ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਵਿਸ਼ੇਸ਼ ਡਾਕੂਮੈਂਟਰੀ ਵੈਨ ਫਾਜ਼ਿਲਕਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਚਲਾਈ ਜਾ ਰਹੀ ਹੈ। ਇਸ ਵੈਨ ਰਾਹੀਂ ਸ੍ਰੀ ਗੁਰੂ ਰਵਿਦਾਸ ਜੀ ਦੇ ਪਵਿੱਤਰ ਜੀਵਨ, ਬਾਣੀ ਅਤੇ ਸਮਾਜ ਸੁਧਾਰ ਲਈ ਪਾਏ ਗਏ ਅਮੁੱਲੇ ਯੋਗਦਾਨ ’ਤੇ ਆਧਾਰਿਤ ਡਾਕੂਮੈਂਟਰੀ ਫਿਲਮ ਲੋਕਾਂ ਨੂੰ ਦਿਖਾਈ ਜਾ ਰਹੀ ਹੈ। ਇਹ ਡਾਕੂਮੈਂਟਰੀ ਫਿਲਮ ਹੁਣ ਤੱਕ ਫਾਜ਼ਿਲਕਾ ਬਲਾਕ ਦੇ ਪਿੰਡ ਬਾਧਾ, ਲਾਲੋ ਬਾਈ, ਮੁਹਾਰ ਜਮਸ਼ੇਰ, ਮੁਹਾਰ ਸੋਨਾ, ਮੁਹਾਰ ਖੀਵਾ, ਮੁਹਾਰ ਖੀਵਾ ਭੁਵਾਨੀ, ਮੌਜਮ, ਨਵਾਂ ਮੌਜਮ, ਨਵਾਂ ਸਲੇਮਸ਼ਾਹ, ਸਲੇਮਸ਼ਾਹ, ਗੰਜੂਆਣਾ, ਨਵੀਂ ਬਸਤੀ ਸਲੇਮਸ਼ਾਹ, ਗਗਨ ਕੇ, ਸ਼ਮਸ਼ਬਾਦ, ਢਾਣੀ ਹਰਦਿੱਤ ਸਿੰਘ ਅਤੇ ਕਾਵਾਂ ਵਾਲੀ ਵਿਖੇ ਪ੍ਰਦਰਸ਼ਿਤ ਕੀਤੀ ਜਾ ਚੁੱਕੀ ਹੈ। ਪਿੰਡਾਂ ਵਿੱਚ ਡਾਕੂਮੈਂਟਰੀ ਸ਼ੋਅ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਗਵਿੰਦਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਦਾ ਮੁੱਖ ਉਦੇਸ਼ ਸ੍ਰੀ ਗੁਰੂ ਰਵਿਦਾਸ ਜੀ ਦੇ ਸਮਾਨਤਾ, ਆਪਸੀ ਭਾਈਚਾਰੇ ਅਤੇ ਮਨੁੱਖਤਾ ਦੇ ਸੰਦੇਸ਼ ਨੂੰ ਸਮਾਜ ਦੇ ਹਰ ਵਰਗ ਤੱਕ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਅੱਜ ਦੇ ਦੌਰ ਵਿੱਚ ਵੀ ਸਮਾਜਿਕ ਸਦਭਾਵਨਾ ਅਤੇ ਆਪਸੀ ਸਾਂਝ ਨੂੰ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਪ੍ਰਸੰਗਿਕ ਹੈ।

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਡਾਕੂਮੈਂਟਰੀ ਵੈਨ ਰਾਹੀਂ ਪੇਂਡੂ ਖੇਤਰਾਂ ਵਿੱਚ ਲਗਾਤਾਰ ਸ਼ੋਅ ਕੀਤੇ ਜਾ ਰਹੇ ਹਨ ਤਾਂ ਜੋ ਸਾਡੀ ਨਵੀਂ ਪੀੜ੍ਹੀ ਅਤੇ ਨੌਜਵਾਨ ਆਪਣੇ ਮਹਾਨ ਗੁਰੂਆਂ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਪ੍ਰੇਰਣਾ ਲੈ ਸਕਣ। ਉਨ੍ਹਾਂ ਦੱਸਿਆ ਕਿ ਇਹ ਡਾਕੂਮੈਂਟਰੀ ਫਿਲਮ ਹਰ ਰੋਜ਼ ਸ਼ਾਮ ਨੂੰ ਜ਼ਿਲ੍ਹੇ ਦੇ ਦੋ ਪਿੰਡਾਂ ਵਿੱਚ ਵਿਖਾਈ ਜਾ ਰਹੀ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਧਾਰਮਿਕ ਡਾਕੂਮੈਂਟਰੀ ਸ਼ੋਅ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ।