ਦੇਸ਼ ਦੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਵੀਰਵਾਰ ਨੂੰ ਫਾਜ਼ਿਲਕਾ ਦੇ ਵਿਧਾਇਕ ਸ. ਨਰਿੰਦਰਪਾਲ ਸਿੰਘ ਸਵਨਾ ਨੇ ਫਾਜ਼ਿਲਕਾ ਦੇ ਸ਼ਹੀਦ ਊਧਮ ਸਿੰਘ ਚੌਕ ਪਹੁੰਚ ਕੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਸ਼ਹੀਦ ਦੇ ਬੁੱਤ ‘ਤੇ ਫੁੱਲ ਮਾਲਾਵਾਂ ਚੜ੍ਹਾਈਆਂ।
ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ 13 ਮਾਰਚ, 1940 ਨੂੰ ਲੰਡਨ ਵਿੱਚ ਮਾਈਕਲ ਓ’ਡਵਾਇਰ ਦੀ ਹੱਤਿਆ ਕਰਕੇ 1919 ਦੇ ਜਲ੍ਹਿਆਂਵਾਲਾ ਬਾਗ ਕਤਲੇਆਮ ਦਾ ਬਦਲਾ ਲਿਆ ਸੀ। ਉਨ੍ਹਾਂ ਨੂੰ 31 ਜੁਲਾਈ, 1940 ਨੂੰ ਲੰਡਨ ਦੀ ਪੈਂਟਨਵਿਲ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ ਸੀ। ਉਨ੍ਹਾਂ ਦੀ ਕੁਰਬਾਨੀ ਨਾ ਸਿਰਫ਼ ਪੰਜਾਬੀਆਂ ਲਈ ਸਗੋਂ ਦੁਨੀਆ ਭਰ ਦੇ ਆਜ਼ਾਦੀ ਪ੍ਰੇਮੀਆਂ ਲਈ ਪ੍ਰੇਰਨਾ ਸਰੋਤ ਬਣ ਗਈ। ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਵਸ ਇੱਕ ਵਾਰ ਫਿਰ ਲੋਕਾਂ ਨੂੰ ਯਾਦ ਦਿਵਾਉਂਦਾ ਹੈ ਕਿ ਦੇਸ਼ ਦੇ ਮਹਾਨ ਸਪੂਤਾਂ ਦੀ ਕੁਰਬਾਨੀ ਤੋਂ ਬਿਨਾਂ ਆਜ਼ਾਦੀ ਆਸਾਨ ਨਹੀਂ ਸੀ।
ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ। ਇਸ ਲਈ, ਸਾਨੂੰ ਆਪਣੇ ਸ਼ਹੀਦਾਂ ਦੁਆਰਾ ਵੇਖੇ ਗਏ ਪੰਜਾਬ ਨੂੰ ਸਾਕਾਰ ਕਰਨਾ ਚਾਹੀਦਾ ਹੈ। ਸਾਡੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਆਪਣੇ ਦੇਸ਼ ਅਤੇ ਜ਼ਿਲ੍ਹੇ ਦੀ ਤਰੱਕੀ ਲਈ ਖੇਡਾਂ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਸਾਰੇ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ।