ਆਮ ਆਦਮੀ ਪਾਰਟੀ ਦੇ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ ਨੇ ਪੰਜਾਬ ਵਿਧਾਨ ਸਭਾ ਵਿੱਚ ਜਲਾਲਾਬਾਦ ਅਤੇ ਫਾਜ਼ਿਲਕਾ ਇਲਾਕਿਆਂ ਵਿੱਚ ਨਹਿਰੀ ਪ੍ਰਬੰਧ, ਮਾਈਨਰਾਂ ਦੀ ਮੁਰੰਮਤ ਅਤੇ ਖਾਲਿਆਂ ਦੇ ਨਿਰਮਾਣ ਸਬੰਧੀ ਵਿਧਾਨ ਸਭਾ ਵਿੱਚ ਸਵਾਲ ਉਠਾਉਂਦਿਆਂ ਇਨ੍ਹਾਂ ਵਿਕਾਸ ਕਾਰਜਾਂ ਲਈ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਦਾ ਧੰਨਵਾਦ ਕੀਤਾ।
ਵਿਧਾਇਕ ਗੋਲਡੀ ਕੰਬੋਜ ਨੇ ਕਿਹਾ ਕਿ ਇਲਾਕੇ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਨਹਿਰਾਂ, ਮਾਈਨਰਾਂ ਅਤੇ ਖਾਲਿਆਂ ਦੇ ਨਿਰਮਾਣ ਤੇ ਮੁਰੰਮਤ ਦੇ ਕੰਮ ਕੀਤੇ ਜਾ ਰਹੇ ਹਨ। ਇਨ੍ਹਾਂ ਯਤਨਾਂ ਸਦਕਾ ਕਈ ਅਜਿਹੇ ਇਲਾਕਿਆਂ ਵਿੱਚ ਵੀ ਨਹਿਰੀ ਪਾਣੀ ਪਹੁੰਚਿਆ ਹੈ, ਜਿੱਥੇ ਕਿਸਾਨ ਦਹਾਕਿਆਂ ਤੋਂ ਇਸ ਦੀ ਉਡੀਕ ਕਰ ਰਹੇ ਸਨ।
ਉਨ੍ਹਾਂ ਨੇ ਤਰੋਬੜੀ ਮਾਈਨਰ ਦੀ ਮੁਰੰਮਤ ਅਤੇ ਨਵੀਨੀਕਰਨ ਲਈ 25.89 ਕਰੋੜ ਰੁਪਏ ਅਤੇ ਰੋੜਾਂਵਾਲੀ ਮਾਈਨਰ ਲਈ 1.25 ਕਰੋੜ ਰੁਪਏ ਜਾਰੀ ਕਰਨ ਵਾਸਤੇ ਮੰਤਰੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।
ਵਿਧਾਨ ਸਭਾ ਵਿੱਚ ਜਵਾਬ ਦਿੰਦਿਆਂ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਬਰਕਤਵਾਲਾ ਮਾਈਨਰ ਦਾ ਕੰਮ 8.39 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤਾ ਜਾ ਚੁੱਕਾ ਹੈ, ਜਦਕਿ ਰੋੜਾਂਵਾਲੀ ਮਾਈਨਰ ਦਾ ਕੰਮ 8 ਕਰੋੜ ਰੁਪਏ ਦੀ ਲਾਗਤ ਨਾਲ ਕਰਵਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਤਰੋਵੜੀ ਮਾਈਨਰ ਦਾ 25.89 ਕਰੋੜ ਰੁਪਏ ਦੀ ਲਾਗਤ ਨਾਲ ਕੰਮ ਵੀ ਜਾਰੀ ਹੈ।
ਮੰਤਰੀ ਨੇ ਦੱਸਿਆ ਕਿ ਜਲਾਲਾਬਾਦ ਦੇ ਕਈ ਅਜਿਹੇ ਇਲਾਕਿਆਂ ਵਿੱਚ ਵੀ ਨਹਿਰੀ ਪਾਣੀ ਪਹੁੰਚਿਆ ਹੈ, ਜਿੱਥੇ ਲੋਕਾਂ ਨੂੰ ਕਦੇ ਉਮੀਦ ਨਹੀਂ ਸੀ ਕਿ ਉਨ੍ਹਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚ ਸਕੇਗਾ। ਚੌਧਰੀਵਾਲਾ ਅਤੇ ਸੇਲੇਵਾਲਾ ਮਾਈਨਰਾਂ ਦੇ ਇਲਾਕਿਆਂ ਵਿੱਚ ਲਗਭਗ 65 ਸਾਲਾਂ ਬਾਅਦ ਨਹਿਰੀ ਪਾਣੀ ਪਹੁੰਚਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਲੰਮੇ ਸਮੇਂ ਤੋਂ ਲਟਕਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਵੱਲੋਂ ਠੋਸ ਕਦਮ ਚੁੱਕੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਛੇ ਨਹਿਰਾਂ ਦੀ ਕੰਕਰੀਟ ਲਾਈਨਿੰਗ ਦਾ ਕੰਮ 54.23 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ। ਇਸ ਤੋਂ ਇਲਾਵਾ 15.98 ਕਰੋੜ ਰੁਪਏ ਦੀ ਲਾਗਤ ਨਾਲ 32 ਖਾਲਿਆਂ ਦਾ ਨਿਰਮਾਣ ਕੀਤਾ ਗਿਆ ਹੈ, ਜਦਕਿ 20 ਕਰੋੜ ਰੁਪਏ ਦੀ ਲਾਗਤ ਨਾਲ 31 ਹੋਰ ਖਾਲਿਆਂ ਦਾ ਕੰਮ ਜਾਰੀ ਹੈ।
ਮੰਤਰੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਨਹਿਰਾਂ, ਮਾਈਨਰਾਂ ਅਤੇ ਖਾਲਿਆਂ ਨਾਲ ਸਬੰਧਤ ਮੁਕੰਮਲ ਹੋ ਚੁੱਕੇ ਅਤੇ ਜਾਰੀ ਵਿਕਾਸ ਕਾਰਜਾਂ ’ਤੇ ਕੁੱਲ 90 ਕਰੋੜ 21 ਲੱਖ ਰੁਪਏ ਖਰਚੇ ਜਾ ਰਹੇ ਹਨ। ਇਨ੍ਹਾਂ ਪ੍ਰਾਜੈਕਟਾਂ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਸਿੰਜਾਈ ਲਈ ਪਾਣੀ ਦੀ ਬਿਹਤਰ ਸਹੂਲਤ ਮੁਹੱਈਆ ਕਰਵਾਉਣਾ ਅਤੇ ਨਹਿਰੀ ਪ੍ਰਬੰਧ ਨੂੰ ਮਜ਼ਬੂਤ ਕਰਨਾ ਹੈ।
ਵਿਧਾਇਕ ਗੋਲਡੀ ਕੰਬੋਜ ਨੇ ਪਿੰਡ ਜੈਮਲਵਾਲਾ ਨੇੜੇ 9.88 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਮੌਜ਼ਮ ਪੁਲ ਦਾ ਵੀ ਸਵਾਗਤ ਕੀਤਾ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਨਾਲ ਸਬੰਧਤ ਇਸ ਪਿੰਡ ਦੇ ਲੋਕਾਂ ਨੂੰ ਪਹਿਲਾਂ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਲਗਭਗ 12 ਕਿਲੋਮੀਟਰ ਵਾਧੂ ਸਫ਼ਰ ਕਰਨਾ ਪੈਂਦਾ ਸੀ। ਪੁਲ ਦੀ ਉਸਾਰੀ ਨਾਲ ਲੋਕਾਂ ਨੂੰ ਇਸ ਸਮੱਸਿਆ ਤੋਂ ਰਾਹਤ ਮਿਲੀ ਹੈ।
ਵਿਧਾਇਕ ਗੋਲਡੀ ਕੰਬੋਜ ਨੇ ਕਿਹਾ ਕਿ ਜਲਾਲਾਬਾਦ ਅਤੇ ਫਾਜ਼ਿਲਕਾ ਇਲਾਕਿਆਂ ਵਿੱਚ ਨਹਿਰੀ ਪ੍ਰਬੰਧ ਨੂੰ ਮਜ਼ਬੂਤ ਕਰਨ, ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚਾਉਣ ਅਤੇ ਪੇਂਡੂ ਸੰਪਰਕ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਕੀਤੇ ਜਾ ਰਹੇ ਇਹ ਕੰਮ ਸ਼ਲਾਘਾਯੋਗ ਹਨ। ਉਨ੍ਹਾਂ ਨੇ ਇਨ੍ਹਾਂ ਲੰਮੇ ਸਮੇਂ ਤੋਂ ਲਟਕਦੀਆਂ ਸਮੱਸਿਆਵਾਂ ਦੇ ਹੱਲ ਲਈ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਨਾਲ ਕਿਸਾਨਾਂ ਅਤੇ ਪੇਂਡੂ ਲੋਕਾਂ ਨੂੰ ਵੱਡਾ ਲਾਭ ਮਿਲੇਗਾ।
ਇਨ੍ਹਾਂ ਪ੍ਰਾਜੈਕਟਾਂ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਸਿੰਜਾਈ ਲਈ ਪਾਣੀ ਦੀ ਬਿਹਤਰ ਸਹੂਲਤ ਮੁਹੱਈਆ ਕਰਵਾਉਣਾ ਅਤੇ ਨਹਿਰੀ ਪ੍ਰਬੰਧ ਨੂੰ ਮਜ਼ਬੂਤ ਕਰਨਾ ਹੈ।