ਫਾਜਿਲਕਾ  : ਮਾਹਿਰ ਡਾਕਟਰ ਦੀ ਸਹਾਇਤਾ ਨਾਲ ਕੋਈ ਵਿਅਕਤੀ ਬਿਨਾ ਤਕਲੀਫ ਤੋਂ ਨਸ਼ਾ ਛੱਡ ਸਕਦਾ ਹੈ: ਡਾ. ਕਵਿਤਾ ਸਿੰਘ ਸਿਵਲ ਸਰਜਨ

ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਦੇ ਰੰਗਲਾ ਪੰਜਾਬ ਬਣਾਉਣ ਦੇ ਸੁਪਣੇ ਨੂੰ ਸਾਕਾਰ ਕਰਨ ਅਤੇ ਸੂਬੇ ਵਿੱਚੋਂ ਨਸ਼ੇ ਦੀ ਅਲਾਮਤ ਨੂੰ ਜੜੋਂ ਖਤਮ ਕਰਨ ਦੇ ਉਦੇਸ਼ ਨਾਲ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਫਾਜਿਲਕਾ ਸ੍ਰੀਮਤੀ ਅਮਰਪ੍ਰੀਤ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾ ਅਧੀਨ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਨਸ਼ੇ ਤੋਂ ਬਚਣ ਲਈ ਜਾਗਰੂਕਤਾ ਸਮਾਗਮ ਕੀਤੇ ਜਾ ਰਹੇ ਹਨ ਅਤੇ ਨਸ਼ੇ ਦੇ ਆਦੀ ਵਿਅਕਤੀਆਂ ਦਾ ਨਸ਼ਾ ਛੁਡਾਇਆ ਜਾ ਰਿਹਾ ਹੈ ।

ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਡਾ ਕਵਿਤਾ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਫਾਜਿਲਕਾ ਵੱਲੋਂ ਸਿਵਲ ਹਸਪਤਾਲ ਫਾਜਿਲਕਾ ਅਤੇ ਅਬੋਹਰ ਵਿਖੇ ਨਸ਼ਾ ਛੁਡਾਉ ਕੇਂਦਰ ਸਥਾਪਤ ਕੀਤੇ ਗਏ ਹਨ, ਜਿੱਥੇ ਨਸ਼ਾ ਪੀੜਤ ਵਿਅਕਤੀਆਂ ਨੂੰ ਦਾਖਲ ਕਰਕੇ ਮਾਹਿਰ ਡਾਕਟਰਾਂ ਦੀ ਨਿਗਰਾਨੀ ਵਿਚ ਬਿਨਾ ਤਕਲੀਫ ਤੋਂ ਅਤੇ ਬਿਲਕੁਲ ਮੁਫਤ ਨਸ਼ਾ ਛੁਡਵਾਇਆ ਜਾਂਦਾ ਹੈ। ਇਹਨਾਂ ਨਸ਼ਾ ਛੁਡਾਉ ਕੇਂਦਰਾਂ ਵਿਚ ਸਾਰੀਆਂ ਦਵਾਈਆਂ ਅਤੇ ਟੈਸਟ ਮੁਫਤ ਕੀਤੇ ਜਾਂਦੇ ਹਨ। ਕੋਈ ਵੀ ਨਸ਼ਾ ਪੀੜਤ ਵਿਅਕਤੀ 5 ਤੋਂ 15 ਦਿਨ ਤੱਕ ਇੱਥੇ ਦਾਖਲ ਹੋਣ ਤੋਂ ਬਾਅਦ ਡਾਕਟਰ ਦੀ ਸਲਾਹ ਅਨੁਸਾਰ ਦਵਾਈਆਂ ਲੈ ਕੇ ਘਰ ਵਿਚ ਰਹਿ ਕੇ ਨਸ਼ਾ ਛੱਡ ਸਕਦਾ ਹੈ ਜਾਂ ਉਹ ਵਿਅਕਤੀ ਪੁਨਰਵਾਸ ਕੇਂਦਰ ਜੱਟਵਾਲੀ ਵਿਖੇ ਦਾਖਲ ਹੋ ਸਕਦਾ ਹੈ, ਜਿੱਥੇ ਕੇ ਉਸਨੂੰ ਲੋੜੀਂਦੀ ਮੈਡੀਕਲ ਸਹਾਇਤਾ ਦੇ ਨਾਲ ਹੀ ਸਮੇਂ-ਸਮੇਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਿੱਤਾ ਮੁਖੀ ਰੋਜਗਾਰ ਵੱਲ ਵੀ ਪ੍ਰੇਰਿਤ ਕੀਤਾ ਜਾਂਦਾ ਹੈ। 2 ਤੋਂ 6 ਮਹੀਨੇ ਤੱਕ ਵਿਅਕਤੀ ਇੱਥੇ ਰਹਿ ਸਕਦਾ ਹੈ, ਜਿੱਥੇ ਕੇ ਮਾਹਿਰ ਕੋਂਸਲਰਾਂ ਵਲੋਂ ਉਨ੍ਹਾਂ ਦੀ ਰੋਜਾਨਾ ਕਾਊਂਲੰਗ ਕੀਤੀ ਜਾਂਦੀ ਹੈ ਤਾਂ ਜੋ ਉਹ ਦੁਬਾਰਾ ਨਸ਼ਾ ਨਾ ਕਰਨ। ਉਹਨਾਂ ਕਿਹਾ ਕਿ ਜਿਲ੍ਹੇ ਵਿੱਚ ਨਸ਼ਾ ਰੋਗੀਆਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਹਿਰ ਡਾਕਟਰ ਦੀ ਸਹਾਇਤਾ ਨਾਲ ਨਸ਼ੇ ਦਾ ਆਦੀ ਕੋਈ ਵੀ ਵਿਅਕਤੀ ਜੋ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਦਾ ਹੋਵੇ, ਬਿਨਾ ਤਕਲੀਫ ਤੋਂ ਨਸ਼ਾ ਛੱਡ ਸਕਦਾ ਹੈ।

ਡਿਪਟੀ ਮੈਡੀਕਲ ਕਮਿਸ਼ਨਰ ਡਾ. ਏਰਿਕ ਨੇ ਦੱਸਿਆ ਕਿ ਜਿਹੜੇ ਵਿਅਕਤੀ ਹਸਪਤਾਲਾਂ ਵਿਚ ਦਾਖਲ ਹੋ ਕੇ ਨਸ਼ਾ ਨਹੀ ਛੱਡ ਸਕਦੇ ਉਨ੍ਹਾਂ ਲਈ  ਪੰਜਾਬ ਸਰਕਾਰ ਵਲੋਂ ਜਿਲ੍ਹੇ ਵਿਚ 10 ਓਟ ਸੈਂਟਰ ਚੱਲ ਰਹੇ ਹਨ ਜਿੱਥੇ ਕਿ ਨਸ਼ਾ ਪੀੜਤ ਵਿਅਕਤੀਆਂ ਨੂੰ ਬਿਨਾ ਦਾਖਲ ਕੀਤੇ ਨਸ਼ਾ ਛੱਡਣ ਲਈ ਮੁਫਤ ਦਵਾਈ ਦਿੱਤੀ ਜਾਂਦੀ ਹੈ। ਇਹ ਓਟ ਸੈਂਟਰ ਅਬੋਹਰ, ਫਾਜ਼ਿਲਕਾ, ਸੀਤੋ ਗੂੰਨੋ, ਜਲਾਲਾਬਾਦ, ਖੂਈ ਖੇੜਾ, ਡੱਬਵਾਲਾ ਕਲਾਂ, ਜੰਡਵਾਲਾ ਭੀਮੇਸ਼ਾਹ, ਕਰਨੀ ਖੇੜਾ, ਵਹਾਬਵਾਲਾ ਦੀਆਂ ਸਿਹਤ ਸੰਸਥਾਂਵਾਂ ਅਤੇ ਜ਼ਿਲ੍ਹਾ ਜ਼ੇਲ ਫਾਜ਼ਿਲਕਾ ਵਿੱਚ ਚੱਲ ਰਹੇ ਹਨ। ਇਸ ਤੋਂ ਇਲਾਵਾ 02 ਸਰਕਾਰੀ ਅਤੇ 04 ਪ੍ਰਾਈਵੇਟ ਨਸ਼ਾ ਮੁਕਤੀ ਕੇਂਦਰ ਅਤੇ 01 ਪੁਨਰਵਾਸ ਕੇਂਦਰ ਚਲਾਏ ਜਾ ਰਹੇ ਹਨ।

