ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਨਗਰ ਕੌਂਸਲਾਂ ਤੇ ਨਗਰ ਪੰਚਾਇਤ ਦੀਆਂ ਚੋਣਾਂ ਸਬੰਧੀ ਕੀਤੇ ਐਲਾਨ ਅਨੁਸਾਰ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਅੰਦਰ ਪੈਂਦੀਆਂ ਨਗਰ ਕੌਂਸਲ ਸਰਹਿੰਦ-ਫਤਹਿਗੜ੍ਹ ਸਾਹਿਬ, ਮੰਡੀ ਗੋਬਿੰਦਗੜ੍ਹ, ਬਸੀ ਪਠਾਣਾ ਅਤੇ ਨਗਰ ਪੰਚਾਇਤ ਖਮਾਣੋਂ ਦੇ 80 ਵਾਰਡਾਂ ਵਿੱਚ ਮਿਤੀ 05 ਮਈ 2026 ਤੱਕ ਹੋਈ ਅੰਤਿਮ ਪ੍ਰਕਾਸਨਾਂ ਅਨੁਸਾਰ ਕੁੱਲ 1 ਲੱਖ 24 ਹਜ਼ਾਰ 733 ਵੋਟਰ ਹਨ, ਜਿਸਦੇ ਵਿੱਚ ਪੁਰਸ਼ ਵੋਟਰ 64 ਹਜ਼ਾਰ 717, ਮਹਿਲਾ ਵੋਟਰ 60 ਹਜ਼ਾਰ 10, ਅਤੇ 06 ਥਰਡ ਜੈਂਡਰ ਵੋਟਰ ਹਨ, ਜਦਕਿ 137 ਪੋਲਿੰਗ ਬੂਥ ਬਣਾਏ ਗਏ ਹਨ।
ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਨਗਰ ਕੌਂਸਲ ਚੋਣਾਂ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚੜਾਉਣ ਲਈ ਸਮੂਹ ਰਿਟਰਨਿੰਗ ਅਫਸਰ ਅਤੇ ਸਹਾਇਕ ਰਿਟਰਨਿੰਗ ਅਫਸਰਾਂ ਸਮੇਤ ਚੋਣਾਂ ਨਾਲ ਸਬੰਧਤ ਹੋਰਨਾਂ ਅਧਿਕਾਰੀਆਂ ਨਾਲ ਕੀਤੀ ਪਲੇਠੀ ਮੀਟਿੰਗ ਦੌਰਾਨ ਸਾਂਝੀ ਕੀਤੀ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਨ੍ਹਾਂ ਨਗਰ ਕੌਂਸਲ ਚੋਣਾਂ ਲਈ 13 ਮਈ ਤੋਂ 16 ਮਈ 2026 ਤੱਕ ਨਾਮਜ਼ਦਗੀਆਂ ਦਾਖਲ ਕਰਵਾਈਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਦੀ ਪੜਤਾਲ 18 ਮਈ ਨੂੰ ਹੋਵੇਗੀ ਅਤੇ 19 ਮਈ ਤੱਕ ਉਮੀਦਵਾਰ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ 26 ਮਈ 2026 ਨੂੰ ਸਵੇਰੇ 08:00 ਵਜੇ ਤੋਂ ਸ਼ਾਮ 05:00 ਵਜੇ ਤੱਕ ਵੋਟਾਂ ਬੈਲਟ ਪੇਪਰ ਰਾਹੀਂ ਪਾਈਆਂ ਜਾਣਗੀਆਂ ਅਤੇ ਮਿਤੀ 29 ਮਈ 2026 ਨੂੰ ਨਤੀਜੇ ਐਲਾਨੇ ਜਾਣਗੇ।
ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਬਸੀ ਪਠਾਣਾਂ ਨਗਰ ਕੌਂਸਲ ਚੋਣਾਂ ਦੇ 15 ਵਾਰਡਾਂ ਵਿੱਚ 16046 ਵੋਟਰ ਹਨ, ਜਿਨ੍ਹਾਂ ਵਿੱਚ 8283 ਪੁਰਸ਼ ਵੋਟਰ ਤੇ 7763 ਮਹਿਲਾ ਵੋਟਰ ਹਨ ਅਤੇ 19 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ। ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ 29 ਵਾਰਡਾਂ ਵਿੱਚ 52565 ਵੋਟਰ ਹਨ, ਜਿਨ੍ਹਾਂ ਵਿੱਚ 27456 ਪੁਰਸ਼ ਵੋਟਰ ਅਤੇ 25108 ਮਹਿਲਾ ਵੋਟਰ ਹਨ ਅਤੇ 01 ਥਰਡ ਜੈਂਡਰ ਵੋਟਰ ਹੈ ਅਤੇ 58 ਬੂਥ ਬਣਾਏ ਗਏ ਹਨ। ਇਸੇ ਤਰ੍ਹਾਂ ਨਗਰ ਕੌਂਸਲ ਸਰਹਿੰਦ-ਫਤਹਿਗੜ੍ਹ ਸਾਹਿਬ ਦੇ 23 ਵਾਰਡਾਂ ਵਿੱਚ ਕੁੱਲ 48468 ਵੋਟਰ ਹਨ, ਜਿਨ੍ਹਾਂ ਵਿੱਚ 25005 ਪੁਰਸ਼ ਵੋਟਰ, 23459 ਮਹਿਲਾ ਵੋਟਰ ਅਤੇ 04 ਥਰਡ ਜੈਂਡਰ ਵੋਟਰ ਹਨ ਅਤੇ 47 ਬੂਥ ਬਣਾਏ ਗਏ ਹਨ ਅਤੇ ਨਗਰ ਪੰਚਾਇਤ ਖਮਾਣੋਂ ਦੇ 13 ਵਾਰਡਾਂ ਵਿੱਚ ਕੁੱਲ 7654 ਵੋਟਰ ਹਨ, ਜਿਨ੍ਹਾਂ ਵਿੱਚ 3973 ਪੁਰਸ਼ ਵੋਟਰ, 3680 ਮਹਿਲਾ ਵੋਟਰ ਅਤੇ 01 ਥਰਡ ਜੈਂਡਰ ਵੋਟਰ ਹੈ ਅਤੇ 13 ਬੂਥ ਬਣਾਏ ਗਏ ਹਨ।
ਡਿਪਟੀ ਕਮਿਸ਼ਨਰ ਨੇ ਸਬੰਧਤ ਐਸ.ਡੀ.ਐਮਜ਼ ਨੂੰ ਹਦਾਇਤ ਕੀਤੀ ਕਿ ਆਪੋ ਆਪਣੇ ਇਲਾਕਿਆਂ ਵਿੱਚ ਪੈਂਦੇ ਪੋਲਿੰਗ ਬੂਥਾਂ ਦਾ ਨਿੱਜੀ ਤੌਰ 'ਤੇ ਦੌਰਾ ਕੀਤਾ ਜਾਵੇ ਅਤੇ ਪੋਲਿੰਗ ਬੂਥਾਂ ਵਿੱਚ ਜੇਕਰ ਕੋਈ ਕਮੀ ਹੋਵੇ ਤਾਂ ਉਸ ਨੂੰ ਤੁਰੰਤ ਦੂਰ ਕਰਵਾਇਆ ਜਾਵੇ ਤਾਂ ਜੋ ਵੋਟਰਾਂ ਨੂੰ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ। ਉਨ੍ਹਾਂ ਨੇ ਐਸ.ਡੀ.ਐਮਜ਼ ਨੂੰ ਇਹ ਵੀ ਕਿਹਾ ਕਿ ਨਾਮਜ਼ਦਗੀਆਂ ਦੀ ਪੜਤਾਲ ਉਪਰੰਤ ਆਪਣੇ ਦਫ਼ਤਰਾਂ ਵਿੱਚ ਸੂਚੀ ਲਗਾਈ ਜਾਵੇ।
ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਪੂਜਾ ਸਿਆਲ ਗਰੇਵਾਲ, ਵਧੀਕ ਜ਼ਿਲ੍ਹਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਸੁਰਿੰਦਰ ਸਿੰਘ ਧਾਲੀਵਾਲ, ਐਸ.ਡੀ.ਐਮ. ਅਮਲੋਹ ਸ. ਚਰਨਜੋਤ ਸਿੰਘ ਵਾਲੀਆ, ਐਸ.ਡੀ.ਐਮ. ਬਸੀ ਪਠਾਣਾ ਦੀਪਜੋਤ ਕੌਰ, ਐਸ.ਡੀ.ਐਮ.ਖਮਾਣੋਂ ਸ੍ਰੀ ਅਰਵਿੰਦ ਕੁਮਾਰ ਗੁਪਤਾ, ਐਸ.ਡੀ.ਐਮ. ਫਤਹਿਗੜ੍ਹ ਸਾਹਿਬ ਸ੍ਰੀ ਕਰੁਣ ਗੁਪਤਾ, ਸਮੂਹ ਕਾਰਜ ਸਾਧਕ ਅਫਸਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਜੋਬਨਦੀਪ ਕੌਰ, ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਹਰਭਜਨ ਸਿੰਘ ਮਹਿਮੀ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।
