ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਵੱਲੋਂ ਮੁਹਾਲੀ ਵਿਖੇ ਵਿਕਾਸ ਭਵਨ ਵਿੱਚ ਸਕੂਲ ਦੇ ਬੱਚਿਆਂ ਦਾ ਸਨਮਾਨ

ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਕੋੜਿਆਂਵਾਲੀ (ਜ਼ਿਲ੍ਹਾ ਫ਼ਾਜ਼ਿਲਕਾ) ਪਿਛਲੇ ਕਈ ਸਾਲਾਂ ਤੋਂ ਸਿੱਖਿਆ ਦੇ ਖੇਤਰ ਵਿੱਚ ਲਗਾਤਾਰ ਸ਼ਾਨਦਾਰ ਅਤੇ ਲਾਇਕ-ਏ-ਤਾਰੀਫ਼ ਉਪਲਬਧੀਆਂ ਦਰਜ ਕਰਦਾ ਆ ਰਿਹਾ ਹੈ। ਇਹ ਸਕੂਲ ਹਰ ਸਾਲ IIT-JEE ਅਤੇ MBBS ਵਰਗੀਆਂ ਰਾਸ਼ਟਰੀ ਪੱਧਰ ਦੀਆਂ ਪ੍ਰੀਖਿਆਵਾਂ ਵਿੱਚ ਸਰਕਾਰੀ ਕੋਟੇ ਅਧੀਨ ਦਾਖਲਿਆਂ ਲਈ ਜ਼ਿਲ੍ਹੇ ਵਿੱਚ ਮੱਲਾਂ ਮਾਰਦਾ ਆ ਰਿਹਾ ਹੈ। ਵਿਸ਼ੇਸ਼ ਗੱਲ ਇਹ ਹੈ ਕਿ ਕੋਈ ਵੀ ਸਾਲ ਅਜਿਹਾ ਨਹੀਂ ਗਿਆ ਜਿਸ ਵਿੱਚ ਇਸ ਸਕੂਲ ਦੇ ਵਿਦਿਆਰਥੀਆਂ ਦਾ ਯੋਗਦਾਨ ਨਾ ਰਿਹਾ ਹੋਵੇ ਅਤੇ ਜਿਸ ਨਾਲ ਪੰਜਾਬ ਦੀ ਸਿੱਖਿਆ ਕ੍ਰਾਂਤੀ ਅਤੇ ਜ਼ਿਲ੍ਹਾ ਸਿੱਖਿਆ ਦਫਤਰ ਫ਼ਾਜ਼ਿਲਕਾ ਦਾ ਮਾਨ ਉੱਚਾ ਨਾ ਹੋਇਆ ਹੋਵੇ।
ਇਸ ਨਿਰੰਤਰ ਪਰੰਪਰਾ ਨੂੰ ਜਾਰੀ ਰੱਖਦੇ ਹੋਏ, ਸਾਲ 2026 ਵਿੱਚ ਵੀ ਸਕੂਲ ਦੇ ਦੋ ਹੋਣਹਾਰ ਵਿਦਿਆਰਥੀਆਂ — ਕਪਿਸ ਸੱਚਦੇਵਾ ਪੁੱਤਰ ਕੁਮਾਰ ਸਚਦੇਵਾ ਅਤੇ ਅਰਸ਼ਦੀਪ ਕੌਰ ਪੁੱਤਰੀ ਗੁਰਦੇਵ ਸਿੰਘ (ਪਿੰਡ ਮੁਹਾਰ ਖੀਵਾ, ਜੋ ਕਿ ਅੰਤਰਰਾਸ਼ਟਰੀ ਸਰਹੱਦ ਦੇ ਬਿਲਕੁਲ ਨੇੜੇ ਸਥਿਤ ਹੈ) — ਨੇ ਕਲਾਸ 12 ਨਾਨ-ਮੈਡੀਕਲ ਵਿੱਚੋਂ IIT-JEE ਪ੍ਰੀਖਿਆ ਪਾਸ ਕਰਕੇ ਰਾਸ਼ਟਰੀ ਪੱਧਰ ’ਤੇ ਮਹੱਤਵਪੂਰਨ ਸਫਲਤਾ ਹਾਸਲ ਕੀਤੀ ਹੈ।
