ਬੀਬੀਐਮਬੀ ਤਲਵਾੜਾ ਵਿਖੇ ਹਿੰਦੀ ਰਾਜਭਾਸ਼ਾ ਸਬੰਧੀ ਕਾਰਜਸ਼ਾਲਾ ਦਾ ਆਯੋਜਨ

ਭਾਖੜਾ ਬਿਆਸ ਪ੍ਰਬੰਧ ਬੋਰਡ ਦੇ ਤਲਵਾੜਾ ਸਥਿਤ ਦਫ਼ਤਰ ਵਿਖੇ ਹਿੰਦੀ ਰਾਜਭਾਸ਼ਾ ਸਬੰਧੀ ਇਕ ਵਿਸ਼ੇਸ਼ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ। ਇਸ ਕਾਰਜਸ਼ਾਲਾ ਦਾ ਉਦਘਾਟਨ ਮੁੱਖ ਇੰਜਨੀਅਰ ਰਾਕੇਸ਼ ਗੁਪਤਾ ਵੱਲੋਂ ਕੀਤਾ ਗਿਆ।

ਇਸ ਮੌਕੇ ਮੁੱਖ ਮਹਿਮਾਨ ਵਜੋਂ ਜੇਕੇ ਮੰਡਲ, ਸਹਾਇਕ ਨਿਰਦੇਸ਼ਕ, ਰਾਜਭਾਸ਼ਾ ਵਿਭਾਗ, ਗ੍ਰਹਿ ਮੰਤਰਾਲਾ, ਭਾਰਤ ਸਰਕਾਰ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਰਾਜਭਾਸ਼ਾ ਹਿੰਦੀ ਦੇ ਪ੍ਰਚਾਰ-ਪ੍ਰਸਾਰ ਅਤੇ ਸਰਕਾਰੀ ਕੰਮਕਾਜ ਵਿੱਚ ਇਸ ਦੀ ਵੱਧ ਤੋਂ ਵੱਧ ਵਰਤੋਂ ਨਾਲ ਪ੍ਰਸ਼ਾਸਨਿਕ ਕਾਰਗੁਜ਼ਾਰੀ ਹੋਰ ਮਜ਼ਬੂਤ ਹੁੰਦੀ ਹੈ। ਉਨ੍ਹਾਂ ਕਰਮਚਾਰੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਹਿੰਦੀ ਨੂੰ ਦਫ਼ਤਰੀ ਕੰਮਕਾਜ ਵਿੱਚ ਅਪਣਾਉਣਾ ਸਮੇਂ ਦੀ ਲੋੜ ਹੈ ਅਤੇ ਇਸ ਨਾਲ ਸਰਕਾਰੀ ਨੀਤੀਆਂ ਨੂੰ ਲੋਕਾਂ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਇਆ ਜਾ ਸਕਦਾ ਹੈ।

ਮੁੱਖ ਇੰਜਨੀਅਰ ਰਾਕੇਸ਼ ਗੁਪਤਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬੀਬੀਐਮਬੀ ਹਮੇਸ਼ਾਂ ਰਾਜਭਾਸ਼ਾ ਨੀਤੀ ਨੂੰ ਲਾਗੂ ਕਰਨ ਲਈ ਵਚਨਬੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਕਾਰਜਸ਼ਾਲਾਵਾਂ ਕਰਮਚਾਰੀਆਂ ਵਿੱਚ ਹਿੰਦੀ ਪ੍ਰਤੀ ਜਾਗਰੂਕਤਾ ਅਤੇ ਆਤਮਵਿਸ਼ਵਾਸ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਨੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਦਫ਼ਤਰੀ ਕੰਮ ਵਿੱਚ ਹਿੰਦੀ ਦੀ ਵਰਤੋਂ ਨੂੰ ਹੋਰ ਉਤਸ਼ਾਹ ਨਾਲ ਅਪਣਾਉਣ ਦੀ ਅਪੀਲ ਕੀਤੀ।

ਕਾਰਜਸ਼ਾਲਾ ਦੌਰਾਨ ਯੁਮੇਸ਼, ਮੈਂਬਰ ਸਕੱਤਰ ਰਾਜਭਾਸ਼ਾ ਕਮੇਟੀ ਹੁਸ਼ਿਆਰਪੁਰ ਨੇ ਕੁਇਜ਼ ਰਾਹੀਂ ਪ੍ਰਤੀਭਾਗੀਆਂ ਨੂੰ ਰਾਜਭਾਸ਼ਾ ਨਾਲ ਸਬੰਧਿਤ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਹਿੰਦੀ ਵਿੱਚ ਕੰਪਿਊਟਰ ਦੀ ਵਰਤੋਂ ਅਤੇ ਤਕਨੀਕੀ ਸਹੂਲਤਾਂ ਬਾਰੇ ਵੀ ਵਿਸਥਾਰ ਨਾਲ ਜਾਣੂ ਕਰਵਾਇਆ।

ਇਸ ਮੌਕੇ ਮਿੱਠੂ ਸਾਹ, ਰਾਜਭਾਸ਼ਾ ਅਫ਼ਸਰ, ਪੰਜਾਬ ਐਂਡ ਸਿੰਧ ਬੈਂਕ ਨੇ ਰਾਜਭਾਸ਼ਾ ਨਾਲ ਜੁੜੇ ਨਿਯਮਾਂ ਅਤੇ ਸਰਕਾਰੀ ਦਿਸ਼ਾ-ਨਿਰਦੇਸ਼ਾਂ ਬਾਰੇ ਚਰਚਾ ਕੀਤੀ।

ਪ੍ਰੋਗਰਾਮ ਦੇ ਅੰਤ ਵਿੱਚ ਉਪ ਮੁੱਖ ਇੰਜਨੀਅਰ ਵਿਮਲ ਕੁਮਾਰ ਮੀਨਾ ਨੇ ਸਾਰੇ ਮਹਿਮਾਨਾਂ ਅਤੇ ਪ੍ਰਤੀਭਾਗੀਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਣ ਐਸਡੀਓ ਪਵਨ ਕੁਮਾਰ ਸੈਣੀ ਵੱਲੋਂ ਆਪਣੇ ਨਿਵੇਕਲੇ ਅੰਦਾਜ ਵਿਚ ਕੀਤਾ ਗਿਆ।

ਇਸ ਮੌਕੇ ਕਾਰਜਕਾਰੀ ਇੰਜਨੀਅਰ ਅਰਵਿੰਦਰ ਸਿੰਘ ਊਭੀ ਅਤੇ ਸੰਜੈ ਢਡੀੱਚ ਤੋਂ ਇਲਾਵਾ ਵੱਖ ਵੱਖ ਡਵੀਜ਼ਨਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜਰ ਸਨ।

ਇਸ ਕਾਰਜਸ਼ਾਲਾ ਨੂੰ ਸਫਲ ਬਣਾਉਣ ਵਿੱਚ ਹਿੰਦੀ ਪ੍ਰਕੋਸ਼ਠ ਤੋਂ ਤਰਨਪ੍ਰੀਤ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।

Leave a Reply

Your email address will not be published. Required fields are marked *