ਪੰਜਾਬ ਭਵਨ, ਕੈਨੇਡਾ ਦੇ ਸੰਸਥਾਪਕ ਸ. ਸੁੱਖੀ ਬਾਠ ਦੀ ਪ੍ਰੇਰਨਾ ਸਦਕਾ ਸ਼ੁਰੂ ਕੀਤੇ ਗਏ ਪ੍ਰੋਜੈਕਟ ‘ਨਵੀਆਂ ਕਲਮਾਂ ਨਵੀਂ ਉਡਾਣ’ ਤਹਿਤ ਟੀਮ ਫਾਜ਼ਿਲਕਾ ਵੱਲੋਂ ਮਾਂ-ਬੋਲੀ ਪੰਜਾਬੀ, ਬਾਲ ਸਾਹਿਤ ਅਤੇ ਬੱਚਿਆਂ ਦੀਆਂ ਸਿਰਜਣਾਤਮਕ ਰੁਚੀਆਂ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਇੱਕ ਰੋਜ਼ਾ ਬਾਲ ਸਾਹਿਤ ਉਤਸਵ ਵਿਸਡਮ ਕੋਨਵੈਂਟ ਸਕੂਲ, ਫਾਜ਼ਿਲਕਾ-ਫਿਰੋਜ਼ਪੁਰ ਰੋਡ ਵਿਖੇ ਬੜੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ‘ਨਵੀਆਂ ਕਲਮਾਂ ਨਵੀਂ ਉਡਾਣ’ ਦੇ ਫਾਜ਼ਿਲਕਾ ਜ਼ਿਲ੍ਹੇ ਨਾਲ ਸਬੰਧਤ ਭਾਗ-4 ਦੀ ਭਾਗ-97 ਪੁਸਤਕ ਨੂੰ ਵੱਖ-ਵੱਖ ਸਤਿਕਾਰਯੋਗ ਸ਼ਖ਼ਸੀਅਤਾਂ ਦੀ ਮੌਜੂਦਗੀ ਵਿੱਚ ਰਸਮੀ ਤੌਰ ’ਤੇ ਲੋਕ ਅਰਪਣ ਕੀਤਾ ਗਿਆ। ਪੁਸਤਕ ਦੇ ਮੁੱਖ ਸੰਪਾਦਕ ਸ੍ਰੀ ਮਨੀਸ਼ ਕੁਮਾਰ ਅਤੇ ਸਹਿ-ਸੰਪਾਦਕ ਸ੍ਰੀਮਤੀ ਪੁਸ਼ਪਾ ਰਾਣੀ ਹਨ।
ਸਮਾਗਮ ਦੀ ਸ਼ੁਰੂਆਤ ਵਿਸਡਮ ਕੋਨਵੈਂਟ ਸਕੂਲ ਦੇ ਵਿਦਿਆਰਥੀਆਂ ਵੱਲੋਂ ਧਾਰਮਿਕ ਸ਼ਬਦ ਗਾਇਨ ਨਾਲ ਹੋਈ। ਇਸ ਉਪਰੰਤ ਮਾਂ-ਬੋਲੀ ਪੰਜਾਬੀ ਪ੍ਰਤੀ ਸਤਿਕਾਰ ਦਾ ਪ੍ਰਗਟਾਵਾ ਕਰਦਿਆਂ ਪੰਜਾਬੀ ਦੇ ਜੈਕਾਰਿਆਂ ਅਤੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਮਨਮੋਹਕ ਸੱਭਿਆਚਾਰਕ ਪ੍ਰੋਗਰਾਮ ਨੇ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ। ਬੱਚਿਆਂ ਦੀਆਂ ਸਾਹਿਤਕ ਰਚਨਾਵਾਂ ਅਤੇ ਉਨ੍ਹਾਂ ਦੀ ਸਿਰਜਣਾਤਮਕਤਾ ਨੂੰ ਉਤਸ਼ਾਹਿਤ ਕਰਨਾ ਇਸ ਉਤਸਵ ਦਾ ਮੁੱਖ ਉਦੇਸ਼ ਰਿਹਾ।

ਪੰਜਾਬ ਭਵਨ, ਕੈਨੇਡਾ ਦੇ ਸੰਸਥਾਪਕ ਸ. ਸੁੱਖੀ ਬਾਠ ਨੇ ਆਪਣੇ ਸੰਦੇਸ਼ ਰਾਹੀਂ ਕਿਹਾ ਕਿ ਬੱਚਿਆਂ ਅੰਦਰ ਸਾਹਿਤਕ ਰੁਚੀਆਂ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਆਪਣੀ ਮਾਂ-ਬੋਲੀ ਨਾਲ ਜੋੜਨਾ ਬਹੁਤ ਮਹੱਤਵਪੂਰਨ ਕਾਰਜ ਹੈ। ‘ਨਵੀਆਂ ਕਲਮਾਂ ਨਵੀਂ ਉਡਾਣ’ ਵਰਗੇ ਉਪਰਾਲੇ ਬੱਚਿਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ, ਵਿਚਾਰਾਂ ਨੂੰ ਸ਼ਬਦਾਂ ਰਾਹੀਂ ਪ੍ਰਗਟਾਉਣ ਅਤੇ ਸਾਹਿਤ ਦੇ ਖੇਤਰ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ।
