ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਵੱਲੋਂ ਫਾਜ਼ਿਲਕਾ ਦੀ ਸਰਕਾਰੀ ਗਊਸਾਲਾ ਸਲੇਮਸ਼ਾਹ ਦਾ ਦੌਰਾ

ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਸਿੰਗਲਾ ਨੇ ਫਾਜ਼ਿਲਕਾ ਦੇ ਪਿੰਡ ਸਲੇਮਸ਼ਾਹ ਵਿੱਚ ਸਥਿਤ ਸਰਕਾਰੀ ਗਊਸ਼ਾਲਾ ਦਾ ਦੌਰਾ ਕਰਦਿਆਂ ਗਊਆਂ ਦੀ ਸਿਹਤ ਅਤੇ ਸੰਭਾਲ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਉਨ੍ਹਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਗਊਸਾਲਾ ਦੇ ਨੁੰਮਾਇੰਦਿਆਂ ਅਤੇ ਸਬੰਧਿਤ ਵਿਭਾਗਾਂ ਦੇ ਸੀਨੀਅਰ ਸਰਕਾਰੀ ਅਧਿਕਾਰੀਆਂ ਨਾਲ ਇਕ ਅਹਿਮ ਮੀਟਿੰਗ ਵੀ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਜਗਵਿੰਦਰਜੀਤ ਸਿੰਘ ਗਰੇਵਾਲ, ਐੱਸ.ਡੀ.ਐੱਮ ਫਾਜ਼ਿਲਕਾ ਜੁਗਰਾਜ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਹਰਜਿੰਦਰ ਸਿੰਘ ਵੀ ਹਾਜ਼ਰ ਸਨ।

ਗਊਸ਼ਾਲਾ ਦਾ ਦੌਰਾ ਕਰਨ ਮੌਕੇ ਚੇਅਰਮੈਨ ਅਸ਼ੋਕ ਸਿੰਗਲਾ ਨੇ ਗਊਸ਼ਾਲਾ ਵਿੱਚ ਮੌਜੂਦ ਲਗਭਗ 400 ਗਊਆਂ ਅਤੇ 400 ਬਲਦਾਂ (ਬੈਲਾਂ) ਦੀ ਦੇਖਭਾਲ ਸਬੰਧੀ ਵਿਵਸਥਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਗਊਸ਼ਾਲਾ ਵਿੱਚ ਪਹੁੰਚ ਕੇ ਗਊਆਂ ਨੂੰ ਕੇਲੇ ਅਤੇ ਚਾਰੇ ਦੀ ਵੰਡ ਵੀ ਕੀਤੀ ਅਤੇ ਉਨ੍ਹਾਂ ਦੀ ਸਿਹਤ ਸਬੰਧੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਗਊ ਸੇਵਾ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਗਊਆਂ ਦੀ ਸੰਭਾਲ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਇਸ ਦੌਰਾਨ ਉਨ੍ਹਾਂ ਗਊ ਕਮੇਟੀ ਦੇ ਮੈਂਬਰਾਂ ਨਾਲ ਇਕ ਵਿਸ਼ੇਸ਼ ਮੀਟਿੰਗ ਵੀ ਕੀਤੀ ਗਈ, ਜਿਸ ਵਿੱਚ ਮੈਂਬਰਾਂ ਵੱਲੋਂ ਗਊਸ਼ਾਲਾ ਦੇ ਪ੍ਰਬੰਧਾਂ ਅਤੇ ਆ ਰਹੀਆਂ ਸਮੱਸਿਆਵਾਂ ਬਾਰੇ ਚੇਅਰਮੈਨ ਨੂੰ ਜਾਣੂ ਕਰਵਾਇਆ ਗਿਆ। ਚੇਅਰਮੈਨ ਸਿੰਗਲਾ ਨੇ ਮੈਂਬਰਾਂ ਦੀਆਂ ਮੰਗਾਂ ਧਿਆਨ ਨਾਲ ਸੁਣਦਿਆਂ ਭਰੋਸਾ ਦਿਵਾਇਆ ਕਿ ਉਹ ਸਾਰੀਆਂ ਜਾਇਜ਼ ਮੰਗਾਂ ਨੂੰ ਡਿਪਟੀ ਕਮਿਸ਼ਨਰ ਦੇ ਸਾਹਮਣੇ ਰੱਖ ਕੇ ਜਲਦ ਤੋਂ ਜਲਦ ਹੱਲ ਕਰਵਾਉਣਗੇ।

