਖ ਲਗਾਓ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਮਨਦੀਪ ਕੌਰ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਵੱਡੇ ਪੱਧਰ ’ਤੇ ਰੁੱਖ ਲਗਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਇਸ ਸਾਲ ਸੂਬੇ ਵਿੱਚ ਲੱਖਾਂ ਬੂਟੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ ਤੇ ਇਕੱਲੇ ਫਾਜ਼ਿਲਕਾ ਜ਼ਿਲ੍ਹੇ ਲਈ ਵੀ ਹਜ਼ਾਰਾਂ ਬੂਟੇ ਲਗਾਉਣ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਵਣ ਵਿਭਾਗ ਫਾਜ਼ਿਲਕਾ ਵੱਲੋਂ ਸਾਲ 2026-27 ਦੌਰਾਨ ਫਾਜ਼ਿਲਕਾ ਵਿੱਚ ਕੁੱਲ 40 ਹਜ਼ਾਰ 822 ਬੂਟੇ ਲਗਾਏ ਜਾ ਚੁੱਕੇ ਹਨ। ਗਰੀਨ ਪੰਜਾਬ ਮਿਸ਼ਨ ਸਕੀਮ ਤਹਿਤ 9400 ਬੂਟਾ ਲਗਾਇਆ ਗਿਆ ਜੋ ਕਿ ਇਸ ਤਰ੍ਹਾਂ ਜਿਵੇਂ ਕਿ ਨਾਨਕ ਬਗੀਚੀ ਤਹਿਤ ਕੁੱਲ 4500 ਬੂਟਾ ਤੇ ਇੱਕ ਬਗੀਚੀ ਵਿੱਚ 500 ਬੂਟਾ ਲਗਾਇਆ ਗਿਆ ਹੈ ਤੇ ਕੁੱਲ੍ਹ 9 ਬਗੀਚੀਆਂ ਵਿੱਚ 4500 ਬੂਟੇ ਲਗਾਏ ਜਾ ਚੁੱਕੇ ਹਨ। 1 ਪਵਿੱਤਰ ਵਣ ਵਿੱਚ 400 ਬੂਟਾ ਲਗਾਇਆ ਗਿਆ ਹੈ ਤੇ ਵਿੱਦਿਅਕ ਅਦਾਰੇ/ਸਰਕਾਰੀ ਅਦਾਰਿਆਂ ਵਿੱਚ 4500 ਬੂਟਾ ਜੋ ਕਿ 1 ਹੈਕਟੇਅਰ ਵਿੱਚ 500 ਤੇ ਕੁੱਲ 9 ਹੈਕਟੇਅਰ ਵਿੱਚ 4500 ਬੂਟਾ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਸੀ.ਏ.ਸਕੀਮ ਤਹਿਤ 36.22ਹੈਕਟੇਅਰ ਵਿੱਚ 2722 ਬੂਟਾ ਲਗਾਇਟਾ ਗਿਆ ਹੈ ਅਤੇ ਏ.ਐੱਨ.ਆਰ (ਐੱਨ.ਪੀ.ਵੀ) ਤਹਿਤ 21 ਹੈਕਟੇਅਰ ਵਿੱਚ 4200 ਬੂਟਾ ਲਗਾਇਆ ਗਿਆ ਜੋ ਕਿ ਕੁੱਲ 40,822 ਬੂਟਾ ਬਣਦਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਵੀਰਵਾਰ ਨੂੰ ਪਹਿਲੇ ਦਿਨ ਨਗਰ ਕੌਂਸਲ ਫਾਜ਼ਿਲਕਾ ਵੱਲੋਂ ਜੰਗਲਾਤ ਵਿਭਾਗ ਫਾਜ਼ਿਲਕਾ ਤੇ ਸਹਿਯੋਗ ਨਾਲ ਲਗਭਗ 150 ਬੂਟੇ ਲਗਾਏ ਗਏ ਹਨ ਤੇ ਆਉਣ ਵਾਲੇ ਕੁੱਝ ਕੁ ਦਿਨਾਂ ਵਿੱਚ ਹੀ 500 ਬੂਟਾ ਲੱਗ ਜਾਵੇਗਾ! ਉਹਨਾਂ ਕਿਹਾ ਕਿ ਵੱਖ-ਵੱਖ ਸਰਕਾਰੀ ਵਿਭਾਗਾਂ, ਵਿਦਿਅਕ ਸੰਸਥਾਵਾਂ, ਪੰਚਾਇਤਾਂ ਅਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਇਹ ਮੁਹਿੰਮ ਤੇਜ਼ੀ ਨਾਲ ਚਲਾਈ ਜਾ ਰਹੀ ਹੈ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਛਾਂਦਾਰ ਅਤੇ ਫਲਦਾਰ ਰੁੱਖ ਲਗਾਏ ਜਾਣ, ਕਿਉਂਕਿ ਇਹ ਨਾ ਸਿਰਫ਼ ਵਾਤਾਵਰਨ ਨੂੰ ਸ਼ੁੱਧ ਰੱਖਦੇ ਹਨ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਅਨਮੋਲ ਧਰੋਹਰ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੇ ਪਹਿਲਾਂ ਹੀ ਆਪਣੇ ਘਰ, ਸਕੂਲ, ਦਫ਼ਤਰ ਜਾਂ ਆਲੇ-ਦੁਆਲੇ ਬੂਟੇ ਲਗਾਏ ਹੋਏ ਹਨ ਤਾਂ ਉਨ੍ਹਾਂ ਦੀ ਨਿਯਮਿਤ ਸਾਂਭ-ਸੰਭਾਲ ਅਤੇ ਪਾਣੀ ਦੇਣਾ ਵੀ ਉਨਾ ਹੀ ਜ਼ਰੂਰੀ ਹੈ। ਸਿਰਫ਼ ਬੂਟਾ ਲਗਾਉਣਾ ਹੀ ਨਹੀਂ, ਸਗੋਂ ਉਸ ਨੂੰ ਰੁੱਖ ਬਣਾਉਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਰ ਨਾਗਰਿਕ ਜੇਕਰ ਘੱਟੋ-ਘੱਟ ਇੱਕ ਰੁੱਖ ਲਗਾ ਕੇ ਉਸ ਦੀ ਸੰਭਾਲ ਦਾ ਸੰਕਲਪ ਲਵੇ ਤਾਂ ਫਾਜ਼ਿਲਕਾ ਨੂੰ ਹਰਿਆ-ਭਰਿਆ ਅਤੇ ਪ੍ਰਦੂਸ਼ਣ-ਮੁਕਤ ਜ਼ਿਲ੍ਹਾ ਬਣਾਉਣ ਦਾ ਸੁਪਨਾ ਜਲਦੀ ਸਾਕਾਰ ਹੋ ਸਕਦਾ ਹੈ। ਉਨ੍ਹਾਂ ਸਮੂਹ ਵਿਭਾਗਾਂ, ਸਮਾਜਿਕ ਸੰਸਥਾਵਾਂ ਅਤੇ ਨੌਜਵਾਨਾਂ ਨੂੰ ਇਸ ਲੋਕ ਭਲਾਈ ਮੁਹਿੰਮ ਨਾਲ ਵੱਧ ਤੋਂ ਵੱਧ ਜੁੜਨ ਦੀ ਅਪੀਲ ਕੀਤੀ।