ਕੋੜਿਆਂਵਾਲੀ ਸਕੂਲ ਨੇ ਇੱਕ ਵਿਲੱਖਣ ਰਿਕਾਰਡ ਕਾਇਮ ਕੀਤਾ ਹੈ ਕਿ ਇਥੋਂ ਦੇ ਵਿਦਿਆਰਥੀ ਲਗਾਤਾਰ ਵੱਖ-ਵੱਖ ਖੇਤਰਾਂ ਵਿੱਚ ਸਰਕਾਰੀ ਨੌਕਰੀਆਂ ਪ੍ਰਾਪਤ ਕਰ ਰਹੇ ਹਨ। ਇਨ੍ਹਾਂ ਵਿੱਚ ਬੈਂਕਿੰਗ, ਅਧਿਆਪਕਤਾ, ਫੌਜ, ਪੁਲਿਸ, ਪੈਰਾਮਿਲਟਰੀ ਫੋਰਸਜ਼, ਬੀਮਾ ਸੈਕਟਰ ਅਤੇ ਪ੍ਰਸਿੱਧ ਪ੍ਰਾਈਵੇਟ ਕੰਪਨੀਆਂ ਸ਼ਾਮਲ ਹਨ। ਨਾਲ ਹੀ ਕਈ ਵਿਦਿਆਰਥੀ ਕਾਨੂੰਨ ਦੇ ਖੇਤਰ ਵਿੱਚ ਪ੍ਰਵੇਸ਼ ਕਰਕੇ ਵਕੀਲ ਵਜੋਂ ਆਪਣੀ ਪਛਾਣ ਬਣਾਉਂਦੇ ਜਾ ਰਹੇ ਹਨ।

ਇਹ ਸਕੂਲ ਪੰਜਾਬ ਦਾ ਇੱਕ ਨਿਵੇਕਲਾ ਅਤੇ ਪ੍ਰੇਰਣਾਦਾਇਕ ਉਦਾਹਰਨ ਹੈ, ਜੋ ਕਿ ਪੇਂਡੂ ਖੇਤਰ ਵਿੱਚ ਸਥਿਤ ਹੋਣ ਦੇ ਬਾਵਜੂਦ ਵੀ ਵਿਸ਼ੇਸ਼ ਪ੍ਰਦਰਸ਼ਨ ਕਰ ਰਿਹਾ ਹੈ। ਲਗਭਗ 50% ਵਿਦਿਆਰਥੀ ਫ਼ਾਜ਼ਿਲਕਾ ਸ਼ਹਿਰ ਤੋਂ ਆ ਕੇ ਇੱਥੇ ਸਿੱਖਿਆ ਪ੍ਰਾਪਤ ਕਰ ਰਹੇ ਹਨ, ਜਦਕਿ ਬਾਕੀ ਵਿਦਿਆਰਥੀ ਨੇੜਲੇ ਅਤੇ ਦੂਰ-ਦੁਰਾਡੇ ਦੇ ਤਕਰੀਬਨ 14 ਪਿੰਡਾਂ ਵਿੱਚੋਂ ਲਗਾਤਾਰ ਕਈ ਸਾਲਾਂ ਤੋਂ ਵਿਸ਼ੇਸ਼ ਤੌਰ ’ਤੇ ਇੱਥੇ ਸਿੱਖਿਆ ਹਾਸਲ ਕਰਨ ਆ ਰਹੇ ਹਨ। ਇਸ ਵਿਲੱਖਣ ਪ੍ਰਵਿਰਤੀ ਨੂੰ ਰਾਸ਼ਟਰੀ ਮੀਡੀਆ ਵੱਲੋਂ “ਰਿਵਰਸ ਟਰੈਂਡ” ਦੇ ਤੌਰ ’ਤੇ ਵੀ ਮਾਣਤਾ ਮਿਲ ਚੁੱਕੀ ਹੈ।
ਸਕੂਲ ਦੀ ਕੁੱਲ ਵਿਦਿਆਰਥੀ ਸੰਖਿਆ, ਜੋ ਪਹਿਲਾਂ ਲਗਭਗ 350 ਸੀ, ਪ੍ਰਿੰਸੀਪਲ ਡਾ. ਰਾਜੀਵ ਮੱਕੜ ਦੀ ਦੂਰਦਰਸ਼ੀ ਅਤੇ ਪ੍ਰਭਾਵਸ਼ਾਲੀ ਅਗਵਾਈ ਹੇਠ ਵਧ ਕੇ ਲਗਭਗ 800 ਤੱਕ ਪਹੁੰਚ ਗਈ ਹੈ, ਜੋ ਆਪਣੇ ਆਪ ਵਿੱਚ ਇੱਕ ਮਹੱਤਵਪੂਰਨ ਰਿਕਾਰਡ ਹੈ। ਬਾਰਡਰ ਅਤੇ ਪੇਂਡੂ ਖੇਤਰ ਵਿੱਚ ਸਥਿਤ ਹੋਣ ਦੇ ਬਾਵਜੂਦ, ਕੋੜਿਆਂਵਾਲੀ ਨੇ ਸਿੱਖਿਆ, ਖੇਡਾਂ ਅਤੇ ਹੋਰ ਕੋ-ਕਰਿਕੂਲਰ ਗਤੀਵਿਧੀਆਂ ਵਿੱਚ ਲਗਾਤਾਰ ਜੇਤੂ ਪ੍ਰਦਰਸ਼ਨ ਕਰਕੇ ਆਪਣੀ ਵੱਖਰੀ ਪਛਾਣ ਬਣਾਈ ਹੈ।
