ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵਿਖੇ ਹੋਵੇਗਾ ਇਤਿਹਾਸਕ ਸਮਾਰੋਹ—ਪੰਜਾਬੀ ਪ੍ਰੇਮੀਆਂ, ਸਿੱਖਿਅਕਾਂ, ਸਾਹਿਤਕਾਰਾਂ ਅਤੇ ਸੱਭਿਆਚਾਰਕ ਸੰਸਥਾਵਾਂ ਨੂੰ ਸ਼ਾਮਲ ਹੋਣ ਦਾ ਸੱਦਾ
ਮਾਂ—ਬੋਲੀ ਪੰਜਾਬੀ ਦੀ ਮਹੱਤਤਾ, ਮਾਣ ਅਤੇ ਵਿਸ਼ਵ ਪੱਧਰ ’ਤੇ ਇਸ ਦੀ ਪਹਿਚਾਣ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ 23 ਸਤੰਬਰ ਨੂੰ ਵਿਸ਼ਵ ਪੰਜਾਬੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਸਬੰਧੀ ਇੱਕ ਵਿਸ਼ੇਸ਼ ਇਤਿਹਾਸਕ ਸਮਾਰੋਹ 23 ਸਤੰਬਰ 2026 ਨੂੰ ਸ਼ਾਮ 3 ਵਜੇ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ।
ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਸਮੂਹ ਸਿੱਖਿਅਕ, ਸਾਹਿਤਕ ਅਤੇ ਸੱਭਿਆਚਾਰਕ ਸੰਸਥਾਵਾਂ ਦੇ ਸਹਿਯੋਗ ਨਾਲ ਵਿਸ਼ਵ ਪੰਜਾਬੀ ਦਿਵਸ ਮਨਾਉਣ ਦੀ ਇਸ ਮੁਹਿੰਮ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਫਾਊਂਡੇਸ਼ਨ ਦੇ ਡਾਇਰੈਕਟਰ ਯੋਹਾਨਨ ਮੈਥਿਊ ਨੇ ਪੰਜਾਬੀ ਪ੍ਰੇਮੀਆਂ, ਸਿੱਖਿਅਕਾਂ, ਸਾਹਿਤਕਾਰਾਂ, ਕਲਾਕਾਰਾਂ, ਸਮਾਜਿਕ ਅਤੇ ਸੱਭਿਆਚਾਰਕ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਇਸ ਇਤਿਹਾਸਕ ਸਮਾਰੋਹ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।
