ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਇੱਕ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਇੱਕ ਵੱਡੀ ਸਫਲਤਾ ਵਿੱਚ, ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਪੰਜ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਦੇ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਛੇ ਪਿਸਤੌਲ, 4.409 ਕਿਲੋ ਹੈਰੋਇਨ, 500 ਗ੍ਰਾਮ ਅਫੀਮ, 12.90 ਲੱਖ ਰੁਪਏ ਦੀ ਡਰੱਗ ਮਨੀ ਅਤੇ ਇੱਕ ਡਰੋਨ ਬਰਾਮਦ ਕੀਤਾ ਹੈ, ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਮੰਗਲਵਾਰ ਨੂੰ ਇੱਥੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਰਾਜਬੀਰ ਸਿੰਘ (23), ਗਗਨਪ੍ਰੀਤ ਸਿੰਘ ਉਰਫ਼ ਗਗਨ (31), ਅਤੇ ਸੌਰਵ ਸਿੰਘ ਉਰਫ਼ ਬਹਾਦਰ (23) ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਵਿਸ਼ਾਲ ਸਿੰਘ ਉਰਫ ਟਿੱਬੂ (22) ਅਤੇ ਰਸ਼ਪਾਲ ਸਿੰਘ ਉਰਫ਼ ਬੱਬਾ (44) ਦੋਵੇਂ ਵਾਸੀ ਪਿੰਡ ਨੂਰਪੁਰ ਲੋਪੋਕੇ; ਵੀਰਪਾਲ ਸਿੰਘ ਉਰਫ ਬਿੱਲਾ (19) ਵਾਸੀ ਪਿੰਡ ਮਾੜੀ ਮਹਿੰਗਾ, ਤਰਨਤਾਰਨ; ਜਗਵਿੰਦਰ ਸਿੰਘ ਉਰਫ ਕਾਲਾ (19) ਵਾਸੀ ਪਿੰਡ ਅਮੀ ਸ਼ਾਹ, ਤਰਨਤਾਰਨ; ਸੁਖਚੈਨ ਸਿੰਘ ਉਰਫ਼ ਸੁੱਖ (20) ਵਾਸੀ ਪਿੰਡ ਖਿਆਲਾ; ਜਸਕਰਨ ਸਿੰਘ ਉਰਫ ਜੱਸੀ (22) ਪਿੰਡ ਕੋਲੋਵਾਲ; ਅਤੇ ਯੁਵਰਾਜ ਸਿੰਘ ਉਰਫ ਜੱਗੂ (20) ਵਾਸੀ ਪਿੰਡ ਗੋਸਨਾਬਾਦ, ਅੰਮ੍ਰਿਤਸਰ ਦਿਹਾਤੀ।
ਬਰਾਮਦ ਕੀਤੇ ਗਏ ਛੇ ਪਿਸਤੌਲਾਂ ਵਿੱਚ ਇੱਕ ਗਲੋਕ 9 ਐਮਐਮ ਅਤੇ ਪੰਜ .30 ਬੋਰ ਪਿਸਤੌਲਾਂ ਦੇ ਨਾਲ-ਨਾਲ 12 ਜ਼ਿੰਦਾ ਕਾਰਤੂਸ ਵੀ ਸ਼ਾਮਲ ਹਨ। ਪੁਲਿਸ ਟੀਮਾਂ ਨੇ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਵਰਤੀਆਂ ਜਾ ਰਹੀਆਂ ਉਨ੍ਹਾਂ ਦੀਆਂ ਦੋ ਕਾਰਾਂ ਨੂੰ ਵੀ ਜ਼ਬਤ ਕਰ ਲਿਆ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਵਿੱਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪਿਛਲੇ ਅਤੇ ਅਗਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਨੈੱਟਵਰਕ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕੀਤੀ ਜਾ ਸਕੇ।
ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਹਰਮਨਬੀਰ ਸਿੰਘ ਗਿੱਲ ਨੇ ਸੰਚਾਲਨ ਸੰਬੰਧੀ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਇਹ ਤਾਲਮੇਲ ਵਾਲੀਆਂ ਕਾਰਵਾਈਆਂ ਡੀਸੀਪੀ ਇਨਵੈਸਟੀਗੇਸ਼ਨ ਪ੍ਰਭਜੋਤ ਸਿੰਘ ਵਿਰਕ, ਏਡੀਸੀਪੀ ਡਿਟੈਕਟਿਵ ਜੈਯੰਤ ਪੁਰੀ, ਏਡੀਸੀਪੀ ਸਿਟੀ-3 ਮਨਮੋਹਨ ਸਿੰਘ ਔਲਖ, ਏਸੀਪੀ ਈਸਟ ਰਵਿੰਦਰ ਸਿੰਘ ਅਤੇ ਏਸੀਪੀ ਡਿਟੈਕਟਿਵ ਕਪਿਲ ਕੌਸ਼ਲ ਦੀ ਨਿਗਰਾਨੀ ਹੇਠ ਕੀਤੀਆਂ ਗਈਆਂ।
ਸੀਪੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਪਹਿਲੀ ਕਾਰਵਾਈ ਵਿੱਚ, ਥਾਣਾ ਮਕਬੂਲਪੁਰਾ ਦੀਆਂ ਟੀਮਾਂ ਨੇ ਰਾਜਬੀਰ ਸਿੰਘ, ਗਗਨਪ੍ਰੀਤ ਉਰਫ਼ ਗਗਨ ਅਤੇ ਸੌਰਵ ਉਰਫ਼ ਬਹਾਦਰ ਨੂੰ ਗ੍ਰਿਫ਼ਤਾਰ ਕੀਤਾ, ਉਨ੍ਹਾਂ ਕੋਲੋਂ 169 ਗ੍ਰਾਮ ਹੈਰੋਇਨ, 500 ਗ੍ਰਾਮ ਅਫੀਮ ਅਤੇ 10.90 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਦੂਜੀ ਕਾਰਵਾਈ ਵਿੱਚ, ਥਾਣਾ ਛੇਹਰਟਾ ਦੀਆਂ ਟੀਮਾਂ ਨੇ ਵਿਸ਼ਾਲ ਸਿੰਘ ਉਰਫ਼ ਟਿੱਬਰੂ ਅਤੇ ਰਸ਼ਪਾਲ ਸਿੰਘ ਉਰਫ਼ ਬੱਬਾ ਨੂੰ ਇੱਕ ਕਾਰ ਸਮੇਤ ਰੋਕਿਆ, ਉਨ੍ਹਾਂ ਦੇ ਕਬਜ਼ੇ ਵਿੱਚੋਂ 4.130 ਕਿਲੋਗ੍ਰਾਮ ਹੈਰੋਇਨ ਦੀ ਵੱਡੀ ਖੇਪ ਜ਼ਬਤ ਕੀਤੀ।
ਤੀਜੀ ਕਾਰਵਾਈ ਵਿੱਚ, ਛਾਉਣੀ ਪੁਲਿਸ ਸਟੇਸ਼ਨ ਦੀਆਂ ਟੀਮਾਂ ਨੇ ਤਰਨਤਾਰਨ ਤੋਂ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਦੀ ਪਛਾਣ ਵੀਰਪਾਲ ਸਿੰਘ ਉਰਫ਼ ਬਿੱਲਾ ਅਤੇ ਜਗਵਿੰਦਰ ਸਿੰਘ ਉਰਫ਼ ਕਾਲਾ ਵਜੋਂ ਹੋਈ ਹੈ, ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ .30 ਬੋਰ ਦਾ ਪਿਸਤੌਲ ਬਰਾਮਦ ਕੀਤਾ। ਚੌਥੀ ਕਾਰਵਾਈ ਵਿੱਚ, ਛੇਹਰਟਾ ਪੁਲਿਸ ਸਟੇਸ਼ਨ ਦੀਆਂ ਟੀਮਾਂ ਨੇ ਸੁਖਚੈਨ ਸਿੰਘ ਉਰਫ਼ ਸੁੱਖ ਅਤੇ ਜਸਕਰਨ ਸਿੰਘ ਉਰਫ਼ ਜੱਸੀ ਨੂੰ ਗ੍ਰਿਫ਼ਤਾਰ ਕਰਕੇ 110 ਗ੍ਰਾਮ ਹੈਰੋਇਨ, ਇੱਕ .30 ਬੋਰ ਦਾ ਪਿਸਤੌਲ ਸਮੇਤ ਦੋ ਜ਼ਿੰਦਾ ਕਾਰਤੂਸ, 2 ਲੱਖ ਰੁਪਏ ਦੀ ਡਰੱਗ ਮਨੀ, ਇੱਕ ਕਾਰ ਅਤੇ ਤਸਕਰੀ ਦੇ ਕੰਮਾਂ ਲਈ ਵਰਤਿਆ ਜਾਣ ਵਾਲਾ ਇੱਕ ਡਰੋਨ ਬਰਾਮਦ ਕੀਤਾ।
ਪੰਜਵੀਂ ਕਾਰਵਾਈ ਵਿੱਚ, ਸੀਪੀ ਨੇ ਕਿਹਾ ਕਿ ਪੁਲਿਸ ਥਾਣਾ ਛੇਹਰਟਾ ਦੀਆਂ ਟੀਮਾਂ ਨੇ ਯੁਵਰਾਜ ਸਿੰਘ ਉਰਫ਼ ਜੱਗੂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸਦੇ ਕਬਜ਼ੇ ਵਿੱਚੋਂ ਚਾਰ ਪਿਸਤੌਲ – ਜਿਨ੍ਹਾਂ ਵਿੱਚ ਤਿੰਨ .30 ਬੋਰ ਪਿਸਤੌਲ ਅਤੇ ਇੱਕ ਗਲੋਕ 9 ਐਮਐਮ ਪਿਸਤੌਲ ਸ਼ਾਮਲ ਹਨ – ਦੇ ਨਾਲ-ਨਾਲ 10 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ।
ਇਸ ਸਬੰਧ ਵਿੱਚ, ਪੰਜ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ – ਐਫਆਈਆਰ ਨੰਬਰ 325 ਮਿਤੀ 05.10.2026 ਨੂੰ ਐਨਡੀਪੀਐਸ ਐਕਟ ਦੀਆਂ ਧਾਰਾਵਾਂ 21-ਬੀ, 27-ਏ ਅਤੇ 18 ਅਧੀਨ ਥਾਣਾ ਮਕਬੂਲਪੁਰਾ ਵਿਖੇ; ਐਫਆਈਆਰ ਨੰਬਰ 240 ਮਿਤੀ 08.10.2026 ਨੂੰ ਐਨਡੀਪੀਐਸ ਐਕਟ ਦੀਆਂ ਧਾਰਾਵਾਂ 21-ਸੀ ਅਤੇ 29 ਅਧੀਨ ਥਾਣਾ ਛੇਹਰਟਾ ਵਿਖੇ; ਐਫਆਈਆਰ ਨੰਬਰ 190 ਮਿਤੀ 09.10.2026 ਨੂੰ ਆਰਮਜ਼ ਐਕਟ ਦੀ ਧਾਰਾ 25 ਅਧੀਨ ਥਾਣਾ ਛਾਉਣੀ ਵਿਖੇ; ਐਫਆਈਆਰ ਨੰਬਰ 242 ਮਿਤੀ 10.10.2026 ਨੂੰ ਭਾਰਤੀ ਵਾਯੂਯਾਨ ਅਧਿਨੀਅਮ ਦੀਆਂ ਧਾਰਾਵਾਂ 25 ਅਤੇ 29 ਅਧੀਨ, ਐਨਡੀਪੀਐਸ ਐਕਟ ਦੀਆਂ ਧਾਰਾਵਾਂ 21-ਬੀ, 23, 27-ਏ ਅਤੇ 29, ਅਤੇ ਆਰਮਜ਼ ਐਕਟ ਦੀ ਧਾਰਾ 25 ਅਧੀਨ ਥਾਣਾ ਛੇਹਰਟਾ ਵਿਖੇ; ਅਤੇ ਐਫਆਈਆਰ ਨੰਬਰ 245 ਮਿਤੀ 11.10.2026 ਨੂੰ ਆਰਮਜ਼ ਐਕਟ ਦੀ ਧਾਰਾ 25 ਅਧੀਨ ਥਾਣਾ ਛੇਹਰਟਾ ਵਿਖੇ ਦਰਜ ਕੀਤੀ ਗਈ ਹੈ।