ਪੰਜਾਬ ਵਿਜੀਲੈਂਸ ਬਿਊਰੋ (VB) ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਪਣਾਈ ਗਈ ਜ਼ੀਰੋ ਟਾਲਰੈਂਸ ਨੀਤੀ ਦੇ ਅਨੁਸਾਰ, ਸਰਕਲ ਕਾਠਗੜ੍ਹ, ਤਹਿਸੀਲ ਬਲਾਚੌਰ, ਜ਼ਿਲ੍ਹਾ ਐਸਬੀਐਸ ਨਗਰ ਵਿਖੇ ਤਾਇਨਾਤ ਕਾਨੂੰਨਗੋ ਰਮਨ ਕੁਮਾਰ ਨੂੰ 33,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਹੈ।
ਅੱਜ ਇੱਥੇ ਇਹ ਪ੍ਰਗਟਾਵਾ ਕਰਦਿਆਂ ਸੂਬੇ ਦੇ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀ ਮੁੱਖ ਮੰਤਰੀ ਦੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ਪੋਰਟਲ ‘ਤੇ ਐਸਬੀਐਸ ਨਗਰ ਦੇ ਇੱਕ ਨਿਵਾਸੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ।
ਇਸ ਸ਼ਿਕਾਇਤ ਦੀ ਪੜਤਾਲ ਦੌਰਾਨ, ਇਹ ਪਾਇਆ ਗਿਆ ਕਿ ਮਾਣਯੋਗ ਅਦਾਲਤ ਨੇ ਸ਼ਿਕਾਇਤਕਰਤਾ ਦੀ ਜ਼ਮੀਨ ਦੀ ਹੱਦਬੰਦੀ ਦਾ ਹੁਕਮ ਦਿੱਤਾ ਸੀ, ਜੋ ਕਿ ਦੋਸ਼ੀ ਰਮਨ ਕੁਮਾਰ ਨੂੰ ਸੌਂਪੀ ਗਈ ਸੀ। ਉਸਨੇ ਕੰਮ ਨੂੰ ਗੁੰਝਲਦਾਰ ਦੱਸਿਆ ਅਤੇ 80,000/- ਰੁਪਏ ਰਿਸ਼ਵਤ ਵਜੋਂ ਮੰਗੇ। ਇਸ ਵਿੱਚੋਂ, ਸ਼ਿਕਾਇਤਕਰਤਾ ਤੋਂ 33,000/- ਰੁਪਏ (15,000/- ਰੁਪਏ ਨਕਦ ਅਤੇ 18,000/- ਰੁਪਏ ਔਨਲਾਈਨ/QR ਕੋਡ ਰਾਹੀਂ) ਰਿਸ਼ਵਤ ਵਜੋਂ ਲਏ ਗਏ।
ਰਿਸ਼ਵਤ ਨਾਲ ਸਬੰਧਤ ਆਡੀਓ ਰਿਕਾਰਡਿੰਗ, ਔਨਲਾਈਨ ਲੈਣ-ਦੇਣ ਦੇ ਵੇਰਵਿਆਂ ਅਤੇ ਹੋਰ ਸੰਬੰਧਿਤ ਸਬੂਤਾਂ ਦੇ ਨਾਲ ਉਪਲਬਧ ਹੈ।
ਇਸ ਸਬੰਧ ਵਿੱਚ, ਮੁਲਜ਼ਮ ਵਿਰੁੱਧ ਵਿਜੀਲੈਂਸ ਬਿਓਰੋ ਦੇ ਥਾਣਾ ਜਲੰਧਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
