ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ, ਨਾਮ ਕਟਵਾਉਣ ਅਤੇ ਵੇਰਵਿਆਂ ਵਿੱਚ ਸੋਧ ਲਈ ਆਨਲਾਈਨ ਤੇ ਆਫਲਾਈਨ ਸੁਵਿਧਾ ਉਪਲਬਧ-ਜ਼ਿਲ੍ਹਾ ਚੋਣ ਅਫਸਰ

ਫਤਹਿਗੜ੍ਹ ਸਾਹਿਬ : ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਮੁੱਖ ਚੋਣ ਅਫ਼ਸਰ,ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੋਟਰ ਸੂਚੀਆਂ ਨੂੰ ਹੋਰ ਸ਼ੁੱਧ, ਪਾਰਦਰਸ਼ੀ ਅਤੇ ਅੱਪਡੇਟ ਬਣਾਉਣ ਲਈ ਚੱਲ ਰਹੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.)-2026 ਤਹਿਤ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ.ਸੋਨਾ ਥਿੰਦ ਨੇ ਜ਼ਿਲ੍ਹੇ ਦੇ ਸਮੂਹ ਯੋਗ ਨਾਗਰਿਕਾਂ ਨੂੰ ਆਪਣੇ ਵੋਟਰ ਵੇਰਵਿਆਂ ਦੀ ਜਾਂਚ ਕਰਨ ਅਤੇ ਲੋੜ ਅਨੁਸਾਰ ਦਾਅਵੇ ਤੇ ਇਤਰਾਜ ਦਰਜ ਕਰਵਾਉਣ ਦੀ ਅਪੀਲ ਕੀਤੀ ਹੈ।

            ਉਨ੍ਹਾਂ ਦੱਸਿਆ ਕਿ 13 ਅਗਸਤ ਤੋਂ 12 ਸਤੰਬਰ 2026 ਤੱਕ ਯੋਗ ਨਾਗਰਿਕ ਵੋਟਰ ਸੂਚੀ ਵਿੱਚ ਨਾਮ ਦਰਜ ਕਰਵਾਉਣ, ਨਾਮ ਕਟਵਾਉਣ ਜਾਂ ਮੌਜੂਦਾ ਵੇਰਵਿਆਂ ਵਿੱਚ ਸੋਧ ਲਈ ਦਾਅਵੇ ਅਤੇ ਇਤਰਾਜ ਦਰਜ ਕਰਵਾ ਸਕਦੇ ਹਨ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਸਬੰਧੀ ਜਾਣਕਾਰੀ ਦੀ ਖੁਦ ਤਸਦੀਕ ਕਰਕੇ ਕਿਸੇ ਵੀ ਤਰੁੱਟੀ ਦੀ ਸੂਰਤ ਵਿੱਚ ਨਿਰਧਾਰਤ ਸਮੇਂ ਅੰਦਰ ਕਾਰਵਾਈ ਕਰਨ। ਉਨ੍ਹਾਂ ਦੱਸਿਆ ਕਿ ਪ੍ਰਾਪਤ ਦਾਅਵਿਆਂ ਅਤੇ ਇਤਰਾਜਾਂ ਦੀ ਜਾਂਚ ਅਤੇ ਨਿਪਟਾਰਾ 08 ਅਕਤੂਬਰ 2026 ਤੱਕ ਕੀਤਾ ਜਾਵੇਗਾ, ਜਦਕਿ ਅੰਤਿਮ ਵੋਟਰ ਸੂਚੀ 12 ਅਕਤੂਬਰ 2026 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ।

       ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਨਵੇਂ ਵੋਟਰ ਦੀ ਰਜਿਸਟ੍ਰੇਸ਼ਨ ਲਈ ਫਾਰਮ-6, ਵੋਟਰ ਸੂਚੀ ਵਿੱਚੋਂ ਨਾਮ ਕਟਵਾਉਣ ਲਈ ਫਾਰਮ-7, ਪ੍ਰਵਾਸੀ ਭਾਰਤੀ (NRI) ਵੋਟਰ ਦੀ ਰਜਿਸਟ੍ਰੇਸ਼ਨ ਲਈ ਫਾਰਮ-6A ਅਤੇ ਵੇਰਵਿਆਂ ਵਿੱਚ ਸੋਧ, ਰਿਹਾਇਸ਼ ਬਦਲਣ, ਵੋਟਰ ਫੋਟੋ ਸ਼ਨਾਖਤੀ ਕਾਰਡ (EPIC) ਵਿੱਚ ਤਬਦੀਲੀ ਜਾਂ ਦਿਵਿਆਂਗ ਵੋਟਰ ਵਜੋਂ ਮਾਰਕ ਕਰਵਾਉਣ ਲਈ ਫਾਰਮ-8 ਦੀ ਵਰਤੋਂ ਕੀਤੀ ਜਾ ਸਕਦੀ ਹੈ।

       ਉਨ੍ਹਾਂ ਦੱਸਿਆ ਕਿ ਫਾਰਮ-6 ਰਾਹੀਂ ਉਹ ਨਾਗਰਿਕ ਨਵੀਂ ਰਜਿਸਟ੍ਰੇਸ਼ਨ ਲਈ ਅਰਜ਼ੀ ਦੇ ਸਕਦੇ ਹਨ ਜਿਨ੍ਹਾਂ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ ਜਾਂ ਜੋ 1 ਅਕਤੂਬਰ 2026 ਨੂੰ ਜਾਂ ਇਸ ਤੋਂ ਪਹਿਲਾਂ 18 ਸਾਲ ਦੇ ਹੋ ਰਹੇ ਹਨ। ਇਸ ਤੋਂ ਇਲਾਵਾ ਯੋਗ NRI ਨਾਗਰਿਕ ਵੀ ਫਾਰਮ-6A ਰਾਹੀਂ ਆਪਣੇ ਪਾਸਪੋਰਟ ਵਿੱਚ ਦਰਸਾਏ ਹਲਕੇ ਦੀ ਵੋਟਰ ਸੂਚੀ ਵਿੱਚ ਨਾਮ ਦਰਜ ਕਰਵਾਉਣ ਲਈ ਅਰਜ਼ੀ ਦੇ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਵੋਟਰ ਆਪਣੀ ਅਰਜ਼ੀ ਸਬੰਧਤ ਈ.ਆਰ.ਓ/ ਏ.ਈ.ਆਰ.ਓ ( ERO/AERO) ਦਫ਼ਤਰ, ਆਪਣੇ ਬੀ.ਐੱਲ.ਓ. ਨਾਲ ਸੰਪਰਕ ਕਰਕੇ ਜਾਂ ਚੋਣ ਕਮਿਸ਼ਨ ਦੇ ਆਨਲਾਈਨ ਪੋਰਟਲ voters.eci.gov.in ਅਤੇ ECINet App ਰਾਹੀਂ ਵੀ ਦਰਜ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਸੁਚੱਜਾ ਬਣਾਉਣ ਲਈ ਹਰ ਪੱਧਰ ’ਤੇ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ।

Leave a Reply

Your email address will not be published. Required fields are marked *