ਯੋਹਾਨਨ ਮੈਥਿਊ ਨੇ ਕਿਹਾ ਕਿ ਪੰਜਾਬੀ ਸਿਰਫ਼ ਇੱਕ ਭਾਸ਼ਾ ਨਹੀਂ, ਸਗੋਂ ਪੰਜਾਬੀਆਂ ਦੀ ਪਹਿਚਾਣ, ਵਿਰਾਸਤ, ਸੱਭਿਆਚਾਰ ਅਤੇ ਸਾਂਝੀ ਚੇਤਨਾ ਦੀ ਆਵਾਜ਼ ਹੈ। ਸਦੀਆਂ ਤੋਂ ਪੰਜਾਬੀਆਂ ਦੀ ਸਾਹਿਤਕ ਅਤੇ ਸੱਭਿਆਚਾਰਕ ਬੋਲੀ ਰਹੀ ਪੰਜਾਬੀ ਨੂੰ ਵਿਸ਼ਵ ਪੱਧਰ ’ਤੇ ਸਮਰਪਿਤ ਇੱਕ ਵਿਸ਼ੇਸ਼ ਦਿਨ ਦੀ ਲੋੜ ਸੀ, ਤਾਂ ਜੋ ਦੁਨੀਆ ਭਰ ਵਿੱਚ ਵੱਸਦੇ ਪੰਜਾਬੀ ਆਪਣੀ ਮਾਂ—ਬੋਲੀ ਪ੍ਰਤੀ ਪਿਆਰ ਅਤੇ ਸਤਿਕਾਰ ਦਾ ਪ੍ਰਗਟਾਵਾ ਕਰ ਸਕਣ।
ਉਹਨਾਂ ਦੱਸਿਆ ਕਿ ਮਹਾਨ ਸੂਫ਼ੀ ਕਵੀ ਬਾਬਾ ਫ਼ਰੀਦ ਜੀ ਦੇ ਆਗਮਨ ਦਿਵਸ ਨੂੰ ਸਮਰਪਿਤ 23 ਸਤੰਬਰ ਨੂੰ ਵਿਸ਼ਵ ਪੰਜਾਬੀ ਦਿਵਸ ਵਜੋਂ ਮਨਾਉਣ ਦਾ ਇਤਿਹਾਸਕ ਸਫ਼ਰ ਪਿਛਲੇ ਵਰ੍ਹੇ ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਅਤੇ ਸਰਪ੍ਰਸਤੀ ਹੇਠ ਸ਼ੁਰੂ ਕੀਤਾ ਗਿਆ ਸੀ। ਇਸ ਸਾਲ ਇਸ ਮੁਹਿੰਮ ਨੂੰ ਹੋਰ ਵਿਸ਼ਾਲ ਅਤੇ ਮਜ਼ਬੂਤ ਬਣਾਉਣ ਲਈ ਵਿਸ਼ਵ ਪੰਜਾਬੀ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।
ਯੋਹਾਨਨ ਮੈਥਿਊ ਨੇ ਕਿਹਾ ਕਿ ਇਸ ਦਿਨ ਨੂੰ ਮਨਾਉਣਾ ਮਾਂ—ਬੋਲੀ ਪੰਜਾਬੀ ਪ੍ਰਤੀ ਸਾਡੀ ਸਾਂਝੀ ਜ਼ਿੰਮੇਵਾਰੀ, ਪਿਆਰ ਅਤੇ ਮਾਣ ਦਾ ਪ੍ਰਗਟਾਵਾ ਹੋਵੇਗਾ। ਉਹਨਾਂ ਪੰਜਾਬੀ ਭਾਸ਼ਾ ਨਾਲ ਪਿਆਰ ਕਰਨ ਵਾਲੇ ਹਰ ਵਿਅਕਤੀ ਨੂੰ ਇਸ ਇਤਿਹਾਸਕ ਦਿਨ ਦਾ ਹਿੱਸਾ ਬਣਨ ਦੀ ਅਪੀਲ ਕਰਦਿਆਂ ਕਿਹਾ ਕਿ ਹਰ ਇੱਕ ਪੰਜਾਬੀ ਇਸ ਦਿਨ ਆਪਣੇ ਹਸਤਾਖਰ ਪੰਜਾਬੀ ਵਿੱਚ ਕਰਨ, ਆਪਣੀ ਕੋਈ ਇੱਕ ਲਿਖਤ ਸੋਸ਼ਲ ਮੀਡੀਆ ਉੱਪਰ ਅਪਲੋਡ ਕਰਨ ਅਤੇ ਆਪਣੇ ਹੱਥੀਂ ਪੰਜਾਬੀ ਪੈਂਤੀ ਲਿਖ ਕੇ ਦੂਜਿਆਂ ਨਾਲ ਸਾਂਝੀ ਕਰਨ।
ਉਹਨਾਂ ਕਿਹਾ ਕਿ ਮਾਂ—ਬੋਲੀ ਨਾਲ ਜੁੜਨ ਦੇ ਇਹ ਉਪਰਾਲੇ ਪੰਜਾਬੀ ਪ੍ਰਤੀ ਸਾਡੇ ਪਿਆਰ ਨੂੰ ਅਮਲੀ ਰੂਪ ਦੇਣ ਦੇ ਨਾਲ—ਨਾਲ ਅਗਲੀ ਪੀੜ੍ਹੀ ਨੂੰ ਵੀ ਆਪਣੀ ਭਾਸ਼ਾ ਅਤੇ ਵਿਰਾਸਤ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ।
