ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਲੋਕ ਭਲਾਈ ਮੁਹਿੰਮ “ਸੀ.ਐਮ ਦੀ ਯੋਗਸ਼ਾਲਾ” ਤਹਿਤ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਲੋਕਾਂ ਨੂੰ ਸਿਹਤਮੰਦ ਜੀਵਨਸ਼ੈਲੀ ਵੱਲ ਪ੍ਰੇਰਿਤ ਕਰ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ ਸੋਨਾ ਥਿੰਦ ਨੇ ਦੱਸਿਆ ਕਿ ਇਸ ਉਪਰਾਲੇ ਤਹਿਤ ਵੱਡੀ ਗਿਣਤੀ ਵਿੱਚ ਲੋਕ ਰੋਜ਼ਾਨਾ ਯੋਗ ਕਿਰਿਆਵਾਂ ਨਾਲ ਜੁੜ ਰਹੇ ਹਨ, ਜਿਸ ਨਾਲ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਪ੍ਰਤੀ ਜਾਗਰੂਕਤਾ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਓਹਨਾਂ ਕਿਹਾ ਕਿ “ਸੀ.ਐਮ ਦੀ ਯੋਗਸ਼ਾਲਾ” ਤਹਿਤ ਲੋਕਾਂ ਨੂੰ ਮੁਫ਼ਤ ਯੋਗ ਸਿਖਲਾਈ ਪ੍ਰਦਾਨ ਕੀਤੀ ਜਾ ਰਹੀ ਹੈ, ਜਿਸ ਨਾਲ ਸਿਹਤਮੰਦ ਅਤੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਨੂੰ ਹੋਰ ਮਜ਼ਬੂਤੀ ਮਿਲ ਰਹੀ ਹੈ। ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ, ਵਾਰਡਾਂ, ਪਾਰਕਾਂ ਅਤੇ ਜਨਤਕ ਸਥਾਨਾਂ ’ਤੇ 85 ਯੋਗਾ ਟ੍ਰੇਨਰਾਂ ਦੀ ਦੇਖ-ਰੇਖ ਹੇਠ 400 ਤੋਂ ਵੱਧ ਯੋਗ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਇਨ੍ਹਾਂ ਕਲਾਸਾਂ ਵਿੱਚ ਹਰ ਰੋਜ਼ ਮਹਿਲਾਵਾਂ, ਨੌਜਵਾਨਾਂ, ਬਜ਼ੁਰਗਾਂ ਅਤੇ ਵਿਦਿਆਰਥੀਆਂ ਵੱਲੋਂ ਯੋਗ ਆਸਨ, ਪ੍ਰਾਣਾਯਾਮ ਅਤੇ ਧਿਆਨ ਦਾ ਅਭਿਆਸ ਕੀਤਾ ਜਾ ਰਿਹਾ ਹੈ।
ਓਹਨਾਂ ਦੱਸਿਆ ਕਿ ਯੋਗ ਮਾਹਿਰਾਂ ਵੱਲੋਂ ਲੋਕਾਂ ਨੂੰ ਰੋਜਾਨਾ ਜੀਵਨ ਵਿੱਚ ਯੋਗ ਨੂੰ ਅਪਨਾਉਣ ਦੇ ਫਾਇਦਿਆਂ ਬਾਰੇ ਜਾਣੂ ਕਰਵਾਉਣ ਦੇ ਨਾਲ-ਨਾਲ ਸੰਤੁਲਿਤ ਜੀਵਨਸ਼ੈਲੀ ਅਪਣਾਉਣ, ਮਾਨਸਿਕ ਤਣਾਅ ਤੋਂ ਬਚਾਅ ਅਤੇ ਰੋਜ਼ਾਨਾ ਸਿਹਤ ਸੰਬੰਧੀ ਜਰੂਰੀ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ।
ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਮਿਸ ਭਾਰਤੀ ਭਾਵਨਾ ਨੇ ਦੱਸਿਆ ਕਿ ਇਨ੍ਹਾਂ ਯੋਗ ਕਲਾਸਾਂ ਲਈ ਲਗਭਗ 14 ਹਜਾਰ ਤੋਂ ਵੱਧ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ, ਜਿਨ੍ਹਾਂ ਵਿੱਚੋਂ 11 ਹਜਾਰ 990 ਤੋਂ ਵੱਧ ਮੈਂਬਰ ਹਰ ਰੋਜ਼ ਯੋਗ ਅਭਿਆਸ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜਿਹੜੇ ਨਾਗਰਿਕ ਆਪਣੇ ਮੁਹੱਲੇ ਵਿੱਚ ਯੋਗਸ਼ਾਲਾ ਦੀ ਸ਼ੁਰੂਆਤ ਕਰਨੀ ਚਾਹੁੰਦੇ ਹਨ ਉਹ 25 ਲੋਕਾਂ ਦਾ ਸਮੂਹ ਬਣਾਉਣ ਉਪਰੰਤ, ਟੋਲ ਫਰੀ ਨੰਬਰ 76694—00500 ਉਤੇ ਮਿਸ ਕਾਲ ਕਰ ਸਕਦੇ ਹਨ ਅਤੇ ਜਾਂ ਫਿਰ https://cmdiyogshala.punjab.gov.in ਉਤੇ ਲਾਗ ਇਨ ਕਰਕੇ ਆਪਣੇ ਆਪ ਨੂੰ ਰਜਿਸਟਰ ਕਰਵਾ ਸਕਦੇ ਹਨ।