ਇਸ ਮੌਕੇ ’ਤੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ੍ਰੀ ਅਜੈ ਕੁਮਾਰ ਸ਼ਰਮਾ ਨੇ ਸਕੂਲ ਦੀਆਂ ਲਗਾਤਾਰ ਸ਼ਾਨਦਾਰ ਉਪਲਬਧੀਆਂ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਕੋੜਿਆਂਵਾਲੀ ਸਕੂਲ ਪੂਰੇ ਜ਼ਿਲ੍ਹੇ ਲਈ ਇੱਕ ਪ੍ਰੇਰਣਾਦਾਇਕ ਮਾਡਲ ਵਜੋਂ ਉਭਰਿਆ ਹੈ। ਉਨ੍ਹਾਂ ਨੇ ਪ੍ਰਿੰਸੀਪਲ ਦੀ ਦੂਰਦਰਸ਼ੀ ਸੋਚ ਅਤੇ ਸਮਰਪਿਤ ਟੀਮ ਦੀ ਕਾਬਲਿਯਤ ਦੀ ਵਿਸ਼ੇਸ਼ ਤੌਰ ’ਤੇ ਪ੍ਰਸ਼ੰਸਾ ਕੀਤੀ ਅਤੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਹੋਰ ਉੱਚਾਈਆਂ ਛੂਹਣ ਲਈ ਹੌਸਲਾ ਅਫ਼ਜ਼ਾਈ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਪ੍ਰਿੰਸੀਪਲ ਡਾ. ਰਾਜੀਵ ਮੱਕੜ, ਸਮੂਹ ਸਕੂਲ ਸਟਾਫ, ਪਿੰਡ ਪੰਚਾਇਤ (ਸ੍ਰੀ ਰਜਿੰਦਰ ਭੋਬਰੀਆ) ਅਤੇ ਚੇਅਰਮੈਨ ਸ੍ਰੀ ਜੈਮਲ ਰਾਮ ਦਾ ਵਧੀਆ ਸਹਿਯੋਗ ਲਈ ਦਿਲੋਂ ਧੰਨਵਾਦ ਕੀਤਾ ਗਿਆ।
ਇਸ ਦੇ ਨਾਲ ਹੀ ਪ੍ਰਿੰਸੀਪਲ ਸਾਹਿਬ ਵੱਲੋਂ ਸਮੁੱਚੇ ਸਟਾਫ ਅਤੇ ਵਿਸ਼ੇਸ਼ ਤੌਰ ’ਤੇ ਸਮੂਹ ਲੈਕਚਰਾਰ ਸਾਹਿਬਾਨ ਦਾ ਦਿਲੋਂ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੇ ਨਿਰੰਤਰ ਅਤੇ ਵਡਮੁੱਲੇ ਯੋਗਦਾਨ ਅਤੇ ਅਣਥੱਕ ਮਿਹਨਤ ਸਦਕਾ ਵਿਦਿਆਰਥੀ ਹਰ ਸਾਲ ਇਹ ਉੱਚਾਈਆਂ ਹਾਸਲ ਕਰ ਰਹੇ ਹਨ। ਪ੍ਰਿੰਸੀਪਲ ਸਾਹਿਬ ਵੱਲੋਂ ਇਹ ਤਸੱਲੀ ਵੀ ਜਤਾਈ ਗਈ ਕਿ ਨਿਮਾਣੇ ਘਰਾਂ ਦੇ ਬੱਚੇ ਵੀ ਅੱਜ ਸਾਡੇ ਬੇਟੇ-ਬੇਟੀਆਂ ਰਾਸ਼ਟਰੀ ਪੱਧਰ ’ਤੇ ਮੱਲਾਂ ਮਾਰ ਰਹੇ ਹਨ, ਜਿਸ ਨਾਲ ਸਕੂਲ, ਪੰਚਾਇਤ, ਸਕੂਲ ਮੈਨੇਜਮੈਂਟ ਕਮੇਟੀ, ਸਿੱਖਿਆ ਵਿਭਾਗ, ਸਰਕਾਰ ਅਤੇ ਮਾਪਿਆਂ ਦਾ ਨਾਮ ਵਿਸ਼ੇਸ਼ ਤੌਰ ’ਤੇ ਰੌਸ਼ਨ ਹੋਇਆ ਹੈ। ਉਨ੍ਹਾਂ ਕਿਹਾ ਕਿ ਫ਼ਾਜ਼ਿਲਕਾ ਵਿੱਚ ਕੋੜਿਆਂਵਾਲੀ ਸਕੂਲ ਸਰਕਾਰੀ ਸਕੂਲਾਂ ਵਿੱਚੋਂ ਸਭ ਤੋਂ ਸੁੰਦਰ ਸਕੂਲ ਵਜੋਂ ਜਾਣਿਆ ਜਾਂਦਾ ਹੈ ਅਤੇ ਬਹੁਤਾਇਤ ਅੰਗਰੇਜ਼ੀ ਮਾਧਿਅਮ ਹੋਣ ਕਰਕੇ ਇੱਥੇ ਦਾਖਲਾ ਲੈਣ ਲਈ ਵਿਦਿਆਰਥੀਆਂ ਵਿੱਚ ਕਾਫ਼ੀ ਹੋੜ ਰਹਿੰਦੀ ਹੈ।
ਪੰਜਾਬ ਦੀ ਸਿੱਖਿਆ ਕ੍ਰਾਂਤੀ ਦੇ ਤਹਿਤ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਵੱਲੋਂ ਇਸ ਤਰ੍ਹਾਂ ਦੀਆਂ ਲਗਾਤਾਰ ਸਫਲਤਾਵਾਂ ਪ੍ਰਾਪਤ ਕਰਨਾ ਬੇਹੱਦ ਸ਼ਲਾਘਾਯੋਗ ਅਤੇ ਤਸੱਲੀਬਖ਼ਸ਼ ਗੱਲ ਹੈ।
ਮਿਤੀ 29 ਜੁਲਾਈ 2026 ਨੂੰ ਮਾਨਯੋਗ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਵੱਲੋਂ ਮੁਹਾਲੀ ਵਿਖੇ ਵਿਕਾਸ ਭਵਨ ਵਿੱਚ ਜੇਤੂ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ, ਜਿਸ ਨਾਲ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਹੋਇਆ। ਮਾਨਯੋਗ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਸਰਕਾਰੀ ਸਕੂਲਾਂ ਦੇ ਬੱਚੇ ਅੱਗੇ ਵਧਦੇ ਹਨ ਤਾਂ ਸਰਕਾਰ ਨੂੰ ਵਿਦਿਅਕ ਪ੍ਰਾਪਤੀਆਂ ’ਤੇ ਮਾਣ ਹੁੰਦਾ ਹੈ। ਇਸ ਦੇ ਨਾਲ ਹੀ ਸਿੱਖਿਆ ਮੰਤਰੀ ਨੇ ਕਿਹਾ ਕਿ JEE ਵਰਗਾ ਰਾਸ਼ਟਰੀ ਪੱਧਰ ਦਾ ਟੈਸਟ ਪਾਸ ਕਰਨਾ ਵੱਡੀ ਪ੍ਰਾਪਤੀ ਹੈ ਅਤੇ ਇਹ ਪੰਜਾਬ ਦੇ ਸਿੱਖਿਆ ਵਿਭਾਗ ਅਤੇ ਸਿੱਖਿਆ ਕ੍ਰਾਂਤੀ ਦੀ ਸਫਲਤਾ ਨੂੰ ਦਰਸਾਉਂਦਾ ਹੈ। ਇਸ ਮੌਕੇ ’ਤੇ ਟੀਮ ਦੀ ਅਧਿਕਾਰਤ ਅਗਵਾਈ ਪ੍ਰਿੰਸੀਪਲ ਡਾ. ਰਾਜੀਵ ਮੱਕੜ ਵੱਲੋਂ ਕੀਤੀ ਗਈ, ਜਿਸ ਨਾਲ ਸਕੂਲ ਅਤੇ ਇਲਾਕੇ ਦਾ ਮਾਨ ਹੋਰ ਵਧਿਆ। ਰਾਜ ਪੱਧਰੀ ਇਸ ਸਮਾਗਮ ਵਿੱਚ ਸਿੱਖਿਆ ਵਿਭਾਗ ਪੰਜਾਬ ਦੇ ਸਮੂਹ ਡਾਇਰੈਕਟਰ ਸਾਹਿਬਾਨ , ਐਜੂਕੇਸ਼ਨ ਸੇਕ੍ਰੇਟਰੀ ਅਤੇ ਡਾਇਰੈਕਟੋਰੇਟ ਦੇ ਬਾਕੀ ਉੱਚ ਅਧਿਕਾਰੀ ਵੀ ਸ਼ਾਮਿਲ ਰਹੇ।

Leave a Reply

Your email address will not be published. Required fields are marked *