ਪੰਜਾਬ ਵਿਜੀਲੈਂਸ ਬਿਊਰੋ (VB) ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਚੱਲ ਰਹੀ ਮੁਹਿੰਮ ਦੌਰਾਨ PSPCL ਦਫ਼ਤਰ ਲੁਧਿਆਣਾ ਵਿੱਚ ਤਾਇਨਾਤ SDO ਜਸਕੰਵਰਪ੍ਰੀਤ ਸਿੰਘ, SDO ਸ਼੍ਰੁਤੀ ਸ਼ਰਮਾ ਅਤੇ ਕਲਰਕ ਆਸ਼ੂ ਨੂੰ 10,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀ ਪ੍ਰਿੰਸ ਨਿਝਾਵਨ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਸੋਲਰ ਸਿਸਟਮ ਲਗਾਉਣ ਦਾ ਕੰਮ ਕਰਦਾ ਹੈ। ਉਸ ਨੇ ਦੋ ਵੱਖ-ਵੱਖ ਥਾਵਾਂ ‘ਤੇ ਸੋਲਰ ਸਿਸਟਮ ਲਗਾਏ ਸਨ। PSPCL ਵੱਲੋਂ ਇਨ੍ਹਾਂ ਸੋਲਰ ਸਿਸਟਮਾਂ ਦੀ ਜਾਂਚ ਕਰਕੇ ਮੀਟਰ ਲਗਾਉਣੇ ਸਨ। ਇਸ ਕੰਮ ਲਈ ਮੁਲਜ਼ਮ SDO ਜਸਕੰਵਰਪ੍ਰੀਤ ਸਿੰਘ, SDO ਸ਼੍ਰੁਤੀ ਸ਼ਰਮਾ ਅਤੇ ਕਲਰਕ ਆਸ਼ੂ ਨੇ ਜਾਂਚ ਅਤੇ ਅੰਦਾਜ਼ਾ ਰਿਪੋਰਟ ਤਿਆਰ ਕਰਨ ਦੇ ਬਦਲੇ ਹਰ ਫਾਈਲ ਲਈ 10,000 ਰੁਪਏ, ਕੁੱਲ 20,000 ਰੁਪਏ ਰਿਸ਼ਵਤ ਦੀ ਮੰਗ ਕੀਤੀ।
ਰਿਸ਼ਵਤ ਨਾ ਦੇਣ ਦੀ ਇੱਛਾ ਰੱਖਦੇ ਹੋਏ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਦੇ ਆਰਥਿਕ ਅਪਰਾਧ ਵਿੰਗ, ਲੁਧਿਆਣਾ ਨਾਲ ਸੰਪਰਕ ਕੀਤਾ। ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ VB ਟੀਮ ਨੇ ਜਾਲ ਵਿਛਾਇਆ ਅਤੇ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਮੁਲਜ਼ਮਾਂ ਨੂੰ 10,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ।
ਇਸ ਮਾਮਲੇ ਵਿੱਚ ਮੁਲਜ਼ਮਾਂ ਖ਼ਿਲਾਫ਼ ਵਿਜੀਲੈਂਸ ਬਿਊਰੋ ਆਰਥਿਕ ਅਪਰਾਧ ਵਿੰਗ, ਲੁਧਿਆਣਾ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।
