ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਸ਼ੁੱਕਰਵਾਰ ਨੂੰ ਬਠਿੰਡਾ ਵਿੱਚ ਸੂਬੇ ਦੀ ਪਹਿਲੀ ਜੈਵ ਖਾਦ ਗੁਣਵੱਤਾ ਨਿਯੰਤਰਣ ਪ੍ਰਯੋਗਸ਼ਾਲਾ ਦਾ ਉਦਘਾਟਨ ਕੀਤਾ ਅਤੇ ਡਬਵਾਲੀ ਰੋਡ ਸਥਿਤ ਖੇਤੀ ਭਵਨ ਵਿੱਚ ਬੀਜ ਜਾਂਚ ਪ੍ਰਯੋਗਸ਼ਾਲਾ ਦਾ ਨੀਂਹ ਪੱਥਰ ਰੱਖਿਆ।
ਮੰਤਰੀ ਨੇ ਦੱਸਿਆ ਕਿ 1.5 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਜੈਵ ਖਾਦ ਲੈਬ ਵਿੱਚ ਹਰ ਸਾਲ 1,000 ਤੋਂ ਵੱਧ ਨਮੂਨਿਆਂ ਦੀ ਜਾਂਚ ਕਰਨ ਦੀ ਸਮਰੱਥਾ ਹੋਵੇਗੀ। ਇਸ ਨਾਲ ਜੈਵ ਖਾਦਾਂ ਦੀ ਗੁਣਵੱਤਾ ਯਕੀਨੀ ਬਣੇਗੀ ਅਤੇ ਕਿਸਾਨਾਂ ਨੂੰ ਮਿਆਰੀ ਉਤਪਾਦ ਮਿਲਣਗੇ।

ਉਨ੍ਹਾਂ ਦੱਸਿਆ ਕਿ 2 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੀ ਬੀਜ ਜਾਂਚ ਪ੍ਰਯੋਗਸ਼ਾਲਾ ਵਿੱਚ ਬੀਜਾਂ ਦੀ ਵਿਗਿਆਨਕ ਜਾਂਚ ਹੋਵੇਗੀ, ਜਿਸ ਨਾਲ ਕਿਸਾਨਾਂ ਨੂੰ ਪ੍ਰਮਾਣਿਤ ਅਤੇ ਉੱਚ ਗੁਣਵੱਤਾ ਵਾਲੇ ਬੀਜ ਉਪਲਬਧ ਹੋਣਗੇ। ਦੋਵੇਂ ਪ੍ਰਯੋਗਸ਼ਾਲਾਵਾਂ ਮਿਲ ਕੇ ਮਿਲਾਵਟੀ ਖੇਤੀ ਉਤਪਾਦਾਂ ‘ਤੇ ਰੋਕ ਲਗਾਉਣ ਅਤੇ ਗੁਣਵੱਤਾ ਮਾਪਦੰਡਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਵਿੱਚ ਮਦਦ ਕਰਨਗੀਆਂ।
ਸ. ਖੁੱਡੀਆਂ ਨੇ ਕਿਹਾ ਕਿ ਹੁਣ ਕਿਸਾਨਾਂ ਨੂੰ ਆਪਣੇ ਨਮੂਨੇ ਜਾਂਚ ਲਈ ਦੂਜੇ ਰਾਜਾਂ ਵਿੱਚ ਨਹੀਂ ਭੇਜਣੇ ਪੈਣਗੇ। ਇਹ ਸਾਰੀ ਪ੍ਰਕਿਰਿਆ ਪੰਜਾਬ ਵਿੱਚ ਹੀ ਹੋਵੇਗੀ, ਜਿਸ ਨਾਲ ਸਮਾਂ ਅਤੇ ਖਰਚ ਦੋਵਾਂ ਦੀ ਬਚਤ ਹੋਵੇਗੀ।
ਖੇਤੀਬਾੜੀ ਨਿਰਦੇਸ਼ਕ ਡਾ. ਗੁਰਜੀਤ ਸਿੰਘ ਬਰਾੜ ਨੇ ਕਿਹਾ ਕਿ ਇਹ ਦੋਵੇਂ ਪ੍ਰਯੋਗਸ਼ਾਲਾਵਾਂ ਵਿਭਾਗ ਦੀ ਤਕਨੀਕੀ ਸਮਰੱਥਾ ਨੂੰ ਹੋਰ ਮਜ਼ਬੂਤ ਕਰਨਗੀਆਂ ਅਤੇ ਬੀਜਾਂ ਅਤੇ ਜੈਵ ਖਾਦਾਂ ਦੀ ਸਮੇਂ ਸਿਰ ਅਤੇ ਭਰੋਸੇਯੋਗ ਜਾਂਚ ਯਕੀਨੀ ਬਣਾਉਣਗੀਆਂ।
ਇਸ ਮੌਕੇ ਵਿਧਾਇਕ ਜਗਰੂਪ ਸਿੰਘ ਗਿੱਲ, ਮਾਸਟਰ ਜਗਸੀਰ ਸਿੰਘ, ਸੰਯੁਕਤ ਨਿਰਦੇਸ਼ਕ (ਪੌਦਾ ਸੁਰੱਖਿਆ) ਨਰਿੰਦਰ ਪਾਲ ਸਿੰਘ ਬੇਨੀਪਾਲ ਅਤੇ ਖੇਤੀਬਾੜੀ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।