ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਫਾਜ਼ਿਲਕਾ ਅਧੀਨ ਆਉਂਦੀ ਨਗਰ ਕੌਂਸਲ ਜਲਾਲਾਬਾਦ ਦੀਆਂ 5 ਜੁਲਾਈ 2026 ਨੂੰ ਹੋਣ ਵਾਲੀਆਂ ਚੋਣਾਂ ਲਈ ਅੱਜ ਤੀਜੇ ਦਿਨ ਕੁੱਲ 21 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਹਨ ਜਿਸ ਅਨੁਸਾਰ 15 ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਵੱਲੋਂ ਅਤੇ 6 ਆਜ਼ਾਦ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਹਨ।
ਨਾਮਜ਼ਦਗੀ ਪੱਤਰਾਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਦੂਜੇ ਦਿਨ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ 2 ਨਾਮਜਦਗੀ ਪੱਤਰ ਜਿਸ ਅਨੁਸਾਰ ਵਾਰਡ ਨੰਬਰ 7 ਤੋਂ ਕੁਲਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਅਤੇ ਵਾਰਡ ਨੰਬਰ 17 ਤੋਂ ਰੋਹਿਤ ਕੁਮਾਰ ਪੁੱਤਰ ਦੇਸ਼ ਰਾਜ ਵੱਲੋਂ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ ਗਏ ਹਨ। ਇਸ ਤੋਂ ਇਲਾਵਾ ਪਹਿਲੇ ਦਿਨ ਕਿਸੇ ਵੀ ਪਾਰਟੀ ਦੇ ਉਮੀਦਵਾਰ ਵੱਲੋਂ ਕੋਈ ਵੀ ਨਾਮਜਦਗੀ ਪੱਤਰ ਦਾਖਲ ਨਹੀਂ ਕਰਵਾਇਆ ਗਿਆ!
ਉਹਨਾਂ ਦੱਸਿਆ ਕਿ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਸਰਕਾਰੀ ਕੰਨਿਆ ਕਾਲਜ ਜਲਾਲਾਬਾਦ ਨੂੰ ਕੇਂਦਰ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ 25 ਜੂਨ ਅੰਤਿਮ ਮਿਤੀ ਹੈ । 26 ਜੂਨ 2026 ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ। 27 ਜੂਨ 2026 ਨੂੰ ਉਮੀਦਵਾਰ ਨਾਮਜਦਗੀ ਪੱਤਰ ਵਾਪਸ ਲੈ ਸਕਦੇ ਹਨ। 5 ਜੁਲਾਈ 2026 ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਕੁੱਲ 17 ਵਾਰਡਾਂ ਵਿੱਚ 33 ਪੋਲਿੰਗ ਬੂਥ ਬਣਾਏ ਗਏ ਹਨ। ਉਨ੍ਹਾਂ ਜਲਾਲਾਬਾਦ ਦੇ ਸਾਰੇ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ।