ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ ਦੀ ਅਗਵਾਈ ਹੇਠ ਚੱਲ ਰਹੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.)-2026 ਮੁਹਿੰਮ ਨੂੰ ਲੈ ਕੇ ਉਪ ਮੰਡਲ ਮੈਜਿਸਟ੍ਰੇਟ ਅਬੋਹਰ ਸ. ਕਿਰਪਾਲ ਵੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਧਾਨ ਸਭਾ ਹਲਕਾ 81-ਅਬੋਹਰ ‘ਚ ਵੋਟਰ ਜਾਗਰੂਕਤਾ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ।

ਇਸ ਮੁਹਿੰਮ ਤਹਿਤ ਅਬੋਹਰ ਸਵੀਪ ਟੀਮ ਦੇ ਨੋਡਲ ਅਫ਼ਸਰ ਅਜੇ ਕੁਮਾਰ ਨੇ ਆਪਣੀ ਟੀਮ ਸਮੇਤ ਅਜ਼ੀਮਗੜ੍ਹ ਅਤੇ ਅਬੋਹਰ ਸ਼ਹਿਰ ਦੇ ਵੱਖ-ਵੱਖ ਵਾਰਡਾਂ ‘ਚ ਡੋਰ-ਟੂ-ਡੋਰ ਸੰਪਰਕ ਕੀਤਾ। ਟੀਮ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਅਜ਼ੀਮਗੜ੍ਹ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਨੰ. 1, ਅਬੋਹਰ ਵਿਖੇ ਵਿਸ਼ੇਸ਼ ਕੈਂਪ ਲਗਾ ਕੇ ਵੋਟਰਾਂ ਨੂੰ ਐਸ.ਆਈ.ਆਰ.-2026 ਦੀ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਨੋਡਲ ਅਫ਼ਸਰ ਅਜੇ ਕੁਮਾਰ ਨੇ ਦੱਸਿਆ ਕਿ ਬੂਥ ਲੈਵਲ ਅਫ਼ਸਰਾਂ (ਬੀ.ਐਲ.ਓ.) ਵੱਲੋਂ ਹਰ ਘਰ ਜਾ ਕੇ ਵੋਟਰਾਂ ਦੀ ਸਵੈ-ਤਸਦੀਕ ਲਈ ਗਣਨਾ ਫਾਰਮ ਵੰਡੇ ਜਾ ਰਹੇ ਹਨ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਫਾਰਮ ‘ਚ ਨਾਮ, ਪਿਤਾ/ਪਤੀ ਦਾ ਨਾਮ, ਉਮਰ, ਪਤਾ, ਮੋਬਾਈਲ ਨੰਬਰ ਅਤੇ ਆਧਾਰ ਨੰਬਰ ਸਹੀ-ਸਹੀ ਦਰਜ ਕਰਕੇ ਆਧਾਰ ਕਾਰਡ, ਜਨਮ ਮਿਤੀ ਅਤੇ ਨਿਵਾਸ ਦੇ ਸਬੂਤ ਨਾਲ 7 ਦਿਨਾਂ ਅੰਦਰ ਬੀ.ਐਲ.ਓ. ਕੋਲ ਜਮ੍ਹਾਂ ਕਰਵਾਉਣ।

ਉਨ੍ਹਾਂ ਕਿਹਾ ਕਿ 1 ਜਨਵਰੀ 2026 ਨੂੰ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਨੌਜਵਾਨ ਫਾਰਮ ਨੰ. 6 ਰਾਹੀਂ ਨਵੀਂ ਵੋਟ ਬਣਵਾ ਸਕਦੇ ਹਨ, ਜਦਕਿ ਸੋਧ ਲਈ ਫਾਰਮ ਨੰ. 8 ਅਤੇ ਨਾਮ ਕਟਵਾਉਣ ਲਈ ਫਾਰਮ ਨੰ. 7 ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸ਼ੁੱਧ ਵੋਟਰ ਸੂਚੀ ਮਜ਼ਬੂਤ ਲੋਕਤੰਤਰ ਦੀ ਨੀਂਹ ਹੈ, ਇਸ ਲਈ ਕੋਈ ਵੀ ਯੋਗ ਵੋਟਰ ਵਾਂਝਾ ਨਾ ਰਹੇ।
ਇਸ ਮੌਕੇ ਸਵੀਪ ਟੀਮ ਮੈਂਬਰ ਅਭਿਜੀਤ ਵਧਵਾ, ਮਹਾਵੀਰ, ਰਾਮ ਕੁਮਾਰ ਅਤੇ ਮਨੋਜ ਕੁਮਾਰ ਵੀ ਹਾਜ਼ਰ ਸਨ।