ਵਧੀਕ ਡਿਪਟੀ ਕਮਿਸ਼ਨਰ (ਜਨ.)-ਕਮ-ਜ਼ਿਲ੍ਹਾ ਸੈਂਸਜ਼ ਅਫਸਰ ਡਾ. ਮਨਦੀਪ ਕੌਰ ਦੀ ਪ੍ਰਧਾਨਗੀ ਹੇਠ ਜਨਗਣਨਾ 2027 ਦੇ ਸਫਲ ਆਯੋਜਨ ਲਈ ਜ਼ਿਲ੍ਹਾ ਫਾਜ਼ਿਲਕਾ ਵਿੱਚ ਦੂਜੇ ਫੇਜ਼ ਤਹਿਤ ਦੋ ਦਿਨਾਂ ਵਿਸ਼ੇਸ਼ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਜ਼ਿਲ੍ਹੇ ਨਾਲ ਸਬੰਧਤ ਚਾਰਜ ਅਫ਼ਸਰਾਂ ਅਤੇ ਟੈਕਨੀਕਲ ਅਸਿਸਟੈਂਟਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸੈਂਸਜ਼ ਵਿਭਾਗ ਪੰਜਾਬ ਚੰਡੀਗੜ੍ਹ ਦੇ ਜੁਆਇੰਟ ਡਾਇਰੈਕਟਰ ਸ਼੍ਰੀ ਆਰ.ਪੀ.ਸਿੰਘ ਅਤੇ ਜ਼ਿਲ੍ਹਾ ਕੋਆਰਡੀਨੇਟਰ ਫਾਜ਼ਿਲਕਾ ਸ਼੍ਰੀ ਕਾਰਤਿਕ ਆਰਿਆ ਅਤੇ ਬਿਮਲ ਕੁਮਾਰ (ਜੇ.ਈ) ਵੀ ਮੌਜੂਦ ਸਨ।
ਜੁਆਇੰਟ ਡਾਇਰੈਕਟਰ ਸੈਂਸਜ਼ ਵਿਭਾਗ ਪੰਜਾਬ ਚੰਡੀਗੜ੍ਹ ਸ਼੍ਰੀ ਆਰ.ਪੀ.ਸਿੰਘ ਅਤੇ ਜ਼ਿਲ੍ਹਾ ਕੋਆਰਡੀਨੇਟਰ ਫਾਜ਼ਿਲਕਾ ਸ਼੍ਰੀ ਕਾਰਤਿਕ ਆਰਿਆ ਅਤੇ ਬਿਮਲ ਕੁਮਾਰ (ਜੇ.ਈ) ਵੱਲੋਂ ਜਨਗਣਨਾ 2027 ਸਬੰਧੀ ਵੱਖ-ਵੱਖ ਤਕਨੀਕੀ ਅਤੇ ਪ੍ਰਸ਼ਾਸਕੀ ਪੱਖਾਂ ਬਾਰੇ ਵਿਸਥਾਰਪੂਰਵਕ ਟ੍ਰੇਨਿੰਗ ਦਿੱਤੀ ਗਈ।
ਟ੍ਰੇਨਿੰਗ ਦੌਰਾਨ ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਵਿੱਚ ਅਬਾਦੀ ਦੀ ਗਣਨਾ 01 ਦਸੰਬਰ 2026 ਤੋਂ 04 ਜਨਵਰੀ 2027 ਤੱਕ ਕੀਤੀ ਜਾਵੇਗੀ ਅਤੇ 04 ਜਨਵਰੀ 2027 ਸ਼ਾਮ 06 ਵਜੇ ਤੋਂ ਰਾਤ 12 ਵਜੇ ਤੱਕ ਬੇਘਰੇ ਲੋਕਾਂ ਦੀ ਗਣਨਾ ਕੀਤੀ ਜਾਵੇਗਾ ਅਤੇ ਸੈਲਫ਼-ਇਨਯੂਮਰੇਸ਼ਨ ਦੀ ਸੁਵਿਧਾ ਵੀ ਪਹਿਲੇ ਫੇਜ ਦੀ ਤਰ੍ਹਾਂ ਉਪਲਬਧ ਰਹੇਗੀ। ਜਨਗਣਨਾ ਦੀ ਪੂਰੀ ਕਾਰਵਾਈ ਡਿਜੀਟਲ ਮੋਡ ਰਾਹੀਂ ਸੰਪੰਨ ਕਰਵਾਈ ਜਾਵੇਗੀ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ 16 ਨਵੰਬਰ ਤੋਂ 30 ਨਵੰਬਰ 2026 ਤੱਕ 15 ਦਿਨ ਲਈ ਪੋਰਟਲ ਖੋਲ੍ਹਿਆ ਜਾਵੇਗਾ, ਜਿਸ ਰਾਹੀਂ ਹਰ ਵਿਅਕਤੀ ਆਪਣੇ ਪਰਿਵਾਰ ਦੀ ਜਾਣਕਾਰੀ ਖੁਦ ਆਨਲਾਈਨ ਦਰਜ ਕਰ ਸਕੇਗਾ।
ਵਧੀਕ ਡਿਪਟੀ ਕਮਿਸ਼ਨਰ ਡਾ. ਮਨਦੀਪ ਕੌਰ ਨੇ ਮੀਟਿੰਗ ਵਿੱਚ ਮੌਜੂਦ ਸਮੂਹ ਉੱਪ ਮੰਡਲ ਮੈਜਿਸਟ੍ਰੇਟ, ਚਾਰਜ ਅਫ਼ਸਰਾਂ, ਤਹਿਸੀਲਦਾਰਾਂ, ਕਾਰਜ ਸਾਧਕ ਅਫ਼ਸਰਾਂ ਅਤੇ ਟੈਕਨੀਕਲ ਅਸਿਸਟੈਂਟਾਂ ਨੂੰ ਹਦਾਇਤ ਕੀਤੀ ਕਿ ਜਨਗਣਨਾ 2027 ਦੇ ਕੰਮ ਵਿੱਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਨਾ ਵਰਤੀ ਜਾਵੇ ਅਤੇ ਸਾਰੀਆਂ ਡਿਊਟੀਆਂ ਪੂਰੀ ਨਿਸ਼ਠਾ, ਜਿੰਮੇਵਾਰੀ ਅਤੇ ਸਮੇਂ-ਸਿਰ ਨਿਭਾਈਆਂ ਜਾਣ।
ਇਸ ਮੌਕੇ ਲਖਵਿੰਦਰ ਸਿੰਘ ਡਿਪਟੀ ਈ.ਐਸ.ਏ-ਕਮ-ਵਧੀਕ ਜ਼ਿਲ੍ਹਾ ਸੈਂਸਜ਼ ਅਫਸਰ ,ਅਮਨ ਗਿਰਧਰ, ਸੁਰਿੰਦਰ ਕੰਬੋਜ,ਰਾਕੇਸ਼, ਜ਼ਿਲ੍ਹਾ ਸੈਂਸਜ਼ ਸੈਲ ਤੋਂ ਵਿਵੇਕ ਕਟਾਰੀਆ, ਅਸ਼ੀਸ਼ ਗੁੰਬਰ, ਵਰਿੰਦਰ ਨਾਰੰਗ ਹਾਜ਼ਰ ਸਨ।