ਪੰਜਾਬ ਕ੍ਰਿਕਟ ਲਈ ਮਾਣ ਵਾਲੇ ਪਲਾਂ ਵਿੱਚ ਉਸ ਸਮੇਂ ਹੋਰ ਇਜ਼ਾਫਾ ਹੋਇਆ, ਜਦੋਂ ਪੰਜਾਬ ਅੰਡਰ-19 ਟੀਮ ਦੇ ਖਿਡਾਰੀ 13 ਸਾਲਾਂ ਬਾਅਦ ਵੀਨੂੰ ਮਾਂਕੜ ਟਰਾਫੀ ਜਿੱਤ ਕੇ ਪੰਜਾਬ ਵਾਪਸ ਪਹੁੰਚੇ। ਮੋਹਾਲੀ ਏਅਰਪੋਰਟ ’ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਆਨਰੇਰੀ ਸਕੱਤਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਜੇਤੂ ਟੀਮ ਦਾ ਸਵਾਗਤ ਕੀਤਾ ਅਤੇ ਖਿਡਾਰੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ।
ਪੰਜਾਬ ਅੰਡਰ-19 ਟੀਮ ਨੇ ਇੰਦੌਰ ਦੇ ਦਿੱਲੀ ਕਾਲਜ ਗਰਾਊਂਡ ਵਿਖੇ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਮੁੰਬਈ ਨੂੰ ਹਰਾ ਕੇ ਵੀਨੂੰ ਮਾਂਕੜ ਟਰਾਫੀ ਆਪਣੇ ਨਾਮ ਕੀਤੀ। ਪੰਜਾਬ ਨੇ ਇਹ ਵੱਕਾਰੀ ਖਿਤਾਬ 13 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਜਿੱਤ ਕੇ ਪੰਜਾਬ ਕ੍ਰਿਕਟ ਦੇ ਇਤਿਹਾਸ ਵਿੱਚ ਇੱਕ ਹੋਰ ਸੁਨਹਿਰੀ ਅਧਿਆਇ ਜੋੜਿਆ ਹੈ।
ਜੇਤੂ ਟੀਮ ਦੇ ਸਵਾਗਤ ਲਈ ਮੋਹਾਲੀ ਏਅਰਪੋਰਟ ’ਤੇ ਵੱਡੀ ਗਿਣਤੀ ਵਿੱਚ ਕ੍ਰਿਕਟ ਪ੍ਰੇਮੀ ਵੀ ਪਹੁੰਚੇ। ਇਸ ਮੌਕੇ ਖਿਡਾਰੀਆਂ ਅਤੇ ਟੀਮ ਅਧਿਕਾਰੀਆਂ ਦਾ ਜੋਸ਼ ਅਤੇ ਉਤਸ਼ਾਹ ਦੇਖਣਯੋਗ ਸੀ।

ਮੀਤ ਹੇਅਰ ਨੇ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਅੰਡਰ-19 ਟੀਮ ਦੀ ਇਹ ਜਿੱਤ ਪੰਜਾਬ ਕ੍ਰਿਕਟ ਲਈ ਬਹੁਤ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਖਿਡਾਰੀਆਂ ਨੇ ਪੂਰੇ ਟੂਰਨਾਮੈਂਟ ਦੌਰਾਨ ਸ਼ਾਨਦਾਰ ਕ੍ਰਿਕਟ ਖੇਡੀ ਅਤੇ ਫਾਈਨਲ ਵਿੱਚ ਮੁੰਬਈ ਨੂੰ ਹਰਾ ਕੇ ਆਪਣੀ ਕਾਬਲੀਅਤ ਸਾਬਤ ਕੀਤੀ।