ਇਸ ਮਾਣਮੱਤੇ ਸਮਾਗਮ ਵਿੱਚ ਸਾਬਕਾ ਭਾਸ਼ਾ ਅਫ਼ਸਰ ਸ੍ਰੀ ਭੁਪਿੰਦਰ ਉਤਰੇਜਾ, ਭਾਸ਼ਾ ਵਿਭਾਗ ਦੇ ਖੋਜ ਅਫ਼ਸਰ ਸ. ਪਰਮਿੰਦਰ ਸਿੰਘ, ਡਾ. ਵਿਜੇ ਪ੍ਰਵੀਨ ਅਤੇ ਹੋਰ ਸਤਿਕਾਰਯੋਗ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਬਾਲ ਸਾਹਿਤ ਦੀ ਮਹੱਤਤਾ ਅਤੇ ਬੱਚਿਆਂ ਨੂੰ ਸਾਹਿਤਕ ਗਤੀਵਿਧੀਆਂ ਨਾਲ ਜੋੜਨ ਦੀ ਲੋੜ ’ਤੇ ਜ਼ੋਰ ਦਿੱਤਾ।
ਸਮਾਗਮ ਦੀ ਸਫ਼ਲਤਾ ਵਿੱਚ ਵਿਸਡਮ ਕੋਨਵੈਂਟ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ. ਪਰਮਜੀਤ ਸਿੰਘ ਵੈਰੜ, ਪ੍ਰਿੰਸੀਪਲ ਮੈਡਮ ਦੀਪਿਕਾ ਚੌਪੜਾ ਅਤੇ ਸਮੁੱਚੇ ਸਕੂਲ ਸਟਾਫ਼ ਦਾ ਵਿਸ਼ੇਸ਼ ਅਤੇ ਸ਼ਲਾਘਾਯੋਗ ਯੋਗਦਾਨ ਰਿਹਾ। ਸਕੂਲ ਪ੍ਰਬੰਧਕਾਂ ਵੱਲੋਂ ਸਮਾਗਮ ਦੇ ਸੁਚੱਜੇ ਪ੍ਰਬੰਧਾਂ, ਵਿਦਿਆਰਥੀਆਂ ਦੀ ਭਾਗੀਦਾਰੀ, ਮਹਿਮਾਨਾਂ ਦੇ ਸਵਾਗਤ ਅਤੇ ਮਹਿਮਾਨਨਵਾਜ਼ੀ ਲਈ ਭਰਪੂਰ ਸਹਿਯੋਗ ਦਿੱਤਾ ਗਿਆ। ਟੀਮ ਫਾਜ਼ਿਲਕਾ ਵੱਲੋਂ ਸਕੂਲ ਪ੍ਰਬੰਧਕਾਂ ਅਤੇ ਸਮੁੱਚੇ ਸਟਾਫ਼ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
ਪ੍ਰੋਜੈਕਟ ਦੀ ਸੂਬਾਈ ਟੀਮ ਵੱਲੋਂ ਵੀ ਇਸ ਸਮਾਗਮ ਦੀ ਸਫ਼ਲਤਾ ਵਿੱਚ ਅਹਿਮ ਭੂਮਿਕਾ ਨਿਭਾਈ ਗਈ। ਇਸ ਮੌਕੇ ਸ. ਉਂਕਾਰ ਸਿੰਘ ਤੇਜੇ, ਪ੍ਰੋਜੈਕਟ ਇੰਚਾਰਜ; ਸ. ਗੁਰਵਿੰਦਰ ਸਿੰਘ ਕਾਂਗੜ, ਸੀਨੀਅਰ ਪ੍ਰੋਜੈਕਟ ਇੰਚਾਰਜ; ਸ. ਭੀਮ ਸਿੰਘ, ਆਨਲਾਈਨ ਟ੍ਰੇਨਿੰਗ ਇੰਚਾਰਜ; ਅਤੇ ਸ. ਬਲਰਾਜ ਸਿੰਘ, ਜ਼ਿਲ੍ਹਾ ਪ੍ਰਧਾਨ ਬਠਿੰਡਾ-1 ਦੀ ਸੂਬਾਈ ਟੀਮ ਦੇ ਅਹੁਦੇਦਾਰਾਂ ਵਿਸ਼ੇਸ਼ ਤੌਰ ਤੇ ਸਮਾਰੋਹ ਵਿੱਚ ਸ਼ਿਰਕਤ ਕੀਤੀ । ਉਨ੍ਹਾਂ ਦੇ ਯੋਗਦਾਨ ਨੇ ਪ੍ਰੋਜੈਕਟ ਦੀਆਂ ਸਾਹਿਤਕ ਗਤੀਵਿਧੀਆਂ ਨੂੰ ਹੋਰ ਮਜ਼ਬੂਤੀ ਦੇਣ ਅਤੇ ਬੱਚਿਆਂ ਨੂੰ ਸਾਹਿਤ ਨਾਲ ਜੋੜਨ ਦੇ ਉਦੇਸ਼ ਨੂੰ ਅੱਗੇ ਵਧਾਉਣ ਵਿੱਚ ਸਹਿਯੋਗ ਦਿੱਤਾ।
