ਪੰਜਾਬ ਸਰਕਾਰ ਦੀ ਅਗਵਾਈ ਹੇਠ ਚਲਾਈ ਜਾ ਰਹੀ ਅਹਿਮ “ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ” ਤਹਿਤ ਫਾਜ਼ਿਲਕਾ ਹਲਕੇ ਤੋਂ ਸ਼ਰਧਾਲੂਆਂ ਲਈ ਤੀਰਥ ਸਥਾਨ ਪਵਿੱਤਰ ਨਗਰੀ ਅੰਮ੍ਰਿਤਸਰ, ਖਾਟੂ ਸ਼ਿਆਮ ਜੀ ਅਤੇ ਵਰਿੰਦਾਵਨ ਤੋਂ ਇਲਾਵਾ ਵੱਖ-ਵੱਖ ਪਵਿੱਤਰ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਵਾਸਤੇ ਬੱਸਾਂ ਰਵਾਨਾ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਫਾਜ਼ਿਲਕਾ ਵਿਖੇ ਵਿਸ਼ੇਸ਼ ਤੌਰ ‘ਤੇ 3 ਬੱਸਾਂ ਨੂੰ ਰਵਾਨਾ ਕੀਤਾ ਗਿਆ।
ਅੱਜ ਫਾਜ਼ਿਲਕਾ ਦੇ ਵਾਰਡ ਨੰਬਰ 15 ਤੋਂ ਫਾਜ਼ਿਲਕਾ ਦੇ ਵਿਧਾਇਕ ਸ. ਨਰਿੰਦਰਪਾਲ ਸਿੰਘ ਸਵਨਾ ਅਤੇ ਉਨ੍ਹਾਂ ਦੀ ਧਰਮਪਤਨੀ ਮੈਡਮ ਖੁਸ਼ਬੂ ਸਾਵਨਸੁੱਖਾ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪਵਿੱਤਰ ਤੀਰਥ ਸਥਾਨਾਂ ਲਈ 2 ਬੱਸਾਂ ਨੂੰ ਰਵਾਨਾ ਕੀਤਾ ਗਿਆ। ਇਸ ਤੋਂ ਪਹਿਲਾਂ ਬੀਤੀ ਰਾਤ ਫਾਜ਼ਿਲਕਾ ਵਿਧਾਇਕ ਦਫ਼ਤਰ ਵਿਖੇ ਸ. ਖਜਾਨ ਸਿੰਘ ਅਤੇ ਵਿਧਾਇਕ ਦੇ ਪੀ.ਏ. ਕੈਪਟਨ ਵੱਲੋਂ ਵੀ ਇਸ ਯੋਜਨਾ ਤਹਿਤ ਤੀਰਥ ਸਥਾਨਾਂ ਲਈ 1 ਬੱਸ ਰਵਾਨਾ ਕੀਤੀ ਗਈ।
ਵਿਧਾਇਕ ਸ. ਨਰਿੰਦਰਪਾਲ ਸਿੰਘ ਸਵਨਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੀ ਸੰਗਤ ਨੂੰ ਦੇਸ਼ ਦੇ ਵੱਖ-ਵੱਖ ਪਵਿੱਤਰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਸ਼ੁਰੂ ਕੀਤੀ ਗਈ ਇਹ ਯਾਤਰਾ ਇੱਕ ਸ਼ਲਾਘਾਯੋਗ ਅਤੇ ਲੋਕ-ਹਿਤੈਸ਼ੀ ਉਪਰਾਲਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਹੈ ਕਿ ਆਰਥਿਕ ਕਾਰਨਾਂ ਕਰਕੇ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਨ ਤੋਂ ਵਾਂਝੇ ਰਹਿ ਜਾਣ ਵਾਲੇ ਸ਼ਰਧਾਲੂ ਵੀ ਇਨ੍ਹਾਂ ਪਵਿੱਤਰ ਸਥਾਨਾਂ ਦੇ ਦਰਸ਼ਨ ਕਰ ਸਕਣ।
ਮੈਡਮ ਖੁਸ਼ਬੂ ਸਾਵਨਸੁੱਖਾ ਨੇ ਤੀਰਥ ਯਾਤਰਾ ‘ਤੇ ਜਾ ਰਹੀ ਸੰਗਤ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਬਜ਼ੁਰਗਾਂ ਦਾ ਆਸ਼ੀਰਵਾਦ ਲਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਅਤੇ ਸਹੂਲਤ ਲਈ ਅਜਿਹੇ ਲੋਕ ਪੱਖੀ ਉਪਰਾਲੇ ਲਗਾਤਾਰ ਜਾਰੀ ਰੱਖੇ ਜਾਣਗੇ।
ਇਸ ਮੌਕੇ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਬੱਸਾਂ ਨੂੰ ਰਵਾਨਾ ਕਰਨ ਸਮੇਂ ਵੱਖ-ਵੱਖ ਵਾਰਡਾਂ ਦੇ ਐੱਮ.ਸੀ. ਸਾਹਿਬਾਨ ਅਤੇ ਵਾਰਡ ਇੰਚਾਰਜ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ, ਜਿਨ੍ਹਾਂ ਨੇ ਯਾਤਰੀਆਂ ਨੂੰ ਸਫ਼ਰ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਬਜ਼ੁਰਗ ਤੀਰਥ ਯਾਤਰੀਆਂ ਨੇ ਪੰਜਾਬ ਸਰਕਾਰ ਅਤੇ ਵਿਧਾਇਕ ਸ. ਨਰਿੰਦਰਪਾਲ ਸਿੰਘ ਸਵਨਾ ਦਾ ਇਸ ਮੁਫ਼ਤ ਅਤੇ ਸੁਵਿਧਾਜਨਕ ਤੀਰਥ ਯਾਤਰਾ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।