ਜਲਾਲਾਬਾਦ ਦੇ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਅੱਜ ਤਹਿਸੀਲ ਕੰਪਲੈਕਸ ਵਿਖੇ ਨਵੀਨੀਕਰਨ (ਰੈਨੋਵੇਸ਼ਨ ਆਫ ) ਕੀਤੇ ਗਏ ਕੰਪਲੈਕਸ ਅਤੇ ਨਵੇਂ ਬਣੇ ਪਟਵਾਰ ਸਟੇਸ਼ਨ ਨੂੰ ਜਨਤਾ ਦੇ ਨਾਮ ਸਮਰਪਿਤ ਕੀਤਾ ਗਿਆ। ਇਸ ਸ਼ੁਭ ਕਾਰਜ ਦੀ ਸ਼ੁਰੂਆਤ ਬੜੀ ਸ਼ਰਧਾ ਅਤੇ ਭਾਵਨਾ ਨਾਲ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾ ਕੇ ਕੀਤੀ ਗਈ। ਇਸ ਮੌਕੇ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਅਤੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਅਮਰਪ੍ਰੀਤ ਕੌਰ ਸੰਧੂ ਨੇ ਸਾਂਝੇ ਤੌਰ ’ਤੇ ਰਿਬਨ ਕੱਟ ਕੇ ਇਮਾਰਤ ਦਾ ਉਦਘਾਟਨ ਕੀਤਾ। ਪਵਿੱਤਰ ਗੁਰਬਾਣੀ ਦੇ ਜਾਪ ਨਾਲ ਸਮੁੱਚਾ ਮਾਹੌਲ ਅਧਿਆਤਮਕ ਰੰਗ ਵਿੱਚ ਰੰਗਿਆ ਗਿਆ ਅਤੇ ਇਲਾਕੇ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਇਸ ਮੌਕੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਅਤੇ ਪਾਰਦਰਸ਼ੀ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ । ਵਿਧਾਇਕ ਗੋਲਡੀ ਨੇ ਕਿਹਾ ਕਿ ਪਟਵਾਰ ਸਟੇਸ਼ਨ ਦੇ ਬਣਨ ਨਾਲ ਹੁਣ ਜ਼ਮੀਨੀ ਰਿਕਾਰਡ ਅਤੇ ਹੋਰ ਕੰਮਾਂ ਲਈ ਲੋਕਾਂ ਨੂੰ ਭਟਕਣਾ ਨਹੀਂ ਪਵੇਗਾ ਅਤੇ ਸਾਰੇ ਕੰਮ ਇੱਕੋ ਛੱਤ ਹੇਠ ਸੁਚਾਰੂ ਢੰਗ ਨਾਲ ਹੋ ਸਕਣਗੇ। ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਕਿਹਾ ਕਿ ਪ੍ਰਸ਼ਾਸਨ ਦਾ ਮੁੱਖ ਟੀਚਾ ਸਰਕਾਰੀ ਦਫ਼ਤਰਾਂ ’ਚ ਆਉਣ ਵਾਲੇ ਹਰੇਕ ਨਾਗਰਿਕ ਨੂੰ ਸੁਖਾਵਾਂ ਮਾਹੌਲ ਪ੍ਰਦਾਨ ਕਰਨਾ ਹੈ। ਉਨ੍ਹਾਂ ਦੱਸਿਆ ਕਿ ਨਵੀਨੀਕਰਨ ਦੌਰਾਨ ਲੋਕਾਂ ਦੇ ਬੈਠਣ, ਪੀਣ ਵਾਲੇ ਸਾਫ਼ ਪਾਣੀ ਅਤੇ ਸਾਫ਼-ਸਫ਼ਾਈ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਮੌਕੇ ’ਤੇ ਮੌਜੂਦ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਪਹਿਲ ਦੇ ਅਧਾਰ ’ਤੇ ਕੀਤਾ ਜਾਵੇ। ਸਮਾਗਮ ਦੇ ਅੰਤ ਵਿੱਚ ਦੀ ਰੈਵੀਨਿਊ ਪਟਵਾਰ ਯੂਨੀਅਨ ਦੇ ਆਗੂ ਸਾਹਿਬਾਨਾਂ ਵੱਲੋਂ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ, ਡਿਪਟੀ ਕਮਿਸ਼ਨਰ ਫਾਜ਼ਿਲਕਾ ਅਮਰਪ੍ਰੀਤ ਕੌਰ ਸੰਧੂ, ਐਸ.ਡੀ.ਐਮ. ਜਲਾਲਾਬਾਦ ਕੰਵਰਜੀਤ ਸਿੰਘ ਮਾਨ ਅਤੇ ਤਹਿਸੀਲਦਾਰ ਜਲਾਲਾਬਾਦ, ਮਾਰਕੀਟ ਕਮੇਟੀ ਚੇਅਰਮੈਨ ਦੇਵ ਰਾਜ ਸ਼ਰਮਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਾਲ ਵਿਭਾਗ ਦੇ ਕਰਮਚਾਰੀ ਅਤੇ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।

ਫੋਟੋ ਕੈਪਸ਼ਨ-ਜਲਾਲਾਬਾਦ ਦੇ ਤਹਿਸੀਲ ਕੰਪਲੈਕਸ ਵਿਖੇ ਪਟਵਾਰ ਸਟੇਸ਼ਨ ਦਾ ਉਦਘਾਟਨ ਕਰਨ ਮੌਕੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਤੇ ਡਿਪਟੀ ਕਮਿਸ਼ਨਰ ਮੈਂਡਮ ਅਮਰਪ੍ਰੀਤ ਕੌਰ ਤੇ ਦੀ ਰੈਵੀਨਿਊ ਪਟਵਾਰ ਯੂਨੀਅਨ ਦੇ ਆਗੂ ਸਾਹਿਬਾਨ ਸਨਮਾਨਿਤ ਕਰਦੇ ਹੋਏ।