ਉਨ੍ਹਾਂ ਕਿਹਾ, “ਪੰਜਾਬ ਕ੍ਰਿਕਟ ਲਗਾਤਾਰ ਤਰੱਕੀ ਕਰ ਰਹੀ ਹੈ ਅਤੇ ਸਾਡੀਆਂ ਟੀਮਾਂ ਵੱਖ-ਵੱਖ ਫਾਰਮੈਟਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀਆਂ ਹਨ। ਅੰਡਰ-19 ਟੀਮ ਵੱਲੋਂ 13 ਸਾਲਾਂ ਬਾਅਦ ਵੀਨੂੰ ਮਾਂਕੜ ਟਰਾਫੀ ਜਿੱਤਣਾ ਸਾਡੇ ਲਈ ਬੇਹੱਦ ਖੁਸ਼ੀ ਅਤੇ ਮਾਣ ਦਾ ਪਲ ਹੈ। ਸਾਨੂੰ ਆਪਣੇ ਨੌਜਵਾਨ ਖਿਡਾਰੀਆਂ ਦੀ ਮਿਹਨਤ ਅਤੇ ਕਾਬਲੀਅਤ ’ਤੇ ਪੂਰਾ ਭਰੋਸਾ ਹੈ ਅਤੇ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਕ੍ਰਿਕਟ ਹੋਰ ਵੀ ਕਈ ਵੱਡੀਆਂ ਟਰਾਫੀਆਂ ਆਪਣੇ ਨਾਮ ਕਰੇਗੀ।”
ਮੀਤ ਹੇਅਰ ਨੇ ਖਿਡਾਰੀਆਂ, ਕੋਚਿੰਗ ਸਟਾਫ਼ ਅਤੇ ਟੀਮ ਨਾਲ ਜੁੜੇ ਸਾਰੇ ਮੈਂਬਰਾਂ ਨੂੰ ਇਸ ਇਤਿਹਾਸਕ ਸਫਲਤਾ ਲਈ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਨੌਜਵਾਨ ਕ੍ਰਿਕਟਰਾਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ’ਤੇ ਮਾਣ ਪ੍ਰਗਟ ਕਰਦਿਆਂ ਕਿਹਾ ਗਿਆ ਕਿ ਇਹ ਜਿੱਤ ਪੰਜਾਬ ਵਿੱਚ ਕ੍ਰਿਕਟ ਦੇ ਮਜ਼ਬੂਤ ਭਵਿੱਖ ਦੀ ਇੱਕ ਹੋਰ ਮਿਸਾਲ ਹੈ।
ਇਸ ਟੀਮ ਵਿੱਚ ਸ਼ਾਮਲ ਖਿਡਾਰੀ ਅਰਜੁਨ ਰਾਜਪੂਤ 695 ਦੌੜਾਂ ਨਾਲ ਟਾਪ ਸਕੋਰਰ ਬਣਿਆ ਜਿਸ ਵਿੱਚ ਤਿੰਨ ਸੈਂਕੜੇ ਸ਼ਾਮਲ ਸਨ। ਅਰਜੁਨ ਰਾਜਪੂਤ ਨੇ 11 ਵਿਕਟਾਂ ਲੈ ਕੇ ਆਲ ਰਾਊਂਡ ਪ੍ਰਦਰਸ਼ਨ ਕੀਤਾ। ਇਸ਼ਾਨ ਸੂਦ ਨੇ ਕੁੱਲ 13 ਵਿਕਟਾਂ ਲਈਆਂ। ਫਾਈਨਲ ਵਿੱਚ ਚਾਰ ਵਿਕਟਾਂ ਲਈਆਂ। ਸਾਗਰ ਵਿਰਕ ਨੇ ਕੁੱਲ 351 ਦੌੜਾਂ ਬਣਾਈਆਂ ਜਿਸ ਵਿੱਚ ਫ਼ਾਈਨਲ ਵਿੱਚ 111 ਦੌੜਾਂ ਦੀ ਸ਼ਾਨਦਾਰ ਪਾਰੀ ਸ਼ਾਮਲ ਹੈ। ਟੂਰਨਾਮੈਂਟ ਵਿੱਚ ਸਾਹਿਬਜੋਤਵੀਰ ਸਿੰਘ ਨੇ ਕੁੱਲ 19 ਵਿਕਟਾਂ ਲਈਆਂ ਜੋ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਵਿਕਟਾਂ ਹਨ। ਉਮੇਸ਼ ਗਿੱਲ ਨੇ ਕੁੱਲ 368 ਦੌੜਾਂ ਬਣਾਈਆਂ ਜਦੋਂਕਿ ਰਿਸ਼ਭ ਗੁਪਤਾ ਨੇ 278 ਦੌੜਾਂ ਬਣਾਈਆਂ। ਰਿਸ਼ਭ ਨੇ ਸੈਮੀ ਫਾਈਨਲ ਤੇ ਫਾਈਨਲ ਵਿੱਚ ਅਰਧ ਸੈਂਕੜੇ ਬਣਾਏ। ਲਕਸ਼ੇ ਕਾਂਸਲ ਨੇ 12 ਵਿਕਟਾਂ ਲਈਆਂ।