ਵਾਤਾਵਰਨ ਸੰਭਾਲ ਅਤੇ ਹਰਿਆਲੀ ਨੂੰ ਉਤਸ਼ਾਹਿਤ ਕਰਨ ਲਈ ਆਪਣਾ ਪੰਜਾਬ ਫਾਊਂਡੇਸ਼ਨ ਅਤੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ (ਫੈਪ) ਨੇ ‘ਮਿਸ਼ਨ ਹਰਿਆਲੀ–2026’ ਦੀ ਸ਼ੁਰੂਆਤ ਕੀਤੀ ਹੈ। ਇਸ ਮੁਹਿੰਮ ਤਹਿਤ ਪੰਜਾਬ ਭਰ ਦੇ ਸਕੂਲਾਂ ਰਾਹੀਂ 9 ਲੱਖ ਪੌਦੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ।
ਫਾਊਂਡੇਸ਼ਨ ਦੇ ਸੰਸਥਾਪਕ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਕਿਹਾ ਕਿ ਮੁਹਿੰਮ ਦਾ ਉਦੇਸ਼ ਕੇਵਲ ਪੌਦੇ ਲਗਾਉਣਾ ਨਹੀਂ, ਸਗੋਂ ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਅਤੇ ਲਗਾਏ ਪੌਦਿਆਂ ਦੀ ਸੰਭਾਲ ਯਕੀਨੀ ਬਣਾਉਣਾ ਵੀ ਹੈ। ਉਹਨਾਂ ਦੱਸਿਆ ਕਿ ਫਾਊਂਡੇਸ਼ਨ ਪਿਛਲੇ ਕਈ ਸਾਲਾਂ ਤੋਂ ਲੱਖਾਂ ਪੌਦੇ ਲਗਾ ਕੇ ਉਹਨਾਂ ਦੀ ਦੇਖਭਾਲ ਕਰ ਰਹੀ ਹੈ।
ਮਿਸ਼ਨ ਤਹਿਤ 5 ਤੋਂ 15 ਜੁਲਾਈ, 2026 ਤੱਕ ਹਰ ਵਿਦਿਆਰਥੀ ਆਪਣੇ ਮਾਪਿਆਂ ਦੇ ਸਹਿਯੋਗ ਨਾਲ ਇੱਕ ਪੌਦਾ ਲਗਾਏਗਾ, ਜਦਕਿ ਹਰ ਸਕੂਲ ਆਪਣੇ ਕੈਂਪਸ ਜਾਂ ਹੋਰ ਉਚਿਤ ਥਾਵਾਂ ’ਤੇ ਘੱਟੋ—ਘੱਟ 100 ਪੌਦੇ ਲਗਾਏਗਾ। ਸਕੂਲਾਂ ਨੂੰ ਪਹਿਲਾਂ ਹੀ ਟੋਏ ਤਿਆਰ ਕਰਨ ਅਤੇ ਘੱਟੋ—ਘੱਟ ਦੋ ਫੁੱਟ ਉੱਚੇ ਪੌਦੇ ਲਗਾਉਣ ਦੀ ਸਲਾਹ ਦਿੱਤੀ ਗਈ ਹੈ।
ਮੁਹਿੰਮ ਦੀ ਪਾਰਦਰਸ਼ਤਾ ਲਈ ਵਿਦਿਆਰਥੀ ਆਪਣੇ ਲਗਾਏ ਪੌਦੇ ਦੀ ਤਸਵੀਰ ਅਤੇ ਸਥਾਨ ਦੀ ਜਾਣਕਾਰੀ ਨਿਰਧਾਰਿਤ ਪੋਰਟਲ ’ਤੇ ਅਪਲੋਡ ਕਰਨਗੇ। ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਜਾਣਗੇ, ਜਦਕਿ ਸਕੂਲਾਂ ਨੂੰ ਅੰਦਰੂਨੀ ਮੁਲਾਂਕਣ ਵਿੱਚ ਅੰਕ ਦੇਣ ਅਤੇ ਪੌਦਿਆਂ ਦੀ ਲਗਾਤਾਰ ਸੰਭਾਲ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਕਿਹਾ ਗਿਆ ਹੈ।
ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ‘ਪਾਣੀ ਬਚਾਓ–Wੱਖ ਲਗਾਓ’ ਸੰਦੇਸ਼ ਵਾਲੇ ਵਿਸ਼ੇਸ਼ ਵਿਨਾਇਲ ਸਟਿੱਕਰ ਪੰਜਾਬ ਦੀਆਂ 5,000 ਸਕੂਲ ਬੱਸਾਂ ’ਤੇ ਲਗਾਏ ਜਾਣਗੇ। ਇਸ ਤੋਂ ਇਲਾਵਾ 50 ਸਕੂਲਾਂ ਵਿੱਚ ‘ਗੁਰੂ ਨਾਨਕ ਬਗੀਚੀ’ ਮਾਡਲ ਅਨੁਸਾਰ ਬਗੀਚੇ ਵਿਕਸਤ ਕੀਤੇ ਜਾਣਗੇ, ਜਦਕਿ 100 ਸਕੂਲਾਂ ਵਿੱਚ ਰੇਨ ਵਾਟਰ ਰੀਚਾਰਜ ਪ੍ਰੋਜੈਕਟ ਸਥਾਪਿਤ ਕੀਤੇ ਜਾਣਗੇ, ਜਿਸ ਨਾਲ ਭੂਜਲ ਪੱਧਰ ਸੁਧਾਰਨ ਅਤੇ ਜਲ ਸੰਭਾਲ ਨੂੰ ਉਤਸ਼ਾਹ ਮਿਲੇਗਾ।
ਫੈਪ ਅਤੇ ਆਪਣਾ ਪੰਜਾਬ ਫਾਊਂਡੇਸ਼ਨ ਨੇ ਸਕੂਲ ਪ੍ਰਬੰਧਕਾਂ, ਪ੍ਰਿੰਸੀਪਲਾਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵੱਧ ਤੋਂ ਵੱਧ ਭਾਗੀਦਾਰੀ ਦੀ ਅਪੀਲ ਕਰਦਿਆਂ ਕਿਹਾ ਕਿ ‘ਮਿਸ਼ਨ ਹਰਿਆਲੀ–2026’ ਨੂੰ ਲੋਕ ਅੰਦੋਲਨ ਬਣਾਕੇ ਪੰਜਾਬ ਨੂੰ ਹਰਿਆ—ਭਰਿਆ ਅਤੇ ਵਾਤਾਵਰਨ ਪੱਖੋਂ ਹੋਰ ਮਜ਼ਬੂਤ ਬਣਾਇਆ ਜਾ ਸਕਦਾ ਹੈ।