ਮਿਸ਼ਨ ਫੋਰ ਮਾਈਨੋਰਿਟੀ ਰਾਈਟਸ ਐਂਡ ਡਿਵੈਲਪਮੈਂਟ ਪੰਜਾਬ ਵੱਲੋਂ ਡਾ. ਸੁਭਾਸ਼ ਥੋਬਾ ਦੀ ਅਗਵਾਈ ਹੇਠ ਪਿੰਡ ਮਾਹਲ, ਅੰਮ੍ਰਿਤਸਰ ਵਿਖੇ ਇੱਕ ਵਿਸ਼ਾਲ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਪਾਸਟਰ ਬਿਰਜੂ ਜੀ ਦੇ ਸਹਿਯੋਗ ਨਾਲ ਆਯੋਜਿਤ ਇਸ ਕੈਂਪ ਵਿੱਚ ਵੱਖ-ਵੱਖ ਬਿਮਾਰੀਆਂ ਦੇ ਮਾਹਰ ਡਾਕਟਰਾਂ ਨੇ 100 ਤੋਂ ਵੱਧ ਮਰੀਜ਼ਾਂ ਦਾ ਮੁਫ਼ਤ ਚੈੱਕਅਪ ਕੀਤਾ ਅਤੇ ਲੋੜੀਂਦੀਆਂ ਦਵਾਈਆਂ ਵੀ ਬਿਲਕੁਲ ਮੁਫ਼ਤ ਵੰਡੀਆਂ ਗਈਆਂ।
ਕੈਂਪ ਦੌਰਾਨ ਡਾਕਟਰ ਬਲਜਿੰਦਰ ਸਿੰਘ, ਡਾਕਟਰ ਜਸਬੀਰ ਪੰਨੂ, ਡਾਕਟਰ ਪ੍ਰਭਜੀਤ ਸਿੰਘ ਅਤੇ ਡਾਕਟਰ ਪਰਮਿੰਦਰ ਸਿੰਘ ਸਮੇਤ ਹੋਰ ਮਾਹਰ ਡਾਕਟਰਾਂ ਨੇ ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਸਿਹਤ ਸੰਬੰਧੀ ਸਲਾਹ ਦਿੱਤੀ। ਪਿੰਡ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਕੈਂਪ ਦਾ ਲਾਭ ਲਿਆ।

ਇਸ ਮੌਕੇ ’ਤੇ ਸੰਬੋਧਨ ਕਰਦਿਆਂ ਡਾ. ਸੁਭਾਸ਼ ਥੋਬਾ ਨੇ ਕਿਹਾ ਕਿ ਸਮਾਜ ਸੇਵਾ ਅਤੇ ਲੋਕ ਭਲਾਈ ਲਈ ਉਨ੍ਹਾਂ ਦੀ ਟੀਮ ਲਗਾਤਾਰ ਕੰਮ ਕਰ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਵੱਖ-ਵੱਖ ਖੇਤਰਾਂ ਵਿੱਚ ਇਸੇ ਤਰ੍ਹਾਂ ਦੇ ਮੁਫ਼ਤ ਮੈਡੀਕਲ ਕੈਂਪ ਲਗਾਏ ਜਾਣਗੇ। ਉਨ੍ਹਾਂ ਨੇ ਦੱਸਿਆ ਕਿ ਮਿਸ਼ਨ ਵੱਲੋਂ ਪੰਜਾਬ ਭਰ ਵਿੱਚ ਲਗਭਗ 1000 ਪੌਦੇ ਲਗਾਉਣ ਦੀ ਮੁਹਿੰਮ ਵੀ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਦੀ ਸ਼ੁਰੂਆਤ ਵੇਰਕਾ ਬਾਈਪਾਸ ਸਥਿਤ ਗੋਲਡਨ ਵਿਲਾ ਨਾਦਰ ਹੋਟਲ ਤੋਂ ਕੀਤੀ ਜਾਵੇਗੀ। ਇਸ ਉਪਰਾਲੇ ਤਹਿਤ ਵੱਖ-ਵੱਖ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਵਿੱਚ ਵੀ ਪੌਦੇ ਲਗਾ ਕੇ ਵਾਤਾਵਰਣ ਸੰਭਾਲ ਦਾ ਸੰਦੇਸ਼ ਦਿੱਤਾ ਜਾਵੇਗਾ।

ਡਾ. ਥੋਬਾ ਨੇ ਸਮਾਜ ਦੇ ਹਰ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੋੜਵੰਦ ਪਰਿਵਾਰਾਂ ਦੀ ਮਦਦ, ਵਾਤਾਵਰਣ ਦੀ ਰੱਖਿਆ ਅਤੇ ਸਰਹੱਦੀ ਖੇਤਰਾਂ ਵਿੱਚ ਰਹਿੰਦੇ ਲੋਕਾਂ ਦੀ ਭਲਾਈ ਲਈ ਮਿਲਜੁਲ ਕੇ ਯੋਗਦਾਨ ਪਾਉਣ।

ਇਸ ਮੌਕੇ ’ਤੇ ਈਸਾ ਦਾਸ, ਟੋਨੀ, ਦਰਸ਼ਨ ਮਹਲ, ਦਵਿੰਦਰ ਗਿੱਲ ਅਤੇ ਮਿਸ਼ਨ ਦੇ ਹੋਰ ਬਹੁਤ ਸਾਰੇ ਮੈਂਬਰ ਵੀ ਹਾਜ਼ਰ ਸਨ। ਸਮਾਗਮ ਦੌਰਾਨ ਸਮਾਜ ਸੇਵਾ ਅਤੇ ਲੋਕ ਭਲਾਈ ਲਈ ਮਿਸ਼ਨ ਦੇ ਯਤਨਾਂ ਦੀ ਭਰਪੂਰ ਸਰਾਹਨਾ ਕੀਤੀ ਗਈ।