ਯੋਹਾਨਨ ਮੈਥਿਊ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਪੰਜਾਬੀ ਨੂੰ ਏ.ਆਈ. ਦਾ ਅਨਿੱਖੜਵਾਂ ਅੰਗ ਬਣਾਉਣ ਲਈ ਵੱਧ ਤੋਂ ਵੱਧ ਪੰਜਾਬੀ ਸਾਹਿਤ ਇੰਟਰਨੈੱਟ ਉੱਪਰ ਸਾਂਝਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅੱਜ ਦੇ ਡਿਜੀਟਲ ਅਤੇ ਤਕਨੀਕੀ ਯੁੱਗ ਵਿੱਚ ਕਿਸੇ ਵੀ ਭਾਸ਼ਾ ਦੇ ਭਵਿੱਖ ਲਈ ਉਸ ਦਾ ਡਿਜੀਟਲ ਸੰਸਾਰ ਵਿੱਚ ਮਜ਼ਬੂਤ ਹੋਣਾ ਬੇਹੱਦ ਜ਼ਰੂਰੀ ਹੈ। ਇਸ ਲਈ ਪੰਜਾਬੀ ਸਾਹਿਤ ਨੂੰ ਵੱਧ ਤੋਂ ਵੱਧ ਇੰਟਰਨੈੱਟ ’ਤੇ ਉਪਲਬਧ ਕਰਵਾਉਣਾ ਪੰਜਾਬੀ ਨੂੰ ਨਵੀਂ ਤਕਨਾਲੋਜੀ, ਖਾਸ ਕਰਕੇ ਆਰਟੀਫਿਸ਼ਲ ਇੰਟੈਲੀਜੈਂਸ ਦੇ ਖੇਤਰ ਨਾਲ ਜੋੜਨ ਵੱਲ ਇੱਕ ਮਹੱਤਵਪੂਰਨ ਕਦਮ ਹੋਵੇਗਾ।
ਉਹਨਾਂ ਕਿਹਾ, “ਆਓ, ਪੰਜਾਬੀ ਬੋਲੀ ਦੇ ਮਾਣ ਲਈ ਇਕੱਠੇ ਹੋਈਏ ਅਤੇ ਆਪਣੀ ਅਮੀਰ ਵਿਰਾਸਤ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦਾ ਸੰਕਲਪ ਕਰੀਏ।”
ਯੋਹਾਨਨ ਮੈਥਿਊ ਨੇ ਦੱਸਿਆ ਕਿ 23 ਸਤੰਬਰ ਨੂੰ ਹੋਣ ਵਾਲੇ ਇਸ ਇਤਿਹਾਸਕ ਸਮਾਰੋਹ ਵਿੱਚ ਹਿੱਸਾ ਲੈਣ ਲਈ ਰਜਿਸਟਰੇਸ਼ਨ ਕਰਵਾਉਣੀ ਹੋਵੇਗੀ। ਸਮਾਰੋਹ ਵਿੱਚ ਸ਼ਾਮਲ ਹੋਣ ਦੇ ਚਾਹਵਾਨ ਵਿਅਕਤੀ ਆਪਣਾ ਪੰਜਾਬ ਫਾਊਂਡੇਸ਼ਨ ਦੇ ਕਿਸੇ ਵੀ ਡਾਇਰੈਕਟਰ ਨਾਲ ਸੰਪਰਕ ਕਰਕੇ ਰਜਿਸਟਰੇਸ਼ਨ ਕਰਵਾ ਸਕਦੇ ਹਨ।
ਉਹਨਾਂ ਪੰਜਾਬੀ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਇਤਿਹਾਸਕ ਸਮਾਰੋਹ ਵਿੱਚ ਪਹੁੰਚ ਕੇ ਵਿਸ਼ਵ ਪੰਜਾਬੀ ਦਿਵਸ ਨੂੰ ਯਾਦਗਾਰ ਬਣਾਉਣ ਅਤੇ ਮਾਂ—ਬੋਲੀ ਪੰਜਾਬੀ ਪ੍ਰਤੀ ਆਪਣਾ ਪਿਆਰ, ਸਤਿਕਾਰ ਅਤੇ ਵਚਨਬੱਧਤਾ ਪ੍ਰਗਟ ਕਰਨ।