ਪੰਜਾਬ ਵਿਜੀਲੈਂਸ ਬਿਊਰੋ (VB) ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ, ਜਲੰਧਰ ਸਥਿਤ ਇੱਕ ਪ੍ਰਾਈਵੇਟ ਪਾਸਪੋਰਟ ਏਜੰਟ ਹਰਦੀਪ ਕੌਰ ਨੂੰ ਪਾਸਪੋਰਟ ਦਫ਼ਤਰ, ਜਲੰਧਰ ਦੇ ਅਧਿਕਾਰੀਆਂ ਨਾਲ ਉਸਦੇ ਕਥਿਤ ਸੰਪਰਕਾਂ ਰਾਹੀਂ ਸ਼ਿਕਾਇਤਕਰਤਾ ਦਾ ਪਾਸਪੋਰਟ ਜਲਦੀ ਜਾਰੀ ਕਰਨ ਵਿੱਚ ਸਹਾਇਤਾ ਕਰਨ ਲਈ 20,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ।
ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ, ਰਾਜ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਦੋਸ਼ੀ ਨੂੰ ਪਿੰਡ ਕੰਦੋਲਾ ਕੁਰਦ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਦੇ ਇੱਕ ਨਿਵਾਸੀ ਦੁਆਰਾ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਨੇ ਪਾਸਪੋਰਟ ਲਈ ਅਰਜ਼ੀ ਦਿੱਤੀ ਸੀ। ਇਸ ਤੋਂ ਬਾਅਦ, ਉਸਦੀ ਪੁਲਿਸ ਵੈਰੀਫਿਕੇਸ਼ਨ ਕਲੀਅਰ ਹੋ ਗਈ। ਜਦੋਂ ਉਹ ਅਸਲ ਦਸਤਾਵੇਜ਼ਾਂ ਨਾਲ ਪਾਸਪੋਰਟ ਦਫ਼ਤਰ ਜਲੰਧਰ ਗਈ, ਤਾਂ ਸਬੰਧਤ ਡੀਲਿੰਗ ਹੈਂਡ ਨੇ ਦੱਸਿਆ ਕਿ ਪਾਸਪੋਰਟ ਸੰਬੰਧੀ ਉਸਦੀ ਪੁਲਿਸ ਵੈਰੀਫਿਕੇਸ਼ਨ ਕਲੀਅਰ ਨਹੀਂ ਹੋਈ ਹੈ। ਜਦੋਂ ਉਹ ਪਾਸਪੋਰਟ ਦਫ਼ਤਰ ਤੋਂ ਬਾਹਰ ਆਈ, ਤਾਂ ਦੋ ਪ੍ਰਾਈਵੇਟ ਪਾਸਪੋਰਟ ਏਜੰਟ ਐਨਪੀ ਸਿੰਘ ਅਤੇ ਹਰਦੀਪ ਕੌਰ ਪਾਸਪੋਰਟ ਦਫ਼ਤਰ ਦੇ ਨੇੜੇ ਸਥਿਤ ਇੱਕ ਬੂਥ ਦੇ ਬਾਹਰ ਉਸ ਕੋਲ ਆਏ। ਉਨ੍ਹਾਂ ਨੇ ਪਾਸਪੋਰਟ ਅਧਿਕਾਰੀ ਰਾਹੀਂ ਪੁਲਿਸ ਵੈਰੀਫਿਕੇਸ਼ਨ ਤੋਂ ਬਿਨਾਂ ਉਸਦਾ ਪਾਸਪੋਰਟ ਜਲਦੀ ਜਾਰੀ ਕਰਨ ਲਈ 35,000/- ਰੁਪਏ ਦੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਰਿਸ਼ਵਤ ਦੀ ਮੰਗ ਸੰਬੰਧੀ ਗੱਲਬਾਤ ਰਿਕਾਰਡ ਕੀਤੀ।
ਗੈਰ-ਕਾਨੂੰਨੀ ਰਿਸ਼ਵਤ ਦੇਣ ਤੋਂ ਇਨਕਾਰ ਕਰਦੇ ਹੋਏ, ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਰੇਂਜ ਜਲੰਧਰ ਨਾਲ ਸੰਪਰਕ ਕੀਤਾ। ਉਸਦੀ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ, ਵਿਜੀਲੈਂਸ ਬਿਊਰੋ ਦੀ ਟੀਮ ਨੇ ਇੱਕ ਜਾਲ ਵਿਛਾਇਆ ਜਿਸ ਦੌਰਾਨ ਦੋਸ਼ੀ ਹਰਦੀਪ ਕੌਰ ਪ੍ਰਾਈਵੇਟ ਪਾਸਪੋਰਟ ਏਜੰਟ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 20,000/- ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ। ਦੂਜੇ ਦੋਸ਼ੀ ਨਰਿੰਦਰ ਪਾਲ ਸਿੰਘ ਉਰਫ਼ ਐਨਪੀ ਨੂੰ ਅਜੇ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਅਗਲੇਰੀ ਜਾਂਚ ਦੌਰਾਨ ਪਾਸਪੋਰਟ ਦਫ਼ਤਰ ਦੇ ਅਧਿਕਾਰੀਆਂ ਦੀ ਭੂਮਿਕਾ ‘ਤੇ ਵਿਚਾਰ ਕੀਤਾ ਜਾਵੇਗਾ।
ਇਸ ਸਬੰਧ ਵਿੱਚ, ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।