ਪੰਜਾਬ ਕਲਾ ਪਰਿਸ਼ਦ ਵਿਖੇ ਪੰਜਾਬੀ ਪ੍ਰੇਮੀਆਂ ਦੀ ਭਰਵੀਂ ਹਾਜ਼ਰੀ ਨਾਲ ਮਨਾਇਆ ਵਿਸ਼ਵ ਪੰਜਾਬੀ ਦਿਵਸ

‘ਮੇਰੀ ਪੰਜਾਬੀ—ਮੇਰਾ ਮਾਣ’ ਮੁਹਿੰਮ ਦੀ ਸ਼ੁਰੂਆਤ; ‘ਅੱਖਰਪੀਡੀਆ’ ਦੀ ਲਾਂਚਿੰਗ

ਚੰਡੀਗੜ੍ਹ, 23 ਸਤੰਬਰ: ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਸਮਰਪਿਤ ਵਿਸ਼ਵ ਪੰਜਾਬੀ ਦਿਵਸ ਅੱਜ ਪੰਜਾਬ ਕਲਾ ਪਰਿਸ਼ਦ, ਸੈਕਟਰ-16ਬੀ, ਚੰਡੀਗੜ੍ਹ ਵਿਖੇ ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਮਨਾਇਆ ਗਿਆ। ਸਮਾਗਮ ਵਿੱਚ ਪੰਜਾਬ ਭਰ ਤੋਂ ਸਾਹਿਤਕਾਰਾਂ, ਵਿਦਵਾਨਾਂ, ਸਿੱਖਿਆ-ਸ਼ਾਸਤਰੀਆਂ ਅਤੇ ਪੰਜਾਬੀ ਹਿਤੈਸ਼ੀਆਂ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ।

ਇਸ ਮੌਕੇ ਸੰਬੋਧਨ ਕਰਦਿਆਂ ਆਪਣਾ ਪੰਜਾਬ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਰੋਜ਼ਾਨਾ ਜੀਵਨ ਦੇ ਨਾਲ-ਨਾਲ ਡਿਜੀਟਲ ਯੁੱਗ ਵਿੱਚ ਵੀ ਵੱਧ ਤੋਂ ਵੱਧ ਪ੍ਰਚਲਿਤ ਕਰਨ ਦੇ ਉਦੇਸ਼ ਨਾਲ ‘ਮੇਰੀ ਪੰਜਾਬੀ—ਮੇਰਾ ਮਾਣ’ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ‘ਮੇਰਾ ਮੋਬਾਈਲ—ਮੇਰੀ ਪੰਜਾਬੀ’, ‘ਇੱਕ ਕਿਤਾਬ ਪੰਜਾਬੀ ਦੀ’, ‘ਇੱਕ ਲਿਖਤ ਪੰਜਾਬੀ ਦੇ ਨਾਮ’ ਅਤੇ ‘ਪੰਜਾਬੀ ਅਤੇ AI’ ਸਮੇਤ ਵੱਖ-ਵੱਖ ਗਤੀਵਿਧੀਆਂ ਰਾਹੀਂ ਲੋਕਾਂ ਨੂੰ ਪੰਜਾਬੀ ਭਾਸ਼ਾ ਦੀ ਵੱਧ ਤੋਂ ਵੱਧ ਵਰਤੋਂ ਲਈ ਪ੍ਰੇਰਿਤ ਕੀਤਾ ਜਾਵੇਗਾ।

ਸਮਾਗਮ ਦਾ ਮੁੱਖ ਆਕਰਸ਼ਣ ਪੰਜਾਬੀ ਭਾਸ਼ਾ ਨੂੰ ਆਰਟੀਫਿਸ਼ਲ ਇੰਟੈਲੀਜੈਂਸ (AI) ਅਤੇ ਨਵੀਂ ਤਕਨਾਲੋਜੀ ਨਾਲ ਜੋੜਨ ਦੇ ਉਦੇਸ਼ ਨਾਲ ‘ਅੱਖਰਪੀਡੀਆ’ ਦੀ ਲਾਂਚਿੰਗ ਰਹੀ। ਡਾ. ਜਗਜੀਤ ਸਿੰਘ ਧੂਰੀ ਨੇ ਦੱਸਿਆ ਕਿ ਇਸ ਡਿਜੀਟਲ ਮੰਚ ਰਾਹੀਂ ਪੰਜਾਬੀ ਦੇ ਸ਼ਬਦ-ਭੰਡਾਰ, ਸਾਹਿਤ ਅਤੇ ਲੋਕ-ਸਾਹਿਤ ਨੂੰ ਡਿਜੀਟਲ ਰੂਪ ਵਿੱਚ ਇੰਟਰਨੈੱਟ ’ਤੇ ਉਪਲਬਧ ਕਰਵਾਉਣ ਦਾ ਯਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਦਾ ਮੂਲ ਵਿਚਾਰ ਹੈ ਕਿ “ਜਿੰਨੀ ਪੰਜਾਬੀ ਇੰਟਰਨੈੱਟ ’ਤੇ ਹੋਵੇਗੀ, ਉਨੀ ਹੀ ਪੰਜਾਬੀ AI ਵਿੱਚ ਮਜ਼ਬੂਤ ਹੋਵੇਗੀ।”