ਜਨਵਰੀ 2026 ਤੋਂ ਹੁਣ ਤੱਕ ਨਸ਼ਾ ਛੱਡਣ ਦੇ ਚਾਹਵਾਨ 5076 ਲੋਕਾਂ ਦੀ ਰਜਿਸਟਰੇਸ਼ਨ ਕੀਤੀ ਗਈ। ਇਸ ਦੇ ਨਾਲ ਹੀ 879 ਮਰੀਜਾਂ ਨੂੰ ਪੁਨਰਵਾਸ ਕੇਂਦਰ ਵਿਖੇ ਦਾਖਲ ਕਰਕੇ ਨਸ਼ਿਆਂ ਦੇ ਦਲਦਲ ਤੋਂ ਬਾਹਰ ਕੱਢਿਆ ਗਿਆ। ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਵਿਖੇ 22043 ਨਸ਼ਾ ਪੀੜਿਤਾਂ ਨੂੰ ਇਲਾਜ਼ ਉਪਲੱਬਧ ਕਰਵਾਇਆ ਗਿਆ। ਇਹਨਾਂ ਕੇਂਦਰਾਂ ਵਿਖੇ 437 ਮਰੀਜਾਂ ਨੂੰ ਦਾਖਲ ਕਰਕੇ ਨਸ਼ਿਆਂ ਦੇ ਪ੍ਰਭਾਵ ਤੋਂ ਦੂਰ ਕਰਕੇ ਮੁੜ ਸਮਾਜ ਵਿੱਚ ਵਿਚਰਨ ਯੋਗ ਬਣਾਉਣ ਦੇ ਉਪਰਾਲੇ ਕੀਤੇ ਗਏ।

 ਅਧਿਕਾਰੀਆਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦਾ ਪੂਰਾ ਧਿਆਨ ਰੱਖਣ ਉਹਨਾਂ ਦੀ ਸੁਸਾਇਟੀ ਅਤੇ ਸੰਗਤੀ ਦਾ ਪੂਰਨ ਧਿਆਨ ਰੱਖਣ ਅਤੇ ਬੱਚਿਆਂ ਵਿੱਚ ਆ ਰਹੇ ਵਿਵਹਾਰਕ ਬਦਲਾਵਾਂ ਬਾਰੇ ਉਹਨਾਂ ਦੇ ਅਧਿਆਪਿਕਾਂ ਨਾਲ ਗੱਲਬਾਤ ਕਰਦੇ ਰਹਿਣ ਲਈ ਕਿਹਾ। ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰੋ ਅਤੇ ਉਹਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰੋ। ਨਸ਼ੇ ਵੇਚਣ ਵਾਲੇ ਸਮਾਜ ਵਿਰੋਧੀ ਅਨਸਰਾਂ ਬਾਰੇ ਪੁਲਿਸ ਜਾਂ ਜਿਲ੍ਹਾ ਪ੍ਰਸ਼ਾਸ਼ਣ ਨੂੰ ਸੂਚਿਤ ਕਰੋ।

Leave a Reply

Your email address will not be published. Required fields are marked *