ਗਊਸ਼ਾਲਾ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਹ ਗਊਸ਼ਾਲਾ ਨਵੰਬਰ 2016 ਵਿੱਚ 50 ਪਸ਼ੂਆਂ ਤੋਂ ਸ਼ੁਰੂ ਕੀਤੀ ਗਈ ਸੀ ਤੇ ਹੁਣ ਇਸ ਵਿੱਚ 800 ਪਸ਼ੂਆਂ ਦੀ ਦੇਖਭਾਲ ਕੀਤੀ ਜਾਂਦੀ ਹੈ। ਇਹ ਗਊਸ਼ਾਲਾ 15 ਏਕੜ ਜ਼ਮੀਨ ਵਿੱਚ ਮੌਜੂਦ ਹੈ, ਜਿਸ ਵਿੱਚੋਂ 8 ਏਕੜ ‘ਤੇ ਸ਼ੈਡ ਬਣੇ ਹੋਏ ਹਨ।

ਇਸ ਤੋਂ ਬਾਅਦ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਗਊਸ਼ਾਲਾ ਦੇ ਵਿਕਾਸ, ਫੰਡਿੰਗ ਅਤੇ ਸੁਵਿਧਾਵਾਂ ਦੇ ਸੁਧਾਰ ਸਬੰਧੀ ਵਿਚਾਰ-ਵਟਾਂਦਰਾ ਕੀਤਾ। ਗਊਸ਼ਾਲਾਵਾਂ ਦੇ ਨੁੰਮਾਇੰਦਿਆਂ ਵੱਲੋਂ ਪੈਸੇ ਦੀ ਘਾਟ ਦੇ ਮੁੱਦੇ ਤੇ ਬੋਲਦਿਆਂ ਚੇਅਰਮੈਨ ਅਸੋਕ ਕੁਮਾਰ ਸਿੰਗਲਾ ਨੇ ਸਬੰਧਿਤ ਵਿਭਾਗ ਦੇ ਅਫਸਰਾਂ ਨੂੰ ਪੈਸੇ ਦੀ ਘਾਟ ਪੂਰਾ ਕਰਨ ਲਈ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਗਊ ਸੇਵਾ ਦੇ ਕੰਮ ਨੂੰ ਹੋਰ ਮਜ਼ਬੂਤ ਬਣਾਉਣ ਲਈ ਜ਼ਮੀਨੀ ਪੱਧਰ ‘ਤੇ ਹੋਰ ਠੋਸ ਕਦਮ ਚੁੱਕੇ ਜਾਣ।

ਅੰਤ ਵਿੱਚ ਚੇਅਰਮੈਨ ਸਿੰਗਲਾ ਨੇ ਕਿਹਾ ਕਿ ਗਊ ਸੇਵਾ ਸਿਰਫ ਧਾਰਮਿਕ ਨਹੀਂ, ਸਗੋਂ ਸਮਾਜਿਕ ਜ਼ਿੰਮੇਵਾਰੀ ਵੀ ਹੈ ਅਤੇ ਇਸ ਵਿੱਚ ਹਰ ਵਰਗ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਗਊਸ਼ਾਲਾ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪਹਿਲ ਦੇ ਅਧਾਰ ‘ਤੇ ਪੂਰਾ ਕੀਤਾ ਜਾਵੇਗਾ ਤਾਂ ਜੋ ਗਊਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ।

ਇਸ ਮੌਕੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਮਨਦੀਪ ਸਿੰਘ, ਖੇਤੀਬਾੜੀ ਅਫਸਰ ਮਮਤਾ ਰਾਣੀ, ਕਾਰਜ ਸਾਧਕ ਅਫਸਰ ਨਗਰ ਕੌਂਸਲ ਵਿਕਰਮ ਧੂੜੀਆ, ਬਲਾਕ ਵਿਕਾਸ ਤੇ ਪੰਚਾਇਤ ਅਫਸਰ ਲਾਲ ਸਿੰਘ, ਇੰਚਾਰਜ ਜ਼ਿਲ੍ਹਾ ਐਮੀਨਲ ਵੈਲਫੇਅਰ ਸੁਸਾਇਟੀ ਸੋਨੂੰ ਵਰਮਾ, ਰਾਕੇਸ ਕੁਮਾਰ ਕੰਬੋਜ, ਸਮਾਜ ਸੇਵੀ ਸੁਨੀਲ ਸੈਨ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Leave a Reply

Your email address will not be published. Required fields are marked *