ਫਾਜਿਲਕਾ  : ਚੋਣ ਸਾਖਰਤਾ ਕਲੱਬਾਂ ਅਧੀਨ ਜ਼ਿਲ੍ਹਾ ਪੱਧਰੀ ਕੁਇਜ਼ ਅਤੇ ਲੇਖ ਲਿਖਣ ਮੁਕਾਬਲੇ ਕਰਵਾਏ ਗਏ

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ ਦੇ ਨਿਰਦੇਸ਼ਾ ਤਹਿਤ ਅਤੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਮਨਦੀਪ ਕੌਰ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ਼੍ਰੀ ਅਜੈ ਕੁਮਾਰ ਸ਼ਰਮਾ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ ਕਰਵਾਏ ਗਏ। ਇਸ ਪ੍ਰੋਗਰਾਮ ਦੇ ਇੰਚਾਰਜ ਜ਼ਿਲ੍ਹਾ ਫਾਜ਼ਿਲਕਾ ਦੇ ਸਹਾਇਕ ਨੋਡਲ ਅਫ਼ਸਰ ਸਵੀਪ, ਸ਼੍ਰੀ ਰਾਜਿੰਦਰ ਕੁਮਾਰ (ਨੈਸ਼ਨਲ ਅਵਾਰਡੀ) ਵੱਲੋਂ ਸਮੁੱਚੇ ਪ੍ਰੋਗਰਾਮ ਦਾ ਪ੍ਰਬੰਧ ਬਹੁਤ ਹੀ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ।


ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਫਾਜ਼ਿਲਕਾ, ਜਲਾਲਾਬਾਦ, ਅਬੋਹਰ ਅਤੇ ਬੱਲੂਆਣਾ ਵਿੱਚੋਂ ਪੰਜ-ਪੰਜ ਟੀਮਾਂ ਨੇ ਭਾਗ ਲਿਆ। ਇਸ ਤਰ੍ਹਾਂ ਕੁਇਜ਼ ਮੁਕਾਬਲੇ ਵਿੱਚ ਕੁੱਲ 20 ਟੀਮਾਂ ਦੇ 40 ਵਿਦਿਅਰਾਥੀਆਂ ਨੇ ਅਤੇ ਲੇਖ ਲਿਖਣ ਮੁਕਾਬਲੇ ਵਿੱਚ ਵੀ 20 ਟੀਮਾਂ ਦੇ 40 ਵਿਦਿਅਰਾਥੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਹ ਸਾਰੀਆਂ ਟੀਮਾਂ ਹਲਕਾ ਪੱਧਰ ‘ਤੇ ਕਰਵਾਏ ਗਏ ਮੁਕਾਬਲਿਆਂ ਵਿੱਚੋਂ ਚੁਣ ਕੇ ਜ਼ਿਲ੍ਹਾ ਪੱਧਰ ‘ਤੇ ਪਹੁੰਚੀਆਂ ਸਨ। ਦੋਵਾਂ ਮੁਕਾਬਲਿਆਂ ਵਿੱਚੋਂ ਸਰਵੋਤਮ ਪ੍ਰਦਰਸ਼ਨ ਕਰਨ ਵਾਲੀਆਂ ਪਹਿਲੀਆਂ ਪੰਜ ਟੀਮਾਂ ਦੀ ਚੋਣ ਕੀਤੀ ਜਾਵੇਗੀ, ਜਿਨ੍ਹਾਂ ਨੂੰ ਮਿਤੀ 20 ਨਵੰਬਰ 2026 ਨੂੰ ਪ੍ਰਸ਼ੰਸਾ ਪੱਤਰ ਅਤੇ ਮੈਰਿਟ ਸਰਟੀਫਿਕੇਟ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਜਾਵੇਗਾ। ਕੁਇਜ਼ ਮੁਕਾਬਲੇ ਦੇ ਜੱਜਾਂ ਵਜੋਂ ਸ੍ਰੀ ਮਨੀਸ਼ ਕੁਮਾਰ, ਅੰਗਰੇਜ਼ੀ ਮਾਸਟਰ ਅਤੇ ਸ੍ਰੀ ਆਕਾਸ਼ਦੀਪ, ਸਮਾਜਿਕ ਸਿੱਖਿਆ ਮਾਸਟਰ, ਸਸਸਸ ਲਾਧੂਕਾ ਨੇ ਆਪਣੀਆਂ ਸੇਵਾਵਾਂ ਨਿਭਾਈਆਂ ਤੇ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਡਾ. ਅਮਨਦੀਪ ਵਰਮਾ, ਕੰਪਿਊਟਰ ਫੈਕਲਟੀ, ਸਸਸਸ ਲਾਧੂਕਾ ਅਤੇ ਸ. ਹਰਜਿੰਦਰ ਸਿੰਘ, ਪੰਜਾਬੀ ਮਾਸਟਰ, ਸਕੂਲ ਆਫ ਐਮੀਨੈਂਸ ਫਾਜ਼ਿਲਕਾ ਵੱਲੋਂ ਬਾਖੂਬੀ ਨਿਭਾਈ ਗਈ। ਇਸੇ ਤਰ੍ਹਾਂ ਲੇਖ ਲਿਖਣ ਮੁਕਾਬਲੇ ਦਾ ਮੁਲਾਂਕਣ ਸ੍ਰੀਮਤੀ ਅਦਿਤੀ, ਹਿੰਦੀ ਮਿਸਟ੍ਰੈੱਸ, ਸਸਸਸ ਲਾਲੋਵਾਲੀ ਅਤੇ ਸ੍ਰੀਮਤੀ ਸ਼ੁਭੀ ਸੇਠੀ, ਕੰਪਿਊਟਰ ਫੈਕਲਟੀ, ਸਸਸਸ ਬੱਘੇ ਕੇ ਉੱਤਾੜ ਵੱਲੋਂ ਕੀਤਾ ਗਿਆ।
ਪ੍ਰੋਗਰਾਮ ਦੇ ਅੰਤ ਵਿੱਚ ਪ੍ਰਿੰਸੀਪਲ ਸ਼੍ਰੀ ਰਾਜਿੰਦਰ ਕੁਮਾਰ, ਸਹਾਇਕ ਨੋਡਲ ਅਫ਼ਸਰ ਸਵੀਪ, ਜ਼ਿਲ੍ਹਾ ਫਾਜ਼ਿਲਕਾ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵੱਧ ਤੋਂ ਵੱਧ ਯੋਗ ਨਾਗਰਿਕਾਂ ਦੀ ਵੋਟਰ ਵਜੋਂ ਰਜਿਸਟ੍ਰੇਸ਼ਨ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਨੇ ਸਕੂਲਾਂ ਵਿੱਚ ਸਥਾਪਿਤ ਚੋਣ ਸਾਖਰਤਾ ਕਲੱਬਾਂ (ELC Clubs) ਦੀ ਆਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਭਾਰਤ ਚੋਣ ਕਮਿਸ਼ਨ (ECI) ਦੇ ਪੋਰਟਲ ਤੇ ਸਮੇਂ ਸਿਰ ਪੂਰਾ ਕਰਨ ਦੀ ਬਾਰੇ ਵੀ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਲੋਕਤੰਤਰੀ ਪ੍ਰਕਿਰਿਆ ਵਿੱਚ ਸਰਗਰਮ ਭਾਗੀਦਾਰੀ ਨਿਭਾਉਣ, ਆਪਣੇ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਰਹਿਣ ਅਤੇ ਹੋਰਨਾਂ ਨੂੰ ਵੀ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ।

Leave a Reply

Your email address will not be published. Required fields are marked *