ਜਲੰਧਰ ’ਚ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਤੇ ਪੁਖ਼ਤਾ ਸੁਰੱਖਿਆ ਪ੍ਰਬੰਧ ਬਣਾਏ ਗਏ ਯਕੀਨੀ

ਜਲੰਧਰ ਵੱਕਾਰੀ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ-2026 ਦੀ ਮੇਜ਼ਬਾਨੀ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਸ ਦੇ ਲਈ ਵਿਸ਼ਵ-ਪੱਧਰੀ ਸਟੇਡੀਅਮ ਤਿਆਰ ਕੀਤਾ ਗਿਆ ਹੈ, ਜਿਸ ਨੂੰ ਰਿਕਾਰਡ ਚਾਰ ਮਹੀਨਿਆਂ ਵਿੱਚ ਮੁਕੰਮਲ ਰੂਪ ਦਿੱਤਾ ਗਿਆ ਹੈ।

ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਖੇ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ, ਡਾਇਰੈਕਟਰ ਖੇਡਾਂ ਅਭਿਜੀਤ ਕਪਲਿਸ਼, ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਅਤੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਦਰਸ਼ਕਾਂ ਨੂੰ ਭਰੋਸਾ ਦਿਵਾਇਆ ਕਿ ਸਾਰੇ ਪ੍ਰਬੰਧ, ਸੁਰੱਖਿਆ ਪ੍ਰੋਟੋਕੋਲ ਅਤੇ ਹੋਰ ਲੋੜੀਂਦੀਆਂ ਤਿਆਰੀਆਂ ਸੌ ਫੀਸਦੀ ਮੁਕੰਮਲ ਹਨ। ਪੰਜਾਬ ਦੇ ਮੁੱਖ ਮੰਤਰੀ ਸ੍ਰ.ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਸੋਚ ਮੁਤਾਬਕ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਨੂੰ ਅਤਿ-ਆਧੁਨਿਕ ਰੂਪ ਦਿੱਤਾ ਗਿਆ ਹੈ, ਜਿਸ ਸਦਕਾ 27 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਮੁਕਾਬਲਿਆਂ ਲਈ ਮੰਚ ਤਿਆਰ ਹੈ। ਇਨ੍ਹਾਂ ਮੁਕਾਬਲਿਆਂ ਵਿੱਚ ਮੇਜ਼ਬਾਨ ਭਾਰਤ ਸਮੇਤ ਏਸ਼ੀਆ ਦੀਆਂ 6 ਚੋਟੀ ਦੀਆਂ ਟੀਮਾਂ ਆਪਸ ਵਿੱਚ ਭਿੜਨਗੀਆਂ।

ਉਨ੍ਹਾਂ ਅੱਗੇ ਦੱਸਿਆ ਕਿ ਖੇਡ ਪ੍ਰੇਮੀਆਂ, ਨੌਜਵਾਨਾਂ ਅਤੇ ਪਰਿਵਾਰਾਂ ਵਿੱਚ ਉਤਸ਼ਾਹ ਭਰਨ ਲਈ ਪੰਜਾਬ ਸਰਕਾਰ ਨੇ ਸਾਰੇ ਮੈਚਾਂ ਲਈ ਐਂਟਰੀ ਬਿਲਕੁਲ ਮੁਫ਼ਤ ਰੱਖਣ ਦਾ ਐਲਾਨ ਕੀਤਾ ਹੈ। ਦਰਸ਼ਕ www.ticketgenie.in ‘ਤੇ ਜਾਂ ਮੋਬਾਈਲ ਐਪ ਰਾਹੀਂ ਰਜਿਸਟਰ ਕਰਕੇ ਕਿਊ ਆਰ ਕੋਡ ਵਾਲੇ ਡਿਜੀਟਲ ਪਾਸ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦੀ ਸ਼ੁਰੂਆਤ 27 ਅਕਤੂਬਰ ਨੂੰ ਦੁਪਹਿਰ 1 ਵਜੇ ਹੋਵੇਗੀ ਜਦਕਿ ਸ਼ਾਨਦਾਰ ਉਦਘਾਟਨੀ ਸਮਾਰੋਹ ਸ਼ਾਮ 5 ਵਜੇ ਹੋਵੇਗਾ, ਜਿਸ ਤੋਂ ਬਾਅਦ ਸ਼ਾਮ 7:20 ਵਜੇ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਪਹਿਲਾ ਮੁਕਾਬਲਾ ਖੇਡਿਆ ਜਾਵੇਗਾ।