ਜ਼ਿਕਰਯੋਗ ਹੈ ਕਿ ਵਿਸ਼ਵ ਪੰਜਾਬੀ ਦਿਵਸ ਦੀ ਸ਼ੁਰੂਆਤ ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ 23 ਸਤੰਬਰ 2025 ਨੂੰ ਪਟਿਆਲਾ ਦੇ ਹਰਪਾਲ ਟਿਵਾਣਾ ਕਲਾ ਕੇਂਦਰ ਤੋਂ ਕੀਤੀ ਗਈ ਸੀ। ਡਾ. ਜਗਜੀਤ ਸਿੰਘ ਧੂਰੀ ਨੇ ਦੱਸਿਆ ਕਿ ਵਿਦਵਾਨਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ 23 ਸਤੰਬਰ ਨੂੰ ਬਾਬਾ ਫਰੀਦ ਜੀ ਦੇ ਆਗਮਨ ਦਿਵਸ ਨਾਲ ਜੋੜਦਿਆਂ ਵਿਸ਼ਵ ਪੰਜਾਬੀ ਦਿਵਸ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ।

ਸਮਾਗਮ ਦੀ ਸ਼ੁਰੂਆਤ ਜੋਤ ਜਗਾਉਣ ਦੀ ਰਸਮ ਨਾਲ ਹੋਈ। ਇਸ ਉਪਰੰਤ ਡਾ. ਨਿਸ਼ਾ ਲੁਥਰਾ ਦੇ ਨਿਰਦੇਸ਼ਨ ਹੇਠ ‘ਮੈਂ ਮਿੱਟੀ ਪੰਜਾਬ ਦੀ’ ਪੰਜਾਬ ਪ੍ਰਾਜੈਕਟ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਕੀਤੀ ਗਈ।

ਇਸ ਮੌਕੇ ਰਾਜ ਸਭਾ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਲਈ ਕੀਤਾ ਜਾ ਰਿਹਾ ਇਹ ਉਪਰਾਲਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਹੁਣ ਲੋੜ ਇਨ੍ਹਾਂ ਉਪਰਾਲਿਆਂ ਨੂੰ ਨਵੀਂ ਦਿਸ਼ਾ ਦੇਣ ਅਤੇ ਵੱਡੇ ਪੱਧਰ ’ਤੇ ਅੱਗੇ ਲਿਜਾਣ ਦੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਪੰਜਾਬ, ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਲਈ ਕੀਤੇ ਜਾਣ ਵਾਲੇ ਹਰ ਕਾਰਜ ਵਿੱਚ ਉਹ ਹਮੇਸ਼ਾ ਸਹਿਯੋਗ ਦੇਣਗੇ।

ਸਮਾਗਮ ਦੌਰਾਨ ਡਾ. ਜਗਜੀਤ ਸਿੰਘ ਧੂਰੀ ਤੋਂ ਇਲਾਵਾ ਸ. ਕੰਵਲਜੀਤ ਸਿੰਘ ਢੀਂਡਸਾ, ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਦੇ ਚੇਅਰਮੈਨ ਸਵਰਨਜੀਤ ਸਵੀ, ਸ. ਅਮਰਜੀਤ ਸਿੰਘ ਗਰੇਵਾਲ, ਪ੍ਰੋ. ਯੋਗਰਾਜ, ਸ. ਬਲਰਾਜ ਸਿੰਘ ਸਿੱਧੂ ਅਤੇ ਸ. ਸਤਨਾਮ ਸਿੰਘ ਸੰਧੂ ਨੇ ਸੰਬੋਧਨ ਕੀਤਾ। ਇਸ ਮੌਕੇ ਪਹੁੰਚੇ ਬੁਲਾਰਿਆਂ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ।

ਸਮਾਗਮ ਦੇ ਅੰਤ ਵਿੱਚ ਫਾਊਂਡੇਸ਼ਨ ਦੇ ਡਾਇਰੈਕਟਰ ਸ. ਭੁਪਿੰਦਰ ਸਿੰਘ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਬੁਲਾਰਿਆਂ ਨੇ ਪੰਜਾਬੀ ਭਾਸ਼ਾ ਨੂੰ ਘਰ, ਸਿੱਖਿਆ, ਸਾਹਿਤ ਅਤੇ ਡਿਜੀਟਲ ਮੰਚਾਂ ’ਤੇ ਵੱਧ ਤੋਂ ਵੱਧ ਵਰਤਣ ਅਤੇ ਨਵੀਂ ਪੀੜ੍ਹੀ ਨੂੰ ਆਪਣੀ ਮਾਂ-ਬੋਲੀ ਨਾਲ ਜੋੜਨ ਦਾ ਸੱਦਾ ਦਿੱਤਾ।

ਇਸ ਮੌਕੇ ਆਪਣਾ ਪੰਜਾਬ ਫਾਊਂਡੇਸ਼ਨ ਦੇ ਸਮੂਹ ਡਾਇਰੈਕਟਰਾਂ ਤੋਂ ਇਲਾਵਾ ਪੰਜਾਬ ਭਰ ਦੀਆਂ ਵੱਖ-ਵੱਖ ਸਿੱਖਿਆ ਸੰਸਥਾਵਾਂ ਦੇ ਮੁਖੀ, ਸਾਹਿਤਕਾਰ, ਵਿਦਵਾਨ ਅਤੇ ਵੱਡੀ ਗਿਣਤੀ ਵਿੱਚ ਪੰਜਾਬੀ ਪ੍ਰੇਮੀ ਹਾਜ਼ਰ ਸਨ।

Leave a Reply

Your email address will not be published. Required fields are marked *