ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ‘ਮਾਨ ਦੇ ਮੁਨਾਫ਼ੇ’ ਮੁਹਿੰਮ ਤਹਿਤ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਤੋਂ ਜਾਣੂੰ ਕਰਵਾਉਣ ਲਈ ਜਲਾਲਾਬਾਦ ਦੇ ਪਿੰਡ ਮੋਹਕਮ ਅਰਾਈਆਂ, ਕਾਹਨੇ ਵਾਲਾ, ਢੰਡੀ ਖੁਰਦ, ਢੰਦੀ ਕਦੀਮ, ਪ੍ਰਭਾਤ ਸਿੰਘ ਵਾਲਾ (ਉਤਾੜ), ਸੰਤੋਖ ਸਿੰਘ ਵਾਲਾ, ਬੱਗੇ ਕੇ ਹਿਠਾੜ, ਘੁਬਾਇਆ, ਧੁਨਕੀਆਂ, ਚੱਕ ਖੀਵਾ, ਚੱਕ ਟਾਹਲੀ ਵਾਲਾ, ਚੱਕ ਵਜੀਦਾ, ਗਹਿਲੇ ਵਾਲਾ, ਜੋਧਾ ਭੈਣੀ, ਚੱਕ ਗਰੀਬਾ ਸਾਂਦੜ, ਫੱਤੂ ਵਾਲਾ, ਹਜ਼ਾਰਾ ਰਾਮ ਸਿੰਘ ਵਾਲਾ ਅਤੇ ਮੇਹਰ ਸਿੰਘ ਵਾਲਾ ਵਿਖ਼ੇ ਪਹੁੰਚੇ।

ਇਸ ਮੌਕੇ ਬੋਲਦਿਆਂ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਵੱਧ ਕੰਮ ਕਰਕੇ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ 4.5 ਸਾਲਾਂ ਦੇ ਕਾਰਜਕਾਰ ਦੌਰਾਨ ਅਨੇਕਾਂ ਹੀ ਵਿਕਾਸ ਤੇ ਲੋਕ ਭਲਾਈ ਦੇ ਕੰਮ ਕੀਤੇ ਹਨ। ਇਨ੍ਹਾਂ ਵਿਚ ਬਿਜਲੀ ਬਿੱਲਾਂ ਵਿਚ ਰਾਹਤ, ਮਹਿਲਾਵਾਂ ਲਈ ਮੁਫ਼ਤ ਬੱਸ ਸਫ਼ਰ, ਸਰਕਾਰੀ ਸਕੂਲਾਂ ਵਿਚ ਮੁਫ਼ਤ ਸਿੱਖਿਆ, ਬੁਢਾਪਾ ਪੈਨਸ਼ਨ, ਆਮ ਆਦਮੀ ਕਲੀਨਿਕਾਂ ਵਿਚ ਮੁਫ਼ਤ ਟੈਸਟ ਤੇ ਦਵਾਈਆਂ, ਰਾਸ਼ਨ, ਮੁਫ਼ਤ ਤੀਰਥ ਯਾਤਰਾ, ਖੇਤੀ ਲਈ ਮੁਫ਼ਤ ਬਿਜਲੀ ਅਤੇ ਅਸ਼ੀਰਵਾਦ ਸਕੀਮ ਆਦਿ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਕੋਈ ਸਿਆਸੀ ਪਾਰਟੀ ਆਪਣੇ ਕੰਮਾਂ ਦਾ ਰਿਪੋਰਟ ਕਾਰਡ ਲੈ ਕੇ ਸਿੱਧਾ ਲੋਕਾਂ ਦੇ ਘਰਾਂ ਤੱਕ ਪਹੁੰਚ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਪਾਰਟੀ ਦੇ ਅਹੁਦੇਦਾਰ ਅਤੇ ਵਲੰਟੀਅਰ ਵੀ ਘਰ-ਘਰ ਪਹੁੰਚਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਹਲਕੇ ਦੇ ਹਰ ਵਾਰਡ ਅਤੇ ਪਿੰਡ ਵਿਚ ਪਹੁੰਚ ਕੇ ਮਾਨ ਦੇ ਮੁਨਾਫਿਆਂ ਤੋਂ ਲੋਕਾਂ ਨੂੰ ਜਾਣੂ ਕਰਵਾਉਣਗੇ।

ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਪੰਜਾਬ ਸਰਕਾਰ ਲੋਕਾਂ ਦੀ ਭਲਾਈ ਲਈ ਸਿਰਤੋੜ ਯਤਨ ਕਰੇਗੀ ਅਤੇ ਹਰ ਵਿਕਾਸ ਦੇ ਕੰਮ ਪਾਰਟੀਬਾਜ਼ੀ ਅਤੇ ਬਿਨਾਂ ਕਿਸੇ ਭੇਦ ਭਾਵ ਦੇ ਪਹਿਲਾਂ ਦੀ ਤਰ੍ਹਾਂ ਕੀਤੇ ਜਾਣਗੇ।ਇਸ ਦੌਰਾਨ ਲੋਕਾਂ ਨੇ ਪੰਜਾਬ ਸਰਕਾਰ ਦੇ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ।