ਉਨ੍ਹਾਂ ਨੇ ਉਦਘਾਟਨੀ ਸਮਾਰੋਹ ਵਿੱਚ ਸ਼ਾਮਲ ਹੋਣ ਵਾਲੇ ਦਰਸ਼ਕਾਂ ਨੂੰ ਸ਼ਾਮ 4 ਵਜੇ ਤੱਕ ਆਪਣੀਆਂ ਸੀਟਾਂ ’ਤੇ ਬਿਰਾਜਮਾਨ ਹੋਣ ਦੀ ਅਪੀਲ ਕੀਤੀ। ਜਦਕਿ ਆਮ ਮੈਚ ਦੇਖਣ ਜਾਣ ਵਾਲਿਆਂ ਨੂੰ ਸਲਾਹ ਦਿੱਤੀ ਕਿ ਉਹ ਮੈਚ ਸ਼ੁਰੂ ਹੋਣ ਤੋਂ 30 ਤੋਂ 60 ਮਿੰਟ ਪਹਿਲਾਂ ਪਹੁੰਚਣ। ਉਨ੍ਹਾਂ ਦੱਸਿਆ ਕਿ ਘਰ ਬੈਠ ਕੇ ਦੇਖਣ ਵਾਲਿਆਂ ਲਈ ਟੂਰਨਾਮੈਂਟ ਦੇ ਸਾਰੇ 20 ਮੈਚ ਸਟਾਰ ਸਪੋਰਟਸ ‘ਤੇ ਸਿੱਧੇ ਪ੍ਰਸਾਰਿਤ ਕੀਤੇ ਜਾਣਗੇ ਅਤੇ ਜੀਓ-ਹੌਟਸਟਾਰ ‘ਤੇ ਸਟ੍ਰੀਮ ਕੀਤੇ ਜਾਣਗੇ। ਉਨ੍ਹਾਂ ਨੇ ਪੰਜਾਬ ਦੇ ਸਮੂਹ ਵਾਸੀਆਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਅਤੇ ਇਸ ਇਤਿਹਾਸਕ ਅੰਤਰਰਾਸ਼ਟਰੀ ਖੇਡ ਸਮਾਗਮ ਦਾ ਅੱਖੀਂ ਦੇਖ ਕੇ ਆਨੰਦ ਲੈਣ ਦਾ ਸੱਦਾ ਦਿੱਤਾ।

ਦਰਸ਼ਕਾਂ ਦਾ ਦਾਖਲਾ ਡੀ.ਏ.ਵੀ. ਕਾਲਜ ਫਲਾਈਓਵਰ ਵਾਲੇ ਪਾਸਿਓਂ ਹੋਵੇਗਾ

ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਲੋਕਾਂ ਨੂੰ ਸੁਚਾਰੂ ਅਤੇ ਨਿਰਵਿਘਨ ਆਵਾਜਾਈ ਦਾ ਭਰੋਸਾ ਦਿਵਾਇਆ। ਦਰਸ਼ਕ ਐਚ.ਐਮ.ਵੀ. ਕਾਲਜ ਚੌਕ ਤੋਂ ਡੀ.ਏ.ਵੀ. ਕਾਲਜ ਫਲਾਈਓਵਰ ਦੇ ਨਾਲ ਲੱਗਦੀ ਸਾਈਡ ਲੇਨ ਰਾਹੀਂ ਸਟੇਡੀਅਮ ਤੱਕ ਪਹੁੰਚ ਸਕਦੇ ਹਨ, ਜੋ ਸਿੱਧਾ ਬਰਲਟਨ ਪਾਰਕ ਦੇ ਗੇਟਾਂ ਤੱਕ ਜਾਂਦੀ ਹੈ, ਜਿਥੇ ਪਾਰਕਿੰਗ ਦੀ ਸੁਵਿਧਾਜਨਕ ਵਿਵਸਥਾ ਹੈ। ਮੈਦਾਨ ’ਚ ਹੋਣ ਵਾਲੇ ਰੋਮਾਂਚਕ ਮੁਕਾਬਲਿਆਂ ਤੋਂ ਇਲਾਵਾ ਇੱਥੇ ਫੂਡ ਕੋਰਟ, ਫੈਨ ਪੈਵੇਲੀਅਨ ਅਤੇ ਕਾਰਨੀਵਾਲ ਵਰਗੇ ਉਤਸਵ ਦਾ ਮਾਹੌਲ ਦੇਖਣ ਨੂੰ ਮਿਲੇਗਾ।

Leave a Reply

Your email address will not be published. Required fields are marked *