ਟੀਮ ਫਾਜ਼ਿਲਕਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵਿੱਚ ਸ੍ਰੀਮਤੀ ਸੋਨੀਆ ਬਜਾਜ, ਜ਼ਿਲ੍ਹਾ ਸਰਪ੍ਰਸਤ; ਸ੍ਰੀਮਤੀ ਸੁਨੀਤਾ ਕੰਬੋਜ, ਜ਼ਿਲ੍ਹਾ ਪ੍ਰਧਾਨ; ਸ. ਸਿਮਲਜੀਤ ਸਿੰਘ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ; ਸ੍ਰੀ ਮਨੀਸ਼ ਕੁਮਾਰ, ਮੁੱਖ ਸੰਪਾਦਕ; ਸ੍ਰੀਮਤੀ ਪੁਸ਼ਪਾ ਰਾਣੀ, ਸਹਿ-ਸੰਪਾਦਕ; ਸ੍ਰੀਮਤੀ ਨੀਤੂ ਬਾਲਾ; ਸ. ਤਰਨਦੀਪ ਸਿੰਘ; ਸ੍ਰੀਮਤੀ ਮੋਨਿਕਾ ਕੰਬੋਜ; ਮੈਡਮ ਰੇਨੂੰ; ਸ. ਵਤਨ ਸਿੰਘ ਸੰਧੂ ਅਤੇ ਹੋਰ ਸਹਿਯੋਗੀਆਂ ਨੇ ਅਹਿਮ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਗਾਈਡ ਅਧਿਆਪਕਾਂ, ਮਾਪਿਆਂ ਅਤੇ ਬਾਲ ਲੇਖਕਾਂ ਦੀ ਵੱਡੀ ਸ਼ਮੂਲੀਅਤ ਨੇ ਬੱਚਿਆਂ ਦਾ ਹੌਸਲਾ ਵਧਾਇਆ ਅਤੇ ਸਮਾਗਮ ਦੀ ਰੌਣਕ ਵਿੱਚ ਵਾਧਾ ਕੀਤਾ।
ਸਮਾਗਮ ਦੇ ਅੰਤ ਵਿੱਚ ਸਾਹਿਤਕ ਗਤੀਵਿਧੀਆਂ ਅਤੇ ਪ੍ਰਬੰਧਾਂ ਵਿੱਚ ਯੋਗਦਾਨ ਪਾਉਣ ਵਾਲੇ ਅਧਿਆਪਕਾਂ, ਵਿਦਿਆਰਥੀਆਂ, ਸਕੂਲ ਪ੍ਰਬੰਧਕਾਂ ਅਤੇ ਸਹਿਯੋਗੀ ਸੱਜਣਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਹ ਉਤਸਵ ਬੱਚਿਆਂ ਅੰਦਰ ਸਾਹਿਤਕ ਚੇਤਨਾ ਪੈਦਾ ਕਰਨ, ਪੰਜਾਬੀ ਮਾਂ-ਬੋਲੀ ਪ੍ਰਤੀ ਮੋਹ ਵਧਾਉਣ ਅਤੇ ਨਵੀਂ ਪੀੜ੍ਹੀ ਨੂੰ ਲੇਖਣੀ ਨਾਲ ਜੋੜਨ ਵੱਲ ਇੱਕ ਸ਼ਲਾਘਾਯੋਗ ਕਦਮ ਸਾਬਤ ਹੋਇਆ।
ਟੀਮ ਫਾਜ਼ਿਲਕਾ ਨੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਪੰਜਾਬ ਭਵਨ, ਕੈਨੇਡਾ ਦੇ ਸੰਸਥਾਪਕ ਸ. ਸੁੱਖੀ ਬਾਠ, ਸੂਬਾਈ ਟੀਮ ਦੇ ਅਹੁਦੇਦਾਰਾਂ, ਵਿਸਡਮ ਕੋਨਵੈਂਟ ਸਕੂਲ ਦੇ ਪ੍ਰਬੰਧਕਾਂ ਅਤੇ ਸਟਾਫ਼, ਸਮੂਹ ਮਹਿਮਾਨਾਂ,ਅਧਿਆਪਕਾਂ, ਮਾਪਿਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।