ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਵਾਈਸ-ਚਾਂਸਲਰ ਡਾ. ਐੱਸ. ਐੱਸ. ਗੋਸਲ, ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੇ ਡਾਇਰੈਕਟਰ ਡਾ. ਜੀ. ਐੱਸ. ਬਰਾੜ, ਪ੍ਰਸਾਰ ਸਿੱਖਿਆ ਡਾਇਰੈਕਟਰ ਡਾ. ਐੱਮ. ਐੱਸ. ਭੁੱਲਰ ਅਤੇ ਮੁੱਖ ਖੇਤੀਬਾੜੀ ਅਫ਼ਸਰ, ਫਾਜ਼ਿਲਕਾ ਡਾ. ਕੁਲਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ, ਅਬੋਹਰ ਦੇ ਵਿਗਿਆਨੀਆਂ ਅਤੇ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲ੍ਹੇ ਦੇ ਨਰਮਾ ਖੇਤਰਾਂ ਵਿੱਚ ਨਰਮਾ ਅਤੇ ਹੋਰ ਖਰੀਫ਼ ਫਸਲਾਂ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਤਾਰ ਆਯੋਜਿਤ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਨਰਮਾ ਫਸਲ ਦਾ ਨਿਯਮਿਤ ਸਰਵੇਖਣ ਵੀ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਪਿੰਡ ਧਰਮਪੁਰਾ ਅਤੇ ਕਿਲ੍ਹਿਆਂਵਾਲੀ ਵਿੱਚ ਕਿਸਾਨ ਸਿਖਲਾਈ ਕੈਂਪ ਲਗਾਏ ਗਏ।
ਇਨ੍ਹਾਂ ਸਿਖਲਾਈ ਕੈਂਪਾਂ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ, ਅਬੋਹਰ ਵੱਲੋਂ ਡਾ. ਜਗਦੀਸ਼ ਕੁਮਾਰ ਅਰੋੜਾ ਅਤੇ ਡਾ. ਮਨਪ੍ਰੀਤ ਸਿੰਘ ਅਤੇ ਖੇਤੀਬਾੜੀ ਵਿਭਾਗ ਵੱਲੋਂ ਡਾ. ਗਗਨਦੀਪ ਸਿੰਘ, ਡਾ. ਦਿਨੇਸ਼ ਕੁਮਾਰ ਅਤੇ ਡਾ. ਹਰੀਸ਼ ਕੁਮਾਰ ਨੇ ਕਿਸਾਨਾਂ ਨੂੰ ਵੱਖ-ਵੱਖ ਖੇਤੀਬਾੜੀ ਵਿਸ਼ਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਫਸਲ ਵਿਗਿਆਨੀ ਡਾ. ਮਨਪ੍ਰੀਤ ਸਿੰਘ ਨੇ ਸਰਵੇਖਣ ਰਿਪੋਰਟ ਅਤੇ ਮੌਜੂਦਾ ਹਾਲਾਤਾਂ ਦੇ ਆਧਾਰ ‘ਤੇ ਦੱਸਿਆ ਕਿ ਜ਼ਿਲ੍ਹੇ ਵਿੱਚ ਨਰਮਾ-ਕਪਾਹ ਦੀ ਫਸਲ ਦਾ ਵਾਧਾ ਹੁਣ ਤੱਕ ਸੰਤੋਸ਼ਜਨਕ ਅਤੇ ਆਮ ਹੈ। ਉਨ੍ਹਾਂ ਕਿਸਾਨਾਂ ਨੂੰ ਸਮੇਂ ਸਿਰ ਸਿੰਚਾਈ, ਸੰਤੁਲਿਤ ਖਾਦ ਪ੍ਰਬੰਧਨ ਅਤੇ ਸਮੇਂ-ਸਮੇਂ ‘ਤੇ ਨਦੀਨਾਂ ਦੀ ਰੋਕਥਾਮ ਕਰਨ ਦੀ ਸਲਾਹ ਦਿੱਤੀ, ਤਾਂ ਜੋ ਫਸਲ ਦਾ ਸਹੀ ਵਿਕਾਸ ਹੋ ਸਕੇ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਕਿਹਾ ਕਿ ਜਿਨ੍ਹਾਂ ਖੇਤਾਂ ਵਿੱਚ ਨਰਮੇ ਦੀ ਫਸਲ 35 ਤੋਂ 40 ਦਿਨ ਦੀ ਹੋ ਚੁੱਕੀ ਹੈ, ਉੱਥੇ ਪਹਿਲੀ ਸਿੰਚਾਈ ਕਰਨ ਤੋਂ ਤੁਰੰਤ ਬਾਅਦ ਯੂਰੀਆ ਦੀ ਪਹਿਲੀ ਕਿਸ਼ਤ ਜ਼ਰੂਰ ਪਾਈ ਜਾਵੇ। ਜਿਨ੍ਹਾਂ ਖੇਤਾਂ ਵਿੱਚ ਸਿੰਚਾਈ ਦੀ ਘਾਟ ਕਾਰਨ ਫਸਲ ਸਮੇਂ ਤੋਂ ਪਹਿਲਾਂ ਫੁੱਲ ਆਉਣ ਦੀ ਅਵਸਥਾ (ਸਟ੍ਰੈੱਸ) ਵਿੱਚ ਪਹੁੰਚ ਗਈ ਹੈ, ਉੱਥੇ ਤੁਰੰਤ ਸਿੰਚਾਈ ਕਰਨ ਅਤੇ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੀ ਮਾਤਰਾ ਵਿੱਚ ਯੂਰੀਆ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ।
ਫਾਰਮ ਸਲਾਹਕਾਰ ਸੇਵਾ ਕੇਂਦਰ, ਅਬੋਹਰ ਦੇ ਇੰਚਾਰਜ ਡਾ. ਜਗਦੀਸ਼ ਕੁਮਾਰ ਅਰੋੜਾ ਨੇ ਦੱਸਿਆ ਕਿ ਇਸ ਵੇਲੇ ਜ਼ਿਲ੍ਹੇ ਵਿੱਚ ਨਰਮਾ ਫਸਲ ਦੀ ਹਾਲਤ ਆਮ ਅਤੇ ਸੰਤੋਸ਼ਜਨਕ ਹੈ। ਉਨ੍ਹਾਂ ਰਸ ਚੂਸਣ ਵਾਲੇ ਕੀੜਿਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਚਿੱਟੀ ਮੱਖੀ ਦੀ ਗਿਣਤੀ ਇਸ ਸਮੇਂ ਕਾਬੂ ਹੇਠ ਹੈ ਅਤੇ ਇਸ ਦੀ ਔਸਤ ਆਬਾਦੀ ਲਗਭਗ 1.5 ਤੋਂ 2.0 ਪ੍ਰਤੀ ਪੱਤਾ ਦਰਜ ਕੀਤੀ ਜਾ ਰਹੀ ਹੈ। ਹਾਲਾਂਕਿ ਵੱਧ ਤਾਪਮਾਨ ਅਤੇ ਨਮੀ ਕਾਰਨ ਕੁਝ ਖੇਤਾਂ ਵਿੱਚ ਤੇਲਾ ਅਤੇ ਥ੍ਰਿਪਸ (ਜੂੰ) ਦਾ ਹਮਲਾ ਦੇਖਿਆ ਗਿਆ ਹੈ, ਜਿਸ ਦੇ ਆਉਣ ਵਾਲੇ ਦਿਨਾਂ ਵਿੱਚ ਵਧਣ ਦੀ ਸੰਭਾਵਨਾ ਹੈ। ਇਸ ਲਈ ਕਿਸਾਨਾਂ ਨੂੰ ਆਪਣੇ ਖੇਤਾਂ ਦੀ ਨਿਯਮਿਤ ਨਿਗਰਾਨੀ ਕਰਨ ਅਤੇ ਲੋੜ ਪੈਣ ‘ਤੇ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਹੀ ਕੀਟਨਾਸ਼ਕਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ।
ਡਾ. ਜਗਦੀਸ਼ ਕੁਮਾਰ ਅਰੋੜਾ ਨੇ ਗੁਲਾਬੀ ਸੁੰਡੀ ਸਬੰਧੀ ਦੱਸਿਆ ਕਿ ਸਰਵੇਖਣ ਦੌਰਾਨ ਕੁਝ ਥਾਵਾਂ ‘ਤੇ ਪੌਦਿਆਂ ਦੇ ਫੁੱਲਾਂ ਵਿੱਚ ਗੁਲਾਬੀ ਸੁੰਡੀ ਦਾ ਸ਼ੁਰੂਆਤੀ ਹਮਲਾ ਦੇਖਿਆ ਗਿਆ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਤੋਂ ਘਬਰਾਉਣ ਦੀ ਲੋੜ ਨਹੀਂ, ਸਗੋਂ ਜਿੱਥੇ ਵੀ ਇਸ ਦਾ ਹਮਲਾ ਨਜ਼ਰ ਆਵੇ, ਉੱਥੇ ਇਸ ਦੇ ਪਹਿਲੇ ਜੀਵਨ ਚੱਕਰ ਨੂੰ ਤੋੜਨ ਲਈ ਸਮੇਂ ਸਿਰ ਸਿਫ਼ਾਰਸ਼ੀ ਕੀਟਨਾਸ਼ਕਾਂ ਦਾ ਛਿੜਕਾਅ ਕੀਤਾ ਜਾਵੇ। ਇਸ ਲਈ ਪ੍ਰੋਕਲੇਮ (ਐਮਾਮੈਕਟਿਨ ਬੈਂਜ਼ੋਏਟ 5% ਐੱਸ.ਜੀ.) 100 ਗ੍ਰਾਮ, ਕਿਊਰਾਕ੍ਰਾਨ (ਪ੍ਰੋਫੈਨੋਫਾਸ 50% ਈ.ਸੀ.) 500 ਮਿਲੀਲੀਟਰ, ਡੈਲੀਗੇਟ (ਸਪਿਨੇਟੋਰਾਮ 11.7% ਐੱਸ.ਸੀ.) 170 ਮਿਲੀਲੀਟਰ ਜਾਂ ਫੇਮ (ਫਲੂਬੈਂਡਿਆਮਾਈਡ 480 ਐੱਸ.ਸੀ.) 40 ਮਿਲੀਲੀਟਰ ਪ੍ਰਤੀ ਏਕੜ ਦੀ ਦਰ ਨਾਲ ਛਿੜਕਾਅ ਕਰਨ ਦੀ ਸਲਾਹ ਦਿੱਤੀ ਗਈ।
ਉਨ੍ਹਾਂ ਕਿਸਾਨਾਂ ਨੂੰ ਗੁਲਾਬੀ ਸੁੰਡੀ ਦੀ ਨਿਯਮਿਤ ਨਿਗਰਾਨੀ ਲਈ ਪ੍ਰਤੀ ਏਕੜ 1 ਤੋਂ 2 ਫੇਰੋਮੋਨ ਟਰੈਪ ਲਗਾਉਣ ਦੀ ਵੀ ਸਲਾਹ ਦਿੱਤੀ। ਜੇਕਰ ਕਿਸੇ ਟਰੈਪ ਵਿੱਚ ਰੋਜ਼ਾਨਾ 1 ਤੋਂ 2 ਪਤੰਗੇ ਫਸਣ ਲੱਗਣ ਤਾਂ ਇਸ ਨੂੰ ਗੁਲਾਬੀ ਸੁੰਡੀ ਦੇ ਸਰਗਰਮ ਹਮਲੇ ਦਾ ਸੰਕੇਤ ਮੰਨਦਿਆਂ ਤੁਰੰਤ ਸਿਫ਼ਾਰਸ਼ੀ ਕੀਟਨਾਸ਼ਕਾਂ ਦਾ ਛਿੜਕਾਅ ਕੀਤਾ ਜਾਣਾ ਚਾਹੀਦਾ ਹੈ।
ਇਸ ਮੌਕੇ ਖੇਤੀਬਾੜੀ ਵਿਭਾਗ ਦੇ ਡਾ. ਹਰੀਸ਼ ਕੁਮਾਰ ਨੇ ਕਿਸਾਨਾਂ ਨੂੰ ਮਿੱਟੀ ਸਿਹਤ ਕਾਰਡ (ਸੋਇਲ ਹੈਲਥ ਕਾਰਡ), ਮਿੱਟੀ ਅਤੇ ਸਿੰਚਾਈ ਵਾਲੇ ਪਾਣੀ ਦੀ ਜਾਂਚ ਅਤੇ ਸੰਤੁਲਿਤ ਪੋਸ਼ਕ ਤੱਤ ਪ੍ਰਬੰਧਨ ਦੇ ਮਹੱਤਵ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਸਮੇਂ-ਸਮੇਂ ‘ਤੇ ਆਪਣੀ ਮਿੱਟੀ ਅਤੇ ਪਾਣੀ ਦੀ ਜਾਂਚ ਕਰਵਾਕੇ ਉਸੇ ਅਨੁਸਾਰ ਖਾਦਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ।
ਖੇਤੀਬਾੜੀ ਵਿਭਾਗ ਦੇ ਡਾ. ਗਗਨਦੀਪ ਸਿੰਘ ਅਤੇ ਡਾ. ਦਿਨੇਸ਼ ਕੁਮਾਰ ਨੇ ਵਿਭਾਗ ਵੱਲੋਂ ਕਿਸਾਨਾਂ ਦੇ ਹਿੱਤ ਵਿੱਚ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ, ਸਬਸਿਡੀ ਪ੍ਰੋਗਰਾਮਾਂ ਅਤੇ ਖੇਤੀ ਵਿਕਾਸ ਸਬੰਧੀ ਸਹੂਲਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਇਨ੍ਹਾਂ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਖੇਤੀਬਾੜੀ ਵਿਭਾਗ ਆਧੁਨਿਕ ਖੇਤੀ ਨੂੰ ਉਤਸ਼ਾਹਿਤ ਕਰਨ, ਕੁਦਰਤੀ ਸਰੋਤਾਂ ਦੀ ਸੰਭਾਲ ਕਰਨ ਅਤੇ ਉਤਪਾਦਨ ਲਾਗਤ ਘਟਾਉਣ ਲਈ ਕਿਸਾਨਾਂ ਨੂੰ ਲਗਾਤਾਰ ਤਕਨੀਕੀ ਮਾਰਗਦਰਸ਼ਨ ਅਤੇ ਸਹਿਯੋਗ ਪ੍ਰਦਾਨ ਕਰ ਰਿਹਾ ਹੈ।