ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਇੱਕ ਵੱਡੀ ਸਫਲਤਾ ਵਿੱਚ, ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਨਾਬਾਲਗ ਸਮੇਤ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਸਰਹੱਦ ਪਾਰੋਂ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਪੰਜ ਆਧੁਨਿਕ ਪਿਸਤੌਲ ਅਤੇ ਇੱਕ ਤੇਜ਼ਧਾਰ ਹਥਿਆਰ ਬਰਾਮਦ ਕੀਤਾ ਹੈ, ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਸ਼ੁੱਕਰਵਾਰ ਨੂੰ ਇੱਥੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਰੋਹਿਤ ਕੁਮਾਰ (18), ਵਾਸੀ ਮਕਬੂਲਪੁਰਾ, ਅੰਮ੍ਰਿਤਸਰ; ਕਰਨਬੀਰ ਸਿੰਘ ਉਰਫ਼ ਅਜੈ (24), ਵਾਸੀ ਪਿੰਡ ਕਾਲੇ, ਤਰਨਤਾਰਨ; ਜਸ਼ਨਦੀਪ ਸਿੰਘ ਉਰਫ਼ ਗਿਆਨੀ (18), ਓਂਕਾਰ ਸਿੰਘ ਉਰਫ਼ ਵੰਸ਼ (21) ਅਤੇ ਆਕਾਸ਼ਦੀਪ ਸਿੰਘ (24), ਤਿੰਨੋਂ ਵਾਸੀ ਪਿੰਡ ਮਰੀ ਮੇਘਾ, ਤਰਨਤਾਰਨ; ਅਤੇ 16 ਸਾਲਾ ਨਾਬਾਲਗ ਵਜੋਂ ਹੋਈ ਹੈ। ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਇੱਕ .30 ਬੋਰ, ਇੱਕ 9 ਐਮਐਮ ਗਲੌਕ, ਇੱਕ .30 ਬੋਰ ਪੀਐਕਸ5, ਇੱਕ 9 ਐਮਐਮ ਟੌਰਸ ਅਤੇ ਇੱਕ 9 ਐਮਐਮ ਗ੍ਰੇਟਾ (ਮੇਡ ਇਨ ਪਾਕਿਸਤਾਨ) ਦੇ ਨਾਲ-ਨਾਲ 34 ਜ਼ਿੰਦਾ ਕਾਰਤੂਸ ਸ਼ਾਮਲ ਹਨ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ ਸਥਿਤ ਹਥਿਆਰ ਤਸਕਰਾਂ ਦੇ ਸੰਪਰਕ ਵਿੱਚ ਸਨ ਅਤੇ ਡਰੋਨ ਰਾਹੀਂ ਸਰਹੱਦ ਪਾਰ ਤੋਂ ਹਥਿਆਰਾਂ ਦੀ ਖੇਪ ਪ੍ਰਾਪਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਦੋਸ਼ੀ ਵਿਅਕਤੀ ਆਪਣੇ ਹੈਂਡਲਰਾਂ ਦੇ ਨਿਰਦੇਸ਼ਾਂ ‘ਤੇ ਹਥਿਆਰਾਂ ਦੀ ਖੇਪ ਦਾ ਤਾਲਮੇਲ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਵੰਡ ਰਹੇ ਸਨ।
ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅੱਗੇ ਅਤੇ ਪਿੱਛੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪੂਰੇ ਨੈੱਟਵਰਕ ਨੂੰ ਖਤਮ ਕੀਤਾ ਜਾ ਸਕੇ।
ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਾਰਵਾਈ ਸੰਬੰਧੀ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਸ਼ੱਕੀ ਵਿਅਕਤੀਆਂ ਦੀ ਗਸ਼ਤ ਅਤੇ ਚੈਕਿੰਗ ਦੌਰਾਨ ਤੇਜ਼ੀ ਨਾਲ ਕਾਰਵਾਈ ਕਰਦਿਆਂ, ਪੁਲਿਸ ਟੀਮਾਂ ਨੇ ਰੋਹਿਤ ਕੁਮਾਰ ਨੂੰ ਇੱਕ ਨਾਬਾਲਗ ਸਮੇਤ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ .30 ਬੋਰ ਪਿਸਤੌਲ ਅਤੇ ਇੱਕ ਤੇਜ਼ਧਾਰ ਹਥਿਆਰ ਬਰਾਮਦ ਕੀਤਾ।
ਉਨ੍ਹਾਂ ਕਿਹਾ ਕਿ ਪੁੱਛਗਿੱਛ ਦੌਰਾਨ, ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਇਹ ਗੈਰ-ਕਾਨੂੰਨੀ ਹਥਿਆਰ ਉਨ੍ਹਾਂ ਨੂੰ ਕਰਨਬੀਰ ਉਰਫ਼ ਅਜੈ ਨੇ ਸਪਲਾਈ ਕੀਤੇ ਸਨ, ਉਨ੍ਹਾਂ ਕਿਹਾ ਕਿ ਇਸ ਜਾਣਕਾਰੀ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ।
ਸੀਪੀ ਨੇ ਕਿਹਾ ਕਿ ਕਰਨਬੀਰ ਉਰਫ਼ ਅਜੈ ਤੋਂ ਹੋਰ ਜਾਂਚ ਅਤੇ ਪੁੱਛਗਿੱਛ ਦੇ ਨਤੀਜੇ ਵਜੋਂ ਹਥਿਆਰ ਸਪਲਾਇਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਨ੍ਹਾਂ ਦੀ ਪਛਾਣ ਓਂਕਾਰ ਸਿੰਘ ਉਰਫ਼ ਵੰਸ਼, ਆਕਾਸ਼ਦੀਪ ਸਿੰਘ ਅਤੇ ਜਸ਼ਨਦੀਪ ਉਰਫ਼ ਗਿਆਨੀ ਵਜੋਂ ਹੋਈ ਹੈ ਅਤੇ ਚਾਰ ਹੋਰ ਪਿਸਤੌਲ ਬਰਾਮਦ ਹੋਏ ਹਨ। ਉਨ੍ਹਾਂ ਅੱਗੇ ਕਿਹਾ ਕਿ ਹੋਰ ਜਾਂਚ ਜਾਰੀ ਹੈ।
ਇਸ ਸਬੰਧ ਵਿੱਚ, ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਮਕਬੂਲਪੁਰਾ ਵਿਖੇ ਅਸਲਾ ਐਕਟ ਦੀ ਧਾਰਾ 25(6,7,8) ਤਹਿਤ ਐਫਆਈਆਰ ਨੰਬਰ 59 ਮਿਤੀ 28-02-2026 ਦਰਜ ਕੀਤੀ ਗਈ ਹੈ।
