ਅਪ੍ਰੈਲ ਅਤੇ ਮਈ ਮਹੀਨੇ ਵਿੱਚ ਲੱਗਣ ਵਾਲੇ ਮੁਫਤ ਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ ਸ਼ੁਰੂ—ਡਾ. ਧੂਰੀ

ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਸਿਹਤ, ਸਿੱਖਿਆ ਅਤੇ ਵਾਤਾਵਰਨ ਦੀ ਸੰਭਾਲ ਨੂੰ ਲੈ ਕੇ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਫੈਡਰੇਸ਼ਨ ਦੇ ਡਾਇਰੈਕਟਰਾਂ ਵੱਲੋਂ ਹਰ ਸਾਲ ਪੰਜਾਬ ਵਿੱਚ ਵੱਖ—ਵੱਖ ਸੰਸਥਾਵਾਂ ਨਾਲ ਮਿਲ ਕੇ ਸਿਹਤ ਸਬੰਧੀ ਕੈਂਪ ਲਗਾਏ ਜਾਂਦੇ ਹਨ। ਪਿਛਲੇ ਸਾਲ ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਅਨੇਕਾਂ ਮੁਫਤ ਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ ਲਗਵਾਏ ਗਏ ਅਤੇ ਰੋਟਰੀ ਕਲੱਬ ਨਾਲ ਮਿਲ ਕੇ ਬਨਾਉਟੀ ਅੰਗਾਂ ਦੇ ਕੈਂਪ ਲਗਵਾਏ। ਇਸੇ ਲਗਾਤਾਰਤਾ ਵਿੱਚ ਹੁਣ ਅਪ੍ਰੈਲ ਅਤੇ ਮਈ ਮਹੀਨੇ ਵਿੱਚ ਵਰਲਡ ਕੈਂਸਰ ਕੇਅਰ ਸੁਸਾਇਟੀ ਵੱਲੋਂ ਐਸ.ਬੀ.ਆਈ. ਕਾਰਡ ਨਾਲ ਮਿਲ ਕੇ ਆਪਣਾ ਪੰਜਾਬ ਫਾਊਂਡੇਸ਼ਨ ਦੀ ਮਦਦ ਨਾਲ ਇਹ ਕੈਂਪਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ। ਇਸ ਲੜੀ ਦੇ ਪਹਿਲੇ ਕੈਂਪ ਵਜੋਂ ਅੱਜ 22 ਅਪ੍ਰੈਲ ਨੂੰ ਗੋਲਡਨ ਅਰਥ ਕਾਨਵੈਂਟ ਸਕੂਲ, ਪੰਡੋਰੀ ਕਲਾਂ ਵਿੱਚ ਸ਼ੁਰੂਆਤ ਕੀਤੀ ਗਈ। ਇਸ ਕੈਂਪ ਵਿੱਚ ਇਲਾਕੇ ਦੇ ਲੋਕਾਂ ਨੇ ਆਪਣੀ ਜਾਂਚ ਕਰਵਾਈ। ਆਪਣਾ ਪੰਜਾਬ ਫਾਊਂਡੇਸ਼ਨ ਦੇ ਫਾਊਂਡਰ ਅਤੇ ਵਰਲਡ ਕੈਂਸਰ ਕੇਅਰ ਸੁਸਾਇਟੀ ਦੇ ਪੰਜਾਬ ਚੈਪਟਰ ਦੇ ਡਾਇਰੈਕਟਰ ਡਾ. ਜਗਜੀਤ ਸਿੰਘ ਧੂਰੀ ਨੇ ਦੱਸਿਆ ਕਿ 23 ਅਪ੍ਰੈਲ ਨੂੰ ਇਹ ਕੈਂਪ ਅੰਮ੍ਰਿਤ ਇੰਡੋ ਕੈਨੇਡੀਅਨ ਅਕੈਡਮੀ ਲਾਡੀਆਂ ਖੁਰਦ, ਮਿਤੀ 1 ਮਈ ਨੂੰ ਗਰੀਨਵੇਜ਼ ਸਕੂਲ, ਰੁੜਕੀ ਹੀਰਾਂ, 5 ਮਈ ਨੂੰ ਪੰਜਾਬ ਗਰੁੱਪ ਆਫ ਕਾਲਜਜ਼, ਚੁੰਨੀ ਕਲਾਂ, 13 ਮਈ ਨੂੰ ਪੰਜਾਬ ਨੈਸ਼ਨਲ ਸਕੂਲ, ਬਹਿਰਾਮਪੁਰ ਵਿਖੇ ਲੱਗਣ ਜਾ ਰਹੇ ਹਨ। ਵਰਲਡ ਕੈਂਸਰ ਸੁਸਾਇਟੀ ਦੇ ਮਾਲਵਾ ਚੈਪਟਰ ਦੇ ਡਾਇਰੈਕਟਰ ਸ. ਦਵਿੰਦਰਪਾਲ ਸਿੰਘ ਰਿੰਪੀ ਨੇ ਦੱਸਿਆ ਕਿ ਇਹ ਕੈਂਪ ਤੰਦਰੁਸਤ ਵਿਅਕਤੀਆਂ ਲਈ ਹਨ ਤਾਂ ਜੋ ਉਹ ਸਮੇਂ—ਸਮੇਂ ਆਪਣੀ ਜਾਂਚ ਕਰਵਾ ਸਕਣ। ਉਹਨਾਂ ਕਿਹਾ ਕਿ ਕੈਂਸਰ ਦਾ ਹੁਣ ਇਲਾਜ ਸੰਭਵ ਹੈ ਪਰੰਤੂ ਜੇਕਰ ਇਸ ਨੂੰ ਮੁੱਢਲੀ ਸਟੇਜ ਤੇ ਪਛਾਣ ਲਿਆ ਜਾਵੇ ਤਾਂ ਇਸ ਦਾ ਸੌਖੇ ਤਰੀਕੇ ਨਾਲ ਇਲਾਜ ਹੋ ਜਾਂਦਾ ਹੈ। ਡਾ. ਧੂਰੀ ਨੇ ਕਿਹਾ ਕਿ ਉਪਰੋਕਤ ਕੈਂਪਾਂ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ।

Leave a Reply

Your email address will not be published. Required fields are marked *