ਪ੍ਰੋਜੈਕਟ ਜੀਵਨ ਜੋਤ 2.0 ਦੇ ਸਾਰਥਕ ਨਤੀਜੇ, ਬਾਲ ਭਿੱਖਿਆ ‘ਚ ਲੱਗੇ 18 ਬੱਚਿਆਂ ਨੂੰ ਸਿੱਖਿਆ ਨਾਲ ਜੋੜਿਆ

ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਪ੍ਰਾਪਤ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਫਾਜ਼ਿਲਕਾ ਅਮਰਪ੍ਰੀਤ ਕੌਰ ਸੰਧੂ ਦੀਆਂ ਹਦਾਇਤਾਂ ਅਨੁਸਾਰ ਬਾਲ ਭਿੱਖਿਆ ਖਿਲਾਫ ਪ੍ਰੋਜੈਕਟ ਜੀਵਨ ਜੋਤ 2.0 ਨੂੰ ਜ਼ਿਲ੍ਹੇ ਵਿਖੇ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ।

ਜ਼ਿਲ੍ਹਾ ਪ੍ਰੋਗਰਾਮ ਅਫਸਰ ਫਾਜ਼ਿਲਕਾ ਨਵਦੀਪ ਕੌਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ, ਫਾਜ਼ਿਲਕਾ ਵੱਲੋਂ ਸਬ- ਡਵੀਜਨਲ ਪੱਧਰੀ ਟੀਮ ਦੇ ਸਹਿਯੋਗ ਨਾਲ ਮਿਲ ਕੇ ਬਾਲ ਭਿੱਖਿਆ ਨੂੰ ਜੜ ਤੋਂ ਖਤਮ ਕਰਨ ਲਈ ਲਗਾਤਾਰ ਚੈਕਿੰਗਾਂ ਕੀਤੀਆਂ ਜਾ ਰਹੀਆਂ ਹਨ। ਫਾਜ਼ਿਲਕਾ ਵਿਚ ਬਾਲ ਭਿਖਾਰੀਆਂ ਨੂੰ ਰੈਸਕਿਊ ਕਰਨ ਲਈ ਗਊਸ਼ਾਲਾ ਰੋਡ, ਬੱਸ ਸਟੈਂਡ, ਘੰਟਾ ਘਰ ਚੌਕ, ਰੇਲਵੇ ਸਟੇਸ਼ਨ ਰੋਡ, ਸਬਜ਼ੀ ਮੰਡੀ, ਸ਼ਾਸਤਰੀ ਚੌਕ, ਨਹਿਰੂ ਪਾਰਕ, ਮੇਨ ਬਜ਼ਾਰ ਵਿਖੇ ਭਿਖਿਆ ਮੰਗ ਰਹੇ ਬੱਚਿਆਂ ਦੀ ਭਾਲ ਕੀਤੀ ਗਈ। ਚੈਕਿੰਗ ਟੀਮ ਵਿਚ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰੀਤੂ ਬਾਲਾ ਵੀ ਸ਼ਾਮਿਲ ਸਨ। ਬੱਚੇ ਜਿਨ੍ਹਾਂ ਦੀ ਉਮਰ ਤਕਰੀਬਨ ਇੱਕ ਸਾਲ ਤੋਂ ਲੈ ਕੇ ਛੇ ਸਾਲ ਤੱਕ ਦੀ ਸੀ ਅਤੇ ਛੋਟੇ ਬੱਚਿਆਂ ਨੂੰ ਉਨ੍ਹਾਂ ਦੀਆਂ ਮਾਵਾਂ ਗੋਦ ਵਿਚ ਚੁੱਕ ਕੇ ਭੀਖ ਮੰਗ ਰਹੀਆਂ ਸਨ।

ਬਾਲ ਭਿੱਖਿਆ ਸੰਬੰਧੀ ਚੈਕਿੰਗ ਦੌਰਾਨ  ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰੀਤੂ ਬਾਲਾ ਅਤੇ ਬਾਲ ਸੁਰੱਖਿਆ ਅਫਸਰ ਰਣਵੀਰ ਕੌਰ, ਕੌਸ਼ਲ, ਅਜੈ ਸ਼ਰਮਾ ਨੇ ਬੱਚਿਆਂ ਦੀਆਂ ਮਾਤਾਵਾਂ ਦੀ ਕਾਊਂਸਲਿੰਗ ਕੀਤੀ ਤੇ ਉਨਾਂ ਨੂੰ ਬਾਲ ਭਲਾਈ ਕਮੇਟੀ ਵਿਖੇ ਪੇਸ਼ ਕੀਤਾ, ਤਾਂ ਜੋ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਅਗਲੇਰੀ ਕਾਰਵਾਈ ਕੀਤੀ ਜਾ ਸਕੇ।

ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰੀਤੂ ਬਾਲਾ ਨੇ ਦੱਸਿਆ ਕਿ ਪ੍ਰੋਜੈਕਟ ਜੀਵਨ ਕੇ ਜੋਤ 2.0 ਤਹਿਤ ਲਗਾਤਾਰ ਹੀ ਬਾਲ ਭਿਖਿਆ ਸੰਬੰਧੀ ਚੈਕਿੰਗਾਂ ਕੀਤੀਆਂ ਜਾ ਰਹੀਆਂ ਹਨ ਤੇ 2026 ਵਿਚ ਹੁਣ ਤੱਕ ਕੁੱਲ 18 ਬੱਚਿਆਂ ਨੂੰ ਬਾਲ ਭਿੱਖਿਆ ਤੋਂ ਹਟਾ ਕੇ ਸਿੱਖਿਆ ਨਾਲ ਜੋੜਿਆ ਜਾ ਚੁੱਕਿਆ ਹੈ। ਚੈਕਿੰਗ ਦੌਰਾਨ ਜਿਲਾ ਬਾਲ ਸੁਰੱਖਿਆ ਯੂਨਿਟ ਦੀ ਟੀਮ ਵੱਲੋਂ ਆਮ ਜਨਤਾ ਨੂੰ ਦੱਸਿਆ ਗਿਆ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਭੀਖ ਨਾ ਮੰਗਵਾਉਣ ਤੇ ਮਜ਼ਦੂਰੀ ਨਾ ਕਰਵਾਉਣ, ਜੇ ਕੋਈ ਬੱਚਾ ਬਾਲ ਭਿੱਖਿਆ ਕਰਦੇ ਹੋਏ ਪਾਇਆ ਜਾਂਦਾ ਹੈ ਤਾਂ ਜ਼ਿਲਾ ਬਾਲ ਸੁਰੱਖਿਆ ਦਫਤਰ ਫਾਜ਼ਿਲਕਾ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਬੱਚਿਆਂ ਦੀ ਉਮਰ ਅਨੁਸਾਰ ਉਨ੍ਹਾਂ ਨੂੰ ਸਕੂਲ ਵਿਚ ਦਾਖਲ ਕਰਵਾਇਆ ਜਾ ਸਕੇ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਲਾਭ ਦਿੱਤਾ ਜਾ ਸਕੇ। ਜਿਲਾ ਬਾਲ ਸੁਰੱਖਿਆ  ਦਫਤਰ ਦੇ ਕਰਮਚਾਰੀਆਂ ਵੱਲੋਂ ਦੁਕਾਨਦਾਰਾਂ ਅਤੇ ਆਮ ਜਨਤਾ ਨੂੰ ਜਾਗਰੂਕ ਕੀਤਾ। ਉਨ੍ਹਾਂ ਅਪੀਲ ਕੀਤੀ ਕਿ ਬੱਚਿਆ ਨਾਲ ਸੰਬੰਧਤ ਕਿਸੇ ਤਰ੍ਹਾਂ ਦੀ ਜਾਣਕਾਰੀ ਜਿਲਾ ਬਾਲ ਸੁਰੱਖਿਆ ਦਫਤਰ ਫਾਜ਼ਿਲਕਾ, ਤੀਜੀ ਮੰਜ਼ਿਲ ਡੀਸੀ ਦਫਤਰ ਫਾਜ਼ਿਲਕਾ ਜਾਂ ਚਾਇਲਡ ਹੈਲਪਲਾਈਨ ਨੰਬਰ 1098 ਤੇ ਦਿੱਤੀ ਜਾਵੇ। ਚੈਕਿੰਗ ਟੀਮ ਵਿੱਚ ਬਾਕੀ ਵਿਭਾਗਾਂ ਦੇ ਨੁੰਮਾਇਂਦੇ ਵੀ ਸ਼ਾਮਲ ਸਨ।

Leave a Reply

Your email address will not be published. Required